* ਥਰਮਲ ਪਲਾਂਟ ’ਚੋਂ ਮੁਲਾਜ਼ਮਾਂ ਦੇ ਤਬਾਦਲੇ ਸ਼ੁਰੂ
* ਚਾਰੋਂ ਯੂਨਿਟਾਂ ਦੀ ਹੋਵੇਗੀ ਵਿਕਰੀ
* ਕੋਲਾ ਪਲਾਂਟ ਦੇ ਸਕਰੈਪ ਦਾ ਟੈਂਡਰ ਹੋਇਆ
ਪੰਜਾਬ ਸਰਕਾਰ ਨੇ ਥਰਮਲ ਪਲਾਂਟ ਨੂੰ ਬਠਿੰਡਾ ਦੇ ਨਕਸ਼ੇ ਤੋਂ ਮਿਟਾਏ ਜਾਣ ਦਾ ਮੁੱਢ ਬੱਝ ਦਿੱਤਾ ਹੈ। ਇੱਕ ਪਾਸੇ ਸੂਬੇ ਦੀ ਕਾਂਗਰਸ ਸਰਕਾਰ ਬਿਜਲੀ ਸਮਝੌਤਿਆਂ ’ਤੇ ‘ਵਾੲ੍ਹੀਟ ਪੇਪਰ’ ਲਿਆਉਣ ਦਾ ਐਲਾਨ ਕਰ ਰਹੀ ਹੈ ਤਾਂ ਦੂਜੇ ਪਾਸੇ ਠੀਕ ਉਸੇ ਵੇਲੇ ਬਠਿੰਡਾ ਥਰਮਲ ਦਾ ‘ਕਾਲਾ ਅਧਿਆਇ’ ਵੀ ਲਿਖ ਰਹੀ ਹੈ। ਉਂਜ ਤਾਂ ਪਹਿਲੀ ਜਨਵਰੀ, 2018 ਤੋਂ ਇਸ ਥਰਮਲ ਪਲਾਂਟ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਸੀ ਪਰ ਲੋਕਾਂ ਨੂੰ ਉਮੀਦ ਸੀ ਕਿ ਸਰਕਾਰ ਪਰਾਲੀ ਵਗੈਰਾ ਲਈ ਕੋਈ ਯੂਨਿਟ ਚਲਾਏਗੀ, ਜਿਸ ਨਾਲ ਇਹ ਵਿਰਾਸਤੀ ਨਿਸ਼ਾਨੀ ਬਚੀ ਰਹਿ ਜਾਵੇਗੀ।
ਹੁਣ ਨਵੇਂ ਵਰ੍ਹੇ ਤੋਂ ਸਰਕਾਰ ਨੇ ਬਠਿੰਡਾ ਥਰਮਲ ਵਿਚੋਂ ਅਸਾਮੀਆਂ ਤਬਦੀਲ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਥਰਮਲ ਦੇ ਕੋਲਾ ਪਲਾਂਟ ਨੂੰ ਸਕਰੈਪ ਵਿਚ ਵੇਚਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਹ ਦਿਨ ਵੀ ਦੂਰ ਨਹੀਂ ਜਦੋਂ ਥਰਮਲ ਦੀਆਂ ਚਿਮਨੀਆਂ ਨੂੰ ਵੀ ਹੱਥ ਪਾਇਆ ਜਾਵੇਗਾ। ਵੇਰਵਿਆਂ ਅਨੁਸਾਰ ਬਠਿੰਡਾ ਥਰਮਲ ਵਿਚ ਹੁਣ ਸਿਰਫ਼ 160 ਅਸਾਮੀਆਂ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਪਾਵਰਕੌਮ ਨੇ 20 ਦਸੰਬਰ ਤੋਂ ਲੈ ਕੇ ਹੁਣ ਤੱਕ 160 ਅਸਾਮੀਆਂ ਜਿਵੇਂ ਜੇ.ਈ, ਏ.ਐੱਲ. ਐੱਮ, ਲਾਈਨਮੈਨ, ਦਰਜਾ ਚਾਰ ਮੁਲਾਜ਼ਮ ਆਦਿ ਨੂੰ ਲਹਿਰਾ ਮੁਹੱਬਤ ਥਰਮਲ ਪਲਾਂਟ ਅਤੇ ਪੱਛਮੀ ਜ਼ੋਨ ਦੇ ਮੁੱਖ ਇੰਜਨੀਅਰ ਦੇ ਦਫਤਰ ਵਿਚ ਤਬਦੀਲ ਕਰ ਦਿੱਤਾ ਹੈ। ਪਾਵਰਕੌਮ ਆਏ ਦਿਨ ਬਠਿੰਡਾ ਥਰਮਲ ’ਚੋਂ ਮੁਲਾਜ਼ਮਾਂ ਦੇ ਤਬਾਦਲੇ ਕਰ ਰਿਹਾ ਹੈ। ਲੰਘੇ ਇੱਕ ਹਫ਼ਤੇ ਵਿਚ 45 ਮੁਲਾਜ਼ਮ ਲਹਿਰਾ ਮੁਹੱਬਤ ਭੇਜ ਦਿੱਤੇ ਗਏ ਹਨ। ਇਨ੍ਹਾਂ ਵਿਚ ਜ਼ਿਆਦਾਤਰ ਗੈਰ-ਹੁਨਰਮੰਦ ਕਾਮੇ ਹਨ। ਦਰਜਾ ਚਾਰ ਮੁਲਾਜ਼ਮ ਵੀ ਕਈ ਹਨ। ਬਠਿੰਡਾ ਥਰਮਲ ਦੀ ਰਿਹਾਇਸ਼ੀ ਕਲੋਨੀ ਦਾ ਚਾਰਜ ਵੀ ਹੁਣ ਪੱਛਮੀ ਜ਼ੋਨ ਦੇ ਮੁੱਖ ਇੰਜਨੀਅਰ ਨੂੰ ਦੇਣ ਬਾਰੇ ਵਿਚਾਰ ਹੋ ਰਿਹਾ ਹੈ। ਥਰਮਲ ਦੇ ਦੋ ਯੂਨਿਟਾਂ ਨੂੰ ਪਹਿਲਾਂ ਹੀ ਵਿਕਰੀ ’ਤੇ ਲਾ ਦਿੱਤਾ ਗਿਆ ਸੀ ਪ੍ਰੰਤੂ ਉਸ ਲਈ ਕੇਵਲ ਇੱਕ ਕਬਾੜੀਏ ਨੇ ਦਿਲਚਸਪੀ ਦਿਖਾਈ। ਪਾਵਰਕੌਮ ਹੁਣ ਚਾਰੇ ਯੂਨਿਟਾਂ ਨੂੰ ਵਿਕਰੀ ’ਤੇ ਲਾਏਗੀ, ਜਿਸ ਵਾਸਤੇ ਮੁੜ ਟੈਂਡਰ ਕੀਤੇ ਜਾਣੇ ਹਨ। ਉਸ ਤੋਂ ਪਹਿਲਾਂ ਕੋਲਾ ਪਲਾਂਟ ਦਾ ਕਰੀਬ 500 ਟਨ ਸਕਰੈਪ ਪ੍ਰਾਈਵੇਟ ਠੇਕੇਦਾਰ ਨੂੰ ਦੇ ਦਿੱਤਾ ਗਿਆ ਹੈ। ਚਾਰ ਬੁਆਇਲਰਾਂ ਨੂੰ ਵੇਚਣ ਦਾ ਕੰਮ ਵੀ ਪ੍ਰਕਿਰਿਆ ਅਧੀਨ ਹੈ। ਇਵੇਂ ਹੀ ਵੱਡੇ ਟਰਾਂਸਫਾਰਮਰ ਪਹਿਲਾਂ ਹੀ ਵੇਚੇ ਜਾ ਚੁੱਕੇ ਹਨ।
ਗੁਰੂ ਨਾਨਕ ਦੇਵ ਥਰਮਲ ਪਲਾਂਟ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਦਾ ਕਹਿਣਾ ਹੈ ਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਕਾਰਨ ਬਠਿੰਡਾ ਦਾ ਸਭ ਤੋਂ ਪੁਰਾਣਾ ਸਨਅਤੀ ਪ੍ਰੋਜੈਕਟ ਖ਼ਤਮ ਹੋਇਆ ਹੈ। ਉਨ੍ਹਾਂ ਆਖਿਆ ਕਿ ਥਰਮਲ ਦੀ ਸ਼ਿਫਟਿੰਗ ਇੰਜ ਲੱਗ ਰਹੀ ਹੈ ਜਿਵੇਂ ਜਿਵੇਂ ਸਰੀਰ ਦੇ ਅੰਗ ਵੱਢੇ ਜਾ ਰਹੇ ਹਨ।
ਪਾਵਰਕੌਮ ਦੀ ਐਂਪਲਾਈਜ਼ ਫੈਡਰੇਸ਼ਨ (ਪਹਿਲਵਾਨ) ਲਹਿਰਾ ਮੁਹੱਬਤ ਦੇ ਪ੍ਰਧਾਨ ਬਲਜੀਤ ਸਿੰਘ ਬੋਦੀਵਾਲਾ ਨੇ ਕਿਹਾ ਕਿ ਸਟਾਫ ਦੇ ਤਬਾਦਲੇ ਤੋਂ ਸਪੱਸ਼ਟ ਹੋ ਗਿਆ ਹੈ ਕਿ ਸਰਕਾਰ ਇਸ ਥਰਮਲ ਨੂੰ ਪਰਾਲੀ ’ਤੇ ਚਲਾਉਣ ਤੋਂ ਵੀ ਭੱਜ ਗਈ ਹੈ।
ਦੱਸਣਯੌਗ ਹੈ ਕਿ ਪਾਵਰਕੌਮ ਨੇ ਬਠਿੰਡਾ ਥਰਮਲ ਦੇ ਯੂਨਿਟ ਨੰਬਰ ਚਾਰ ਨੂੰ ਪਰਾਲੀ ਨਾਲ ਚਲਾਏ ਜਾਣ ਦੀ ਤਜਵੀਜ਼ ਸਰਕਾਰ ਨੂੰ ਭੇਜੀ ਸੀ ਪ੍ਰੰਤੂ ਪੰਜਾਬ ਸਰਕਾਰ ਨੇ ਕੋਈ ਹੁੰਗਾਰਾ ਨਹੀਂ ਭਰਿਆ।