ਬਜਟ ਇਜਲਾਸ ’ਚ ਹਰ ਮੁੱਦੇ ’ਤੇ ਚਰਚਾ ਲਈ ਤਿਆਰ: ਮੋਦੀ

ਨਵੀਂ ਦਿੱਲੀ- ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਬਜਟ ਇਜਲਾਸ ਦੀ ਪੂਰਬਲੀ ਸੰਧਿਆ ਸੱਦੀ ਸਰਬ-ਪਾਰਟੀ ਮੀਟਿੰਗ ਵਿੱਚ ਸੋਧੇ ਹੋਏ ਨਾਗਰਿਕਤਾ ਕਾਨੂੰਨ (ਸੀਏਏ) ਤੇ ਨਿੱਘਰਦੇ ਅਰਥਚਾਰੇ’ ਜਿਹੇ ਮੁੱਦਿਆਂ ਦੀ ਗੂੰਜ ਰਹੀ। ਵਿਰੋਧੀ ਪਾਰਟੀਆਂ ਨੇ ਸੀਏਏ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਮੁਜ਼ਾਹਰਾਕਾਰੀਆਂ ਤਕ ਰਸਾਈ ਨਾ ਕੀਤੇ ਜਾਣ ਲਈ ਸਰਕਾਰ ਨੂੰ ‘ਹੰਕਾਰੀ’ ਦੱਸਿਆ, ਉਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੀਟਿੰਗ ਵਿੱਚ ਮੌਜੂਦ ਸਾਰੀਆਂ ਪਾਰਟੀਆਂ ਨੂੰ ਯਕੀਨ ਦਿਵਾਇਆ ਕਿ ਸਰਕਾਰ ਬਜਟ ਇਜਲਾਸ ਦੌਰਾਨ ਹਰ ਮੁੱਦੇ ’ਤੇ ਚਰਚਾ ਕਰਨ ਲਈ ਤਿਆਰ ਹੈ। 31 ਜਨਵਰੀ ਤੋਂ ਸ਼ੁਰੂ ਹੋ ਰਿਹਾ ਬਜਟ ਸੈਸ਼ਨ 3 ਅਪਰੈਲ ਤਕ ਚੱਲੇਗਾ। ਕੇਂਦਰੀ ਬਜਟ ਸ਼ਨਿੱਚਰਵਾਰ ਪਹਿਲੀ ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ। ਸਰਬ-ਪਾਰਟੀ ਮੀਟਿੰਗ ਵਿੱਚ ਕੁੱਲ 26 ਪਾਰਟੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਮੋਦੀ ਨੇ ਸਾਰੀਆਂ ਸਬੰਧਤ ਧਿਰਾਂ ਨੂੰ ਸੱਦਾ ਦਿੱਤਾ ਕਿ ਇਜਲਾਸ ਦੌਰਾਨ ਆਰਥਿਕ ਮੁੱਦਿਆਂ ’ਤੇ ਵਧੇਰੇ ਧਿਆਨ ਦੇਣ ਦੇ ਨਾਲ ਇਹ ਚਰਚਾ ਵੀ ਹੋਵੇਗੀ ਕਿ ਮੌਜੂਦਾ ਆਲਮੀ ਹਾਲਾਤ ਵਿੱਚ ਭਾਰਤ ਨੂੰ ਕਿਵੇਂ ਫਾਇਦਾ ਹੋ ਸਕਦਾ ਹੈ। ਸ੍ਰੀ ਜੋਸ਼ੀ ਨੇ ਕਿਹਾ ਕਿ ਮੀਟਿੰਗ ਦੌਰਾਨ ਸੀਏਏ ਖਿਲਾਫ਼ ਦੇਸ਼ ਭਰ ਵਿੱਚ ਹੋ ਰਹੇ ਪ੍ਰਦਰਸ਼ਨਾਂ, ‘ਨਿੱਘਰਦੇ’ ਆਰਥਿਕ ਹਾਲਾਤ ਤੇ ਵਧਦੀ ਬੇਰੁਜ਼ਗਾਰੀ ਜਿਹੇ ਮੁੱਦੇ ਵੀ ਰੱਖੇ ਗਏ। ਵਿਰੋਧੀ ਧਿਰਾਂ ਨੇ ਜੰਮੂ ਤੇ ਕਸ਼ਮੀਰ ਵਿੱਚ ਹਿਰਾਸਤ ਵਿੱਚ ਲਏ ਸਿਆਸੀ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਵੀ ਕੀਤੀ। ਸ੍ਰੀ ਜੋਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਆਗੂਆਂ ਨੂੰ ਕਿਹਾ ਕਿ ਪਾਰਟੀਆਂ ਮਹਿਜ਼ ਚਰਚਾ ਤਕ ਸੀਮਤ ਨਾ ਰਹਿ ਕੇ ਹਰ ਮੁੱਦੇ ’ਤੇ ਨਤੀਜਾਮੁਖੀ ਤੇ ਢਾਂਚਾਗਤ ਚਰਚਾ ਕਰਨ। ਸ੍ਰੀ ਮੋਦੀ ਨੇ ਬਜਟ ਇਜਲਾਸ ਨੂੰ ਮੁਲਕ ਦੇ ਮੌਜੂਦਾ ਵਿੱਤੀ ਹਾਲਾਤ ’ਤੇ ਕੇਂਦਰਤ ਰੱਖਣ ਦੇ ਸੁਝਾਆਂ ਦਾ ਵੀ ਸਵਾਗਤ ਕੀਤਾ। ਉਧਰ ਮੀਟਿੰਗ ਵਿੱਚ ਸ਼ਾਮਲ ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਦੀ ਰਿਹਾਈ ਮੰਗੀ ਤਾਂ ਕਿ ਉਹ ਭਲਕ ਤੋਂ ਸ਼ੁਰੂ ਹੋ ਰਹੇ ਇਜਲਾਸ ਵਿੱਚ ਸ਼ਾਮਲ ਹੋ ਸਕਣ। ਆਜ਼ਾਦ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਸਰਕਾਰ ਵੱਲੋਂ ਪੇਸ਼ ਹਰ ਉਸ ਵਿਧਾਨਕ ਏਜੰਡੇ ਦੀ ਹਮਾਇਤ ਕਰਨਗੀਆਂ, ਜੋ ਦੇਸ਼ ਤੇ ਲੋਕ ਹਿੱਤ ਵਿੱਚ ਹੋਵੇਗਾ। ਆਨੰਦ ਸ਼ਰਮਾ ਨੇ ਕਿਹਾ ਕਿ ਦਿੱਲੀ ਚੋਣਾਂ ਲਈ ਪ੍ਰਚਾਰ ਦੌਰਾਨ ਕੁਝ ਭਾਜਪਾ ਆਗੂਆਂ ਵੱਲੋਂ ਦਿੱਤੇ ‘ਭੜਕਾਊ’ ਬਿਆਨਾਂ ਦੀ ਵੀ ਗੱਲ ਹੋਈ ਤੇ ਸ੍ਰੀ ਮੋਦੀ ਤੋਂ ਦਖ਼ਲ ਦੀ ਮੰਗ ਕੀਤੀ ਗਈ। ਡੀਐੱਮਕੇ ਆਗੂ ਟੀ.ਆਰ.ਬਾਲੂ ਨੇ ਹੋਰਨਾਂ ਵਿਰੋਧੀ ਪਾਰਟੀਆਂ ਦੀਆਂ ਚਿੰਤਾਵਾਂ ਦੇ ਨਾਲ ਤਾਮਿਲ ਨਾਡੂ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ ਗੱਲ ਕੀਤੀ।

Previous articleਪੁਲੀਸ ਦੀ ਹਾਜ਼ਰੀ ’ਚ ਪ੍ਰਦਰਸ਼ਨਕਾਰੀਆਂ ’ਤੇ ਫਾਇਰਿੰਗ
Next articleਕਰਜ਼ੇ ਤੋਂ ਪ੍ਰੇਸ਼ਾਨ ਦੋ ਕਿਸਾਨਾਂ ਵੱਲੋਂ ਖੁਦਕੁਸ਼ੀ