ਬਠਿੰਡਾ: ਭਾਜਪਾ ਦੇ ਟੈਂਟ ਪੁੱਟਣ ਵਾਲੇ ‘ਅਣਪਛਾਤਿਆਂ’ ’ਤੇ ਪਰਚਾ ਦਰਜ

ਬਠਿੰਡਾ (ਸਮਾਜ ਵੀਕਲੀ) : ਬਠਿੰਡਾ ਪੁਲੀਸ ਨੇ 25 ਦਸੰਬਰ ਨੂੰ ਇਥੇ ਭਾਜਪਾ ਦੇ ਸਮਾਗਮ ’ਚ ਵਿਘਨ ਪਾਉਣ ਦੇ ਦੋਸ਼ਾਂ ਤਹਿਤ ਦੋ ਦਿਨਾਂ ਮਗਰੋਂ ਅੱਜ 30-40 ਨਾਮਾਲੂਮ ਪ੍ਰਦਰਸ਼ਨਕਾਰੀਆਂ ’ਤੇ 323, 427, 269, 270, 148, 149, 188, 120ਬੀ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। 26 ਦਸੰਬਰ ਨੂੰ ਬਠਿੰਡਾ ਫੇਰੀ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਆਖਿਆ ਸੀ ਕਿ ਕਿਸਾਨੀ ਮੁੱਦੇ ਦੇ ਪਰਦੇ ਪਿੱਛੇ ਗੁੰਡਾਗਰਦੀ ਹੋਈ।

ਅਜਿਹਾ ਕਰਨ ਵਾਲੇ ਕਿਸਾਨ ਨਹੀਂ ਹੋ ਸਕਦੇ। ਘਟਨਾ ਲਈ ਪੰਜਾਬ ਸਰਕਾਰ ਅਤੇ ਪੁਲੀਸ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਸੀ ਕਿ ‘ਭਾਜਪਾ ਵਰਕਰਾਂ ’ਤੇ ਹਮਲਾ ਕਰਨ ਵਾਲਿਆਂ ਉੱਪਰ ਕਾਨੂੰਨੀ ਕਾਰਵਾਈ ਕਰਵਾ ਕੇ ਹੀ ਮੈਂ ਬਠਿੰਡੇ ’ਚੋਂ ਜਾਵਾਂਗਾ।’ ਖਾਸ ਗੱਲ ਰਹੀ ਕਿ ਅਸ਼ਵਨੀ ਸ਼ਰਮਾ ਕਰੀਬ ਅੱਧੀ ਰਾਤ ਨੂੰ ਬਠਿੰਡਾ ਤੋਂ ਅਗਲੀ ਮੰਜ਼ਿਲ ਲਈ ਰਵਾਨਾ ਹੋਏ।

ਥਾਣਾ ਕੋਤਵਾਲੀ ’ਚ ਐੱਸਐੱਚਓ ਦਵਿੰਦਰ ਸਿੰਘ ਵੱਲੋਂ ਦਰਜ ਪਰਚੇ ਕਿਹਾ ਗਿਆ ਹੈ ਕਿ ਭਾਜਪਾ ਦੇ ਜ਼ਿਲਾ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਦੀ ਅਗਵਾਈ ਵਿਚ ਉੜਾਂਗ ਸਿਨਮੇ ਦੇ ਸਾਹਮਣੇ 20-25 ਵਰਕਰ ਟੈਂਟ ਵਿਚ ਮਰਹੂਮ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਜਨਮ ਦਿਨ ਮਨਾ ਰਹੇ ਸਨ। ਇਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਨਲਾਈਨ ਭਾਜਪਾ ਵਰਕਰਾਂ ਨੂੰ ਸੰਬੋਧਨ ਕੀਤਾ ਜਾਣਾ ਸੀ। ਇਸ ਦੌਰਾਨ ਕਿਸਾਨ ਅਤੇ ਹੋਰ ਜਥੇਬੰਦੀਆਂ ਦੇ ਮਰਦ-ਔਰਤਾਂ ਮਾਨ ਪੈਟਰੋਲ ਪੰਪ ਤਰਫ਼ੋਂ ਆਏ।

ਇਨ੍ਹਾਂ ਨੂੰ ਰੋਕਣ ਦੀ ਪੁਲੀਸ ਨੇ ਕਾਫ਼ੀ ਕੋਸ਼ਿਸ਼ ਕੀਤੀ ਪਰ ਉਹ ਬੈਰੀਕੇਡ ਤੋੜ ਕੇ ਭਾਜਪਾ ਦੇ ਸਮਾਗਮ ਵਾਲੇ ਟੈਂਟ ਵੱਲ ਵਧੇ। ਇਥੇ ਭਾਜਪਾ ਦੇ ਜੋ ਵਰਕਰ ਬੈਠੇ ਸਨ, ਉਹ ਭੱਜ ਗਏ। ਭੱਜ-ਦੌੜ ਦੌਰਾਨ ਭਾਜਪਾ ਵਰਕਰ ਰਵਿੰਦਰ ਸਿੰਘ ਪੁੱਤਰ ਓਮ ਪ੍ਰਕਾਸ਼ ਅਗਰਵਾਲ ਦੇ ਸੜਕ ’ਤੇ ਡਿੱਗਣ ਕਾਰਨ ਸੱਟਾਂ ਲੱਗੀਆਂ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਟੈਂਟ ਅਤੇ ਕੁਰਸੀਆਂ ਦੀ ਭੰਨਤੋੜ ਵੀ ਕੀਤੀ।

Previous articleਮੋਦੀ ਦੇ ਮਨ ਕੀ ਬਾਤ ਮੌਕੇ ਕਿਸਾਨਾਂ ਨੇ ਭਾਂਡੇ ਖੜਕਾ ਕੇ ਕੀਤਾ ਵਿਰੋਧ
Next articleਦੇਸ਼ ’ਚ ਕਰੋਨਾ ਦੇ 18732 ਨਵੇਂ ਮਾਮਲੇ, ਪੰਜਾਬ ਵਿੱਚ ਮੌਤਾਂ ਦੀ ਕੁੱਲ ਗਿਣਤੀ 5281