ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਅੱਜ ਛੁੱਟੀ ਵਾਲੇ ਦਿਨ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਪਟਾਰੀ ਖੋਲ੍ਹ ਦਿੱਤੀ। ਸ਼ਹਿਰ ਦੇ ਵਿਕਾਸ ਕਾਰਜਾਂ ਲਈ ਸੀਵਰੇਜ ਪ੍ਰਾਜੈਕਟ ਸਣੇ ਛੱਪੜਾਂ ਦੀ ਕਾਇਆ ਕਲਪ ਤੋਂ ਲੈ ਕੇ ਸ਼ਹਿਰ ਵਿਚ ਆਵਾਰਾ ਪਸ਼ੂਆਂ ਅਤੇ ਹੱਡਾ ਰੋੜੀ ਦੀ ਸਮੱਸਿਆ ਦਾ ਹੱਲ ਕੱਢਣ ਵਰਗੇ ਮੁੱਦੇ ਸ਼ਾਮਲ ਹਨ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਨਹਿਰੋਂ ਪਾਰ ਕਲੋਨੀਆਂ ਦੇ ਸੀਵਰੇਜ ਲਈ ਟਰਾਂਸਪੋਰਟ ਨਗਰ ਤੋਂ ਸੀਵਰੇਜ ਪਾਈਪ ਚੰਦ ਭਾਨ ਡਰੇਨ ਤੱਕ ਪਾਈ ਜਾਵੇਗੀ, ਜਿਸ ’ਤੇ 14 ਕਰੋੜ 69 ਲੱਖ ਰੁਪਏ ਖ਼ਰਚੇ ਜਾਣਗੇ। ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਨਗਰ ਤੋਂ ਡੱਬਵਾਲੀ ਰੋਡ ’ਤੇ ਲੋਕ ਟਾਈਲ ਲਈ 46 ਲੱਖ ਖ਼ਰਚੇ ਜਾਣਗੇ। ਗੋਪਾਲ ਨਗਰ ਖੇਤਰ ਵਿਚ 39.43 ਲੱਖ ਖ਼ਰਚੇ ਜਾਣਗੇ ਅਤੇ 10 ਕਰੋੜ 83 ਲੱਖ ਰੁਪਏ ਸ਼ਹਿਰ ਦੇ ਸਟਰੀਟ ਲਾਈਟਾਂ ਸਮੇਤ ਪਾਰਕਾਂ ਦੀ ਸਾਂਭ ਸੰਭਾਲ ਲਈ ਖ਼ਰਚੇ ਜਾਣਗੇ। ਇਸ ਮੌਕੇ ਉਨ੍ਹਾਂ ਕਿਹਾ ਬਠਿੰਡਾ ਦੇ ਪਾਵਰ ਹਾਊਸ ਰੋਡ ਤੋਂ ਸਲੱਜ ਕੈਰੀਅਰ ਤੱਕ ਪਾਈਪ ਲਾਈਨ ਅਤੇ ਸ਼ਹਿਰ ਦੇ ਸੀਵਰੇਜ ਲਈ 20 ਕਰੋੜ 24 ਲੱਖ ਦੇ ਟੈਂਡਰ ਪਾਏ ਜਾਣਗੇ। ਉਨ੍ਹਾਂ ਕਿਹਾ ਕਿ ਸੰਜੇ ਨਗਰ ਟੋਭੇ ਦੀ ਕਾਇਆ ਕਲਪ ਕਰ ਕੇ ਉਸ ਦਾ ਸੁੰਦਰੀਕਰਨ ਕੀਤਾ ਜਾਵੇਗਾ ਅਤੇ ਸੈਰਗਾਹ ਬਣਾਈ ਜਾਵੇਗੀ। ਉਨ੍ਹਾਂ ਬਿਲਡਿੰਗਾਂ ਦੇ ਮਲਬੇ ਸਬੰਧੀ ਕਿਹਾ ਬਠਿੰਡਾ ਵਿਚ 61 ਪੁਅਇੰਟਾਂ ਦੀ ਨਿਸ਼ਾਨਦੇਹੀ ਕੀਤੀ ਗਈ। ਸ੍ਰੀ ਸ਼ੇਰਗਿੱਲ ਨੇ ਐਲਾਨ ਕੀਤਾ ਕਿ ਜਲਦੀ ਹੀ ਫਾਇਨਾਂਸ ਅਤੇ ਕੰਟਰੈਕਟ ਕਮੇਟੀ ਦੀ ਮੀਟਿੰਗ ਬਲਾਈਂ ਜਾਵੇਗੀ ਤਾਂ ਜੋ ਸ਼ਹਿਰ ਦਾ ਕੋਈ ਕੰਮ ਰੁਕੇ ਨਾ।