ਦਸ ਸਾਲਾਂ ਦੌਰਾਨ ਪੰਜਾਬ ਦੀ ਸੱਤਾ ਸੰਭਾਲਣ ਵਾਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਨੇ ਸੂਬੇ ਦੇ ਨੌਜਵਾਨਾਂ ਦੀ ਪਿੱਠ ’ਚ ਛੁਰਾ ਮਾਰਿਆ ਹੈ। ਇਹ ਸ਼ਬਦ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਬਠਿੰਡਾ ’ਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਹੇ। ਏਮਜ਼ ਮੁੱਦੇ ’ਤੇ ਲੱਗੇ ਦੋਸ਼ਾਂ ਬਾਰੇ ਉਨ੍ਹਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਘੇਰਿਆ। ਇਸ ਮੌਕੇ ਉਨ੍ਹਾਂ ਏਮਜ਼ ਸਬੰਧੀ ਉਹ ਤੱਥ ਤੇ ਅੰਕੜੇ ਪੇਸ਼ ਕੀਤੇ ਜਿਨ੍ਹਾਂ ਬਾਰੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਾਰ-ਵਾਰ ਗੱਲ ਕਰ ਰਹੇ ਹਨ। ਉਨ੍ਹਾਂ ਖ਼ੁਲਾਸਾ ਕੀਤਾ ਕਿ ਅਕਾਲੀ ਭਾਜਪਾ ਸਰਕਾਰ ਨੇ ਏਮਜ਼ ਦਾ ਨੀਂਹ ਪੱਥਰ ਰੱਖਣ ਵਾਸਤੇ ਢਾਈ ਸਾਲ ਲੈ ਲਏ ਅਤੇ ਉਹ ਵੀ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਰੱਖਿਆ ਗਿਆ, ਉਦੋਂ ਤੱਕ ਕੋਈ ਵੀ ਜ਼ਮੀਨ ਟਰਾਂਸਫਰ ਨਹੀਂ ਕੀਤੀ ਗਈ ਸੀ। ਕਾਂਗਰਸ ਨੇ ਸੱਤਾ ਸੰਭਾਲਣ ਤੋਂ ਬਾਅਦ ਬੀਤੇ ਵਰ੍ਹੇ 20 ਸਤੰਬਰ ਨੂੰ 180 ਏਕੜ ਜ਼ਮੀਨ ਲਈ ਮਨਜ਼ੂਰੀ ਦਿੱਤੀ। ਸ੍ਰੀ ਮਹਿੰਦਰਾ ਨੇ ਕਿਹਾ ਕਿ ਪੀਜੀਆਈ ਨੇ ਐਡੀਸ਼ਨਲ ਸੈਕਟਰੀ ਹੈਲਥ ਨੂੰ ਬਾਬਾ ਫ਼ਰੀਦ ਯੂਨੀਵਰਸਿਟੀ ਵਿੱਚ ਕਲਾਸਾਂ ਸ਼ੁਰੂ ਕਰਨ ਲਈ 25 ਮਾਰਚ 2019 ਨੂੰ ਚਿੱਠੀ ਲਿਖੀ ਸੀ ਤੇ ਸਰਕਾਰ ਨੇ 27 ਮਾਰਚ ਨੂੰ ਚਿੱਠੀ ਦਾ ਜਵਾਬ ਦੇ ਦਿੱਤਾ ਸੀ। ਉਨ੍ਹਾਂ ਕਿਹਾ ਕਿ ਸ੍ਰੀਮਤੀ ਬਾਦਲ ਭਾਰਤ ਸਰਕਾਰ ਤੋਂ ਫਾਈਨਲ ਮਨਜ਼ੂਰੀ ਦੀ ਚਿੱਠੀ ਲੈ ਕੇ ਆਉਣ। ਏਮਜ਼ ਨੂੰ ਬਿਜਲੀ ਦੇਣ ਲਈ ਉਨ੍ਹਾਂ ਨੇ ਕਿਹਾ ਕਿ ਪੀਐੱਸਪੀਸੀਐੱਲ 30 ਅਪਰੈਲ ਤੋਂ ਤਿੰਨ ਮੈਗਵਾਟ ਦਾ ਲੋਡ ਮੁਹੱਈਆ ਕਰਵਾਏਗੀ। 31 ਮਈ ਤੋਂ ਬਗ਼ੈਰ ਕਿਸੇ ਲਿਮਿਟ ਤੋਂ ਲੋਡ ਦੇਵੇਗੀ। ਹੁਣ ਜੇ ਏਮਜ਼ ਦੀ ਇਮਾਰਤ ਦੇ ਨਿਰਮਾਣ ਅਤੇ ਓਪੀਡੀ ਸ਼ੁਰੂ ਕਰਨ ਵਿੱਚ ਦੇਰੀ ਹੁੰਦੀ ਹੈ ਤਾਂ ਉਸ ਲਈ ਕਿਸ ਨੂੰ ਦੋਸ਼ੀ ਠਹਿਰਾਇਆ ਜਾਵੇ। ਸ੍ਰੀ ਮਹਿੰਦਰਾ ਨੇ ਕਿਹਾ ਕਿ ਕੇਂਦਰੀ ਮੰਤਰੀ ਨੂੰ ਪੰਜਾਬ ਦੇ ਲੋਕਾਂ ਨੂੰ ਸੱਚ ਦੱਸਣਾ ਚਾਹੀਦਾ ਹੈ ਕਿ ਸੂਬੇ ਦੇ ਕਿੰਨੇ ਵਿਦਿਆਰਥੀਆਂ ਨੂੰ ਏਮਜ਼ ਵਿੱਚ ਦਾਖ਼ਲਾ ਮਿਲੇਗਾ ਅਤੇ ਕਿੰਨਿਆਂ ਨੂੰ ਮੈਡੀਕਲ ਕਾਲਜ ਮੁਹਾਲੀ ਵੀ ਦਾਖ਼ਲਾ ਮਿਲੇਗਾ। ਅਸਲੀਅਤ ਇਹ ਹੈ ਕਿ ਇਸ ਵਿੱਚ ਗ੍ਰਹਿ ਸੂਬੇ ਨੂੰ ਲੈ ਕੇ ਕੋਈ ਵੀ ਰਾਖਵਾਂਕਰਨ ਨਹੀਂ ਹੈ, ਪਰ ਜੇ ਮੁਹਾਲੀ ਮੈਡੀਕਲ ਕਾਲਜ ਵਿੱਚ 100 ਸੀਟਾਂ ਹਨ ਤਾਂ 85 ਵਿਦਿਆਰਥੀ ਸੂਬੇ ਵਿੱਚੋਂ ਦਾਖ਼ਲਾ ਲੈਣਗੇ। ਸ੍ਰੀਮਤੀ ਬਾਦਲ ਨੂੰ ਮੈਡੀਕਲ ਕਾਲਜ ਮੁਹਾਲੀ ਸਬੰਧੀ ਜਵਾਬ ਦੇਣਾ ਚਾਹੀਦਾ ਹੈ ਕਿ ਜਿਸ ਪ੍ਰਾਜੈਕਟ ਨੂੰ ਜਾਣ-ਬੁੱਝ ਕੇ ਪ੍ਰਕਾਸ਼ ਸਿੰਘ ਬਾਦਲ ਨੇ ਰੋਕ ਦਿੱਤਾ ਸੀ। ਕੇਂਦਰ ਸਰਕਾਰ ਨੇ ਮੁਹਾਲੀ ਵਿੱਚ 100 ਸੀਟਾਂ ਵਾਲੇ ਮੈਡੀਕਲ ਕਾਲਜ ਲਈ 19 ਫਰਵਰੀ 2014 ਨੂੰ ਮਨਜ਼ੂਰੀ ਦਿੱਤੀ ਸੀ ਤੇ ਇਸ ਪ੍ਰਾਜੈਕਟ ’ਤੇ 189 ਕਰੋੜ ਰੁਪਏ ਖ਼ਰਚੇ ਜਾਣੇ ਸਨ, ਉਸ ਵੇਲੇ ਦੇ ਮੁੱਖ ਮੰਤਰੀ ਨੇ ਪ੍ਰਾਜੈਕਟ ਨੂੰ ਨਾ ਸ਼ੁਰੂ ਕਰਨ ਵਾਸਤੇ ਸਰਕਾਰੀ ਫਾਈਲ ਉੱਪਰ ਚਾਰ ਵਾਰ ਲਿਖਿਆ। ਸ੍ਰੀ ਮਹਿੰਦਰਾ ਨੇ ਕਿਹਾ ਕਿ ਕੇਂਦਰੀ ਮੰਤਰੀ ਨੂੰ ਉਸ ਵੇਲੇ ਦੀ ਸੂਬਾ ਸਰਕਾਰ ਦੀ ਨਾਕਾਮਯਾਬੀ ਨੂੰ ਵੀ ਸਵੀਕਾਰ ਕਰਕੇ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਸ੍ਰੀ ਮਹਿੰਦਰਾ ਨੇ ਉਨ੍ਹਾਂ ਦੇ ਲੜਕੇ ਮੋਹਿਤ ਮਹਿੰਦਰਾ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਬਾਰੇ ਸਵਾਲ ਨੂੰ ਟਾਲ ਗਏ ਉਨ੍ਹਾਂ ਕਿਹਾ ਕੇ ਇਹ ਫ਼ੈਸਲਾ ਤਾਂ ਹਾਈ ਕਮਾਂਡ ਨੇ ਕਰਨਾ ਹੈ।
INDIA ਬਠਿੰਡਾ ਏਮਜ਼: ਬ੍ਰਹਮ ਮਹਿੰਦਰਾ ਨੇ ਹਰਸਿਮਰਤ ਨੂੰ ਘੇਰਿਆ