ਬਜਟ ਇਜਲਾਸ ’ਚ ਪਾਸ ਬਿੱਲਾਂ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦੇਵਾਂਗੇ: ਕਾਂਗਰਸ

ਨਵੀਂ ਦਿੱਲੀ (ਸਮਾਜ ਵੀਕਲੀ):  ਕਾਂਗਰਸ ਨੇ ਅੱਜ ਕਿਹਾ ਕਿ ਉਹ ਬਜਟ ਇਜਲਾਸ ਦੌਰਾਨ ਸੰਸਦ ਵਿੱਚ ਪਾਸ ਬਿੱਲਾਂ ਨੂੰ ਸਰਵਉੱਚ ਅਦਾਲਤ ਵਿੱਚ ਚੁਣੌਤੀ ਦੇਵੇਗੀ। ਕਾਂਗਰਸ ਨੇ ਕਿਹਾ ਕਿ ਪਹਿਲੀ ਵਾਰ ਹੈ ਜਦੋਂ ਸਰਕਾਰ ਨੇ ਵਿਰੋਧੀ ਧਿਰ ਦੀ ਕਿਸੇ ਮੰਗ ਨੂੰ ਨਹੀਂ ਮੰਨਿਆ ਤੇ ਸਰਕਾਰ ਆਪਣੇ ਵਿਧਾਨਿਕ ਕਾਰੋਬਾਰ ਨੂੰ ਅੱਗੇ ਧੱਕਣ ’ਚ ਹੀ ਰੁਚੀ ਰੱਖਦੀ ਹੈ। ਕਾਂਗਰਸ ਆਗੂ ਮਲਿਕਾਰਜੁਨ ਖੜਗੇ, ਜੈਰਾਮ ਰਮੇਸ਼ ਤੇ ਰਵਨੀਤ ਸਿੰਘ ਬਿੱਟੂ ਨੇ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਉਹ ਚਾਹੁੰਦੇ ਸੀ ਕਿ ਸੰਸਦ ਦਾ ਮੌਜੂਦਾ ਇਜਲਾਸ ਮਿੱਥੇ ਮੁਤਾਬਕ 8 ਅਪਰੈਲ ਤੱਕ ਚੱਲੇ, ਪਰ ਸਰਕਾਰ ਨੇ ਆਨੇ ਬਹਾਨੇ ਇਸ ਨੂੰ ਨਿਰਧਾਰਿਤ ਨਾਲੋਂ ਦੋ ਹਫ਼ਤੇ ਪਹਿਲਾਂ ਹੀ ਅਣਮਿੱਥੇ ਸਮੇਂ ਲਈ ਉਠਾ ਦਿੱਤਾ।

ਲੋਕ ਸਭਾ ਮੈਂਬਰ ਤੇ ਕਾਂਗਰਸ ਸੰਸਦੀ ਦਲ ਦੇ ਆਗੂ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸਰਕਾਰ ਨਿੱਜੀਕਰਨ ਦੇ ਰਾਹ ਪੈ ਕੇ ਹਰ ਚੀਜ਼ ਵੇਚਣ ਲਈ ਉਤਾਵਲੀ ਹੈ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਨੇ ਦੇਸ਼ ਲੁੱਟਿਆ ਸੀ ਤੇ ਮੌਜੂਦਾ ਮੋਦੀ ਸਰਕਾਰ ਹਰ ਬਚੀ ਖੁਚੀ ਚੀਜ਼ ਆਪਣੇ ‘ਕਾਰੋਬਾਰੀ ਦੋਸਤਾਂ’ ਨੂੰ ਵੇਚਣ ਦੇ ਮਿਸ਼ਨ ’ਤੇ ਹੈ। ਲੁਧਿਆਣਾ ਤੋਂ ਸੰਸਦ ਮੈਂਬਰ ਬਿੱਟੂ ਨੇ ਕਿਸਾਨ ਅੰਦੋਲਨ ਦੌਰਾਨ ਹੁਣ ਤੱਕ 300 ਤੋਂ ਵੱਧ ਕਿਸਾਨਾਂ ਦੀ ਮੌਤ ਬਾਰੇ ਸਰਕਾਰ ਤੋਂ ਜਵਾਬ ਮੰਗਿਆ। ਉਨ੍ਹਾਂ ਕਿਹਾ, ‘ਤੁਹਾਡੇ ਕੋਲ ਕਿਸਾਨਾਂ ਤੇ ਗਰੀਬਾਂ ਦੀ ਗੱਲ ਸੁਣਨ ਦਾ ਸਮਾਂ ਨਹੀਂ, ਪਰ ਤੁਸੀਂ ਚੋਣਾਂ ਪ੍ਰਚਾਰ ਵਿੱਚ ਰੁੱਝੇ ਹੋ।’ ਬਿੱਟੂ ਨੇ ਕਿਹਾ ਕਿ ਸਰਕਾਰ ਨੇ ਅਜੇ ਤੱਕ ਪੰਜਾਬ ਵਿੱਚ ਕਣਕ ਦੀ ਖਰੀਦ ਲਈ ਲੋੜੀਂਦਾ ਬਾਰਦਾਨਾ ਨਹੀਂ ਭੇਜਿਆ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਲਾਗੂ ਨਾ ਕੀਤੇ ਜਾਣ ਤੋਂ ਨਾਰਾਜ਼ ਮੋਦੀ ਸਰਕਾਰ ਪੰਜਾਬ ਵਿੱਚ ਕਣਕ ਦੀ ਖਰੀਦ ਪ੍ਰਬੰਧ ’ਚ ਮੁਸ਼ਕਲਾਂ ਖੜ੍ਹੀਆਂ ਕਰ ਰਹੀ ਹੈ।

ਰਮੇਸ਼ ਨੇ ਦਿੱਲੀ ਬਿੱਲ, ਖਣਨ ਤੇ ਧਾਤਾਂ ਨਾਲ ਸਬੰਧਤ ਬਿੱਲ ਦੀ ਮਿਸਾਲ ਦੇ ਹਵਾਲੇ ਨਾਲ ਕਿਹਾ, ‘ਸੰਸਦੀ ਇਜਲਾਸ ਦੌਰਾਨ ਪਾਸ ਹਰ ਬਿੱਲ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦੇਵਾਂਗੇ। ਇਸ ਵਿੱਚ ਕੋਈ ਦੋ ਰਾਏ ਨਹੀਂ ਹੈ। ਬਿੱਲ ਪਾਸ ਕਰਵਾਉਣ ਦਾ ਇਹ ਤੌਰ-ਤਰੀਕਾ ਜਮਹੂਰੀਅਤ ਦੇ ਸਿਧਾਂਤਾਂ ਖ਼ਿਲਾਫ਼ ਹੈ। ਜਿਸ ਤਰੀਕੇ ਨਾਲ ਸੰਸਦੀ ਕਮੇਟੀਆਂ ਦੀਆਂ ਭੂਮਿਕਾਵਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ, ਅਸੀਂ ਉਸ ਲਈ ਸਰਕਾਰ ਦੀ ਨਿਖੇਧੀ ਕਰਦੇ ਹਾਂ।’ ਖੜਗੇ ਨੇ ਕਿਹਾ ਕਿ ਵਿਰੋਧੀ ਧਿਰਾਂ ਸੰਸਦ ਵਿੱਚ ਵਧਦੀਆਂ ਤੇਲ ਕੀਮਤਾਂ, ਖੇਤੀ ਕਾਨੂੰਨਾਂ ਤੇ ਮਹਿੰਗਾਈ ਜਿਹੇ ਮੁੱਦਿਆਂ ’ਤੇ ਚਰਚਾ ਚਾਹੁੰਦੀਆਂ ਸਨ, ਪਰ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ।’ ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਹੁੰਦਿਆਂ ਜਵਾਹਰਲਾਲ ਨਹਿਰੂ ਸੰਸਦ ਵਿੱਚ ਬੈਠਦੇ ਸਨ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਚੋਣਾਂ ਵਿੱਚ ਰੁੱਝੇ ਹਨ।

Previous articleਪਰਵਾਸ ਮਸਲਾ: ਬਾਇਡਨ ਨੇ ਹੱਲ ਲਈ ਕਮਲਾ ਹੈਰਿਸ ਨੂੰ ਜ਼ਿੰਮੇਵਾਰੀ ਸੌਂਪੀ
Next articleਧਰਮ ਪਰਿਵਰਤਨ ਰੋਕੂ ਕਾਨੂੰਨ ਛੇਤੀ ਲਿਆਵਾਂਗੇ: ਖੱਟਰ