ਬਜਟ ਸੈਸ਼ਨ ’ਚ ਐਲਾਨੇ ਪ੍ਰਾਜੈਕਟ ਦਸੰਬਰ ਤੱਕ ਮੁਕੰਮਲ ਕੀਤੇ ਜਾਣ: ਕੈਪਟਨ

ਚੰਡੀਗੜ੍ਹ (ਸਮਾਜ ਵੀਕਲੀ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲੋਕ ਨਿਰਮਾਣ ਵਿਭਾਗ (ਭਵਨ ਤੇ ਮਾਰਗ) ਨੂੰ ਨਿਰਦੇਸ਼ ਦਿੱਤੇ ਕਿ ਬਜਟ ਸੈਸ਼ਨ ਦੌਰਾਨ ਐਲਾਨੇ ਸਾਰੇ ਪ੍ਰਾਜੈਕਟਾਂ ਦੇ ਕੰਮਾਂ ਨੂੰ ਦਸੰਬਰ 2021 ਤੱਕ ਮੁਕੰਮਲ ਕੀਤਾ ਜਾਵੇ ਅਤੇ ਕੋਵਿਡ ਸੰਕਟ ਨਾਲ ਪਏ ਵਿੱਤੀ ਬੋਝ ਦੇ ਮੱਦੇਨਜ਼ਰ ਇਨ੍ਹਾਂ ਪ੍ਰਾਜੈਕਟਾਂ ਦੀਆਂ ਤਰਜੀਹਾਂ ਦਾ ਵੀ ਧਿਆਨ ਰੱਖਿਆ ਜਾਵੇ।

ਮੁੱਖ ਮੰਤਰੀ ਨੇ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ ਕਿਹਾ ਕਿ ਸਾਰੇ ਪ੍ਰਵਾਨਿਤ ਅਤੇ ਅਲਾਟ ਕੀਤੇ ਕੰਮਾਂ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਨ ਅਤੇ ਦਸੰਬਰ ਤੋਂ ਬਾਅਦ ਹੀ ਕੋਈ ਨਵਾਂ ਕੰਮ ਸ਼ੁਰੂ ਕਰਨ। ਉਨ੍ਹਾਂ ਲੋਕ ਨਿਰਮਾਣ ਵਿਭਾਗ ਨੂੰ ਹਲਵਾਰਾ ਹਵਾਈ ਅੱਡੇ ਦੀ ਪ੍ਰੀ-ਫੈਬ ਬਿਲਡਿੰਗ ਦੇ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ।

ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਕਿਹਾ ਕਿ ਉਹ ਇੰਜਨੀਅਰਿੰਗ ਵਿਭਾਗਾਂ ਲਈ ਫੰਡ ਜਾਰੀ ਕਰਨ ਸਬੰਧੀ ਤਿਮਾਹੀ ਢਿੱਲ ਦੇਣ ਤਾਂ ਜੋ ਕੰਮ ਤੇਜ਼ੀ ਨਾਲ ਮੁਕੰਮਲ ਕੀਤੇ ਜਾ ਸਕਣ। ਮੁੱਖ ਮੰਤਰੀ ਨੇ ਆਨਲਾਈਨ ਮੀਟਿੰਗ ਦੌਰਾਨ ਪ੍ਰਾਜੈਕਟਾਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ ਜਿਥੇ ਵਿਭਾਗ ਵੱਲੋਂ ਇਨ੍ਹਾਂ ਪ੍ਰਾਜੈਕਟਾਂ ਨੂੰ 28 ਫਰਵਰੀ, 2022 ਤੱਕ ਮੁਕੰਮਲ ਕਰਨ ਦੀ ਵਚਨਬੱਧਤਾ ਪ੍ਰਗਟਾਈ ਗਈ।

ਇਨ੍ਹਾਂ ਵਿੱਚ 2900 ਕਰੋੜ ਰੁਪਏ ਦੀ ਲਾਗਤ ਨਾਲ 21 ਕੌਮੀ ਰਾਜ ਮਾਰਗਾਂ ਦੀ ਉਸਾਰੀ/ਅਪਗ੍ਰੇਡੇਸ਼ਨ ਸਮੇਤ 7 ਪੁਲਾਂ ਦੀ ਉਸਾਰੀ ਅਤੇ 2412 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਵਿੱਚ 3675 ਕਿਲੋਮੀਟਰ ਲੰਬਾਈ ਵਾਲੇ ਰਾਜ ਮਾਰਗਾਂ, ਮੁੱਖ ਜ਼ਿਲ੍ਹਾ ਸੜਕਾਂ ਅਤੇ ਹੋਰ ਸੜਕਾਂ ਦੀ ਮੁਰੰਮਤ ਕਰਨਾ ਸ਼ਾਮਲ ਹੈ।

ਸੂਬੇ ਭਰ ਵਿੱਚ ਵੱਖ-ਵੱਖ ਪ੍ਰਸ਼ਾਸਕੀ ਵਿਭਾਗਾਂ ਦੀਆਂ 175 ਇਮਾਰਤਾਂ ਵੀ 1862 ਕਰੋੜ ਰੁਪਏ ਦੀ ਲਾਗਤ ਨਾਲ ਬਣਾਈਆਂ ਜਾ ਰਹੀਆਂ ਹਨ।

ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਦੱਸਿਆ ਕਿ ਹਾਈ ਸਪੀਡ ਇਕਨਾਮਿਕ ਕੌਰੀਡੋਰ ਦੇ ਨਿਰਮਾਣ ਲਈ ਸੂਬਾ ਸਰਕਾਰ ਨੇ ਐਕਸਪ੍ਰੈਸ ਵੇਅ, ਗ੍ਰੀਨਫੀਲਡ ਕੌਰੀਡੋਰ ਅਤੇ ਬਾਈਪਾਸਾਂ ਦਾ ਕੰਮ ਸ਼ੁਰੂ ਕਰਨ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (ਐੱਨਐੱਚ.ਏ.ਆਈ.) ਨਾਲ ਮਿਲ ਕੇ ਸਾਂਝੇਦਾਰੀ ਕੀਤੀ ਹੈ।

ਇਸ ਮੌਕੇ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਵਿਨੀ ਮਹਾਜਨ, ਪ੍ਰਮੁੱਖ ਸਕੱਤਰ ਵਿੱਤ ਕੇ.ਈ.ਪੀ. ਸਿਨਹਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਲੋਕ ਨਿਰਮਾਣ ਵਿਕਾਸ ਪ੍ਰਤਾਪ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਦੇ ਸਾਰੇ ਚੀਫ ਇੰਜਨੀਅਰਾਂ ਨੇ ਸ਼ਮੂਲੀਅਤ ਕੀਤੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਨ ਵੱਲੋਂ ਲੋਕਾਂ ਨੂੰ ਵੈਕਸੀਨ ਲਗਵਾਉਣ ਦੀ ਅਪੀਲ
Next articleਦਿੱਲੀ ਮੋਰਚੇ ’ਚ ਸ਼ਾਮਲ ਹੋਣ ਲਈ ਕਿਸਾਨਾਂ ਦਾ ਕਾਫ਼ਲਾ ਰਵਾਨਾ