ਫੌਜ ਦੇ ‘ਸਿਆਸੀਕਰਨ’ ਖ਼ਿਲਾਫ਼ ਕਾਂਗਰਸ ਵੱਲੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ

ਕਾਂਗਰਸ ਦੇ ਵਫ਼ਦ ਨੇ ਅੱਜ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ’ਤੇ ਚੋਣ ਜੰਗ ਦੇ ਮੈਦਾਨ ਵਿਚ ਹਥਿਆਰਬੰਦ ਸੈਨਾਵਾਂ ਨੂੰ ‘ਘੜੀਸਣ’ ਅਤੇ ਉਨ੍ਹਾਂ ਦੀ ਵਰਤੋਂ ਕਰਕੇ ਵੋਟਾਂ ਮੰਗਣ ਦੇ ਦੋਸ਼ ਲਾਏ ਹਨ। ਅਭਿਸ਼ੇਕ ਮਨੂ ਸਿੰਘਵੀ ਅਤੇ ਰਣਦੀਪ ਸੁਰਜੇਵਾਲਾ ਦੀ ਅਗਵਾਈ ਵਾਲੇ ਵਫ਼ਦ ਨੇ ਚੋਣ ਕਮਿਸ਼ਨ ਕੋਲ ਕਈ ਮੁੱਦੇ ਚੁੱਕੇ, ਜਿਸ ਵਿਚ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵਲੋਂ ਵਿਦਿਅਕ ਯੋਗਤਾ ਬਾਰੇ ਚੋਣ ਕਮਿਸ਼ਨ ਨੂੰ ‘ਆਪਾ-ਵਿਰੋਧੀ ਹਲਫਨਾਮੇ’ ਸੌਂਪਣਾ ਅਤੇ ਪ੍ਰਧਾਨ ਮੰਤਰੀ ਮੋਦੀ ਬਾਰੇ ਵੈੱਬ ਸੀਰੀਜ਼ ਵੀ ਸ਼ਾਮਲ ਹੈ। ਪਾਰਟੀ ਨੇ ਸਮ੍ਰਿਤੀ ਇਰਾਨੀ ਮਾਮਲੇ ’ਤੇ ਚੋਣ ਕਮਿਸ਼ਨ ਨੂੰ ਯਾਦ ਪੱਤਰ ਦਿੰਦਿਆਂ ਮੰਗ ਕੀਤੀ ਕਿ ਉਨ੍ਹਾਂ ਨੂੰ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ ਜਾਵੇ। ਚੋਣ ਕਮਿਸ਼ਨ ਦਫ਼ਤਰ ਦੇ ਬਾਹਰ ਮੀਡੀਆ ਨਾਲ ਗੱਲਬਾਤ ਮੌਕੇ ਸਿੰਘਵੀ ਨੇ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਪ੍ਰਧਾਨ (ਅਮਿਤ ਸ਼ਾਹ) ਵਲੋਂ ਖੁੱਲ੍ਹੇਆਮ ਅਤੇ ਬੇਸ਼ਰਮੀ ਨਾਲ, 70 ਵਰ੍ਹਿਆਂ ਵਿੱਚ ਪਹਿਲੀ ਵਾਰ, ਹਥਿਆਰਬੰਦ ਬਲਾਂ ਨੂੰ ਸੌੜੀ ਸਿਆਸਤ ਵਿਚ ਘੜੀਸਿਆ ਜਾ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਮੋਦੀ ਅਤੇ ਸ਼ਾਹ ਵਲੋਂ ਹਥਿਆਰਬੰਦ ਫੌਜਾਂ ਨੂੰ ਸਿਆਸੀ ਹਮਲਿਆਂ ਵਿਚ ਘੜੀਸ ਕੇ ਉਨ੍ਹਾਂ ਦੇ ਨਾਂ ’ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ।’’ ਸਿੰਘਵੀ ਨੇ ਦੱਸਿਆ ਕਿ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਅਜਿਹੀ ਉਲੰਘਣਾਵਾਂ ਰੋਕਣ ਲਈ ਆਖਿਆ ਹੈ ਅਤੇ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੇ ਨੂੰ ਕੇਵਲ ਚਿਤਾਵਨੀ ਦੇ ਕੇ ਜਾਂ ਝਾੜ ਲਾ ਕੇ ਛੱਡਣਾ ਕਾਫੀ ਨਹੀਂ ਬਲਕਿ ਉਲੰਘਣਾ ਕਰਨ ਵਾਲੇ ਨੂੰ ਇੱਕ ਦਿਨ ਲਈ ਚੋਣ ਪ੍ਰਚਾਰ ਤੋਂ ਰੋਕਿਆ ਜਾਵੇ। ਦੂਜੀ ਵਾਰ ਉਲੰਘਣਾ ਕਰਨ ’ਤੇ ਦੋ ਦਿਨ ਅਤੇ ਇਸੇ ਤਰ੍ਹਾਂ ਤੀਜੀ ਤੇ ਚੌਥੀ ਵਾਰ ਉਲੰਘਣਾ ਕਰਨ ’ਤੇ ਓਨੇ ਦਿਨਾਂ ਲਈ ਹੀ ਪ੍ਰਚਾਰ ਕਰਨ ਤੋਂ ਵਰਜਿਆ ਜਾਵੇ।

Previous articleਮੋਦੀ ਬਾਰੇ ਸ਼ਬਦਾਵਲੀ ਤੋਂ ਨਾਰਾਜ਼ ਭਾਜਪਾ ਚੋਣ ਕਮਿਸ਼ਨ ਨੂੰ ਮਿਲੀ
Next article‘ਕੈਪਟਨ ਕੂਲ’ ਨੂੰ ਅੰਪਾਇਰ ਨਾਲ ਤਲਖ਼ੀ ਮਹਿੰਗੀ ਪਈ