ਨਵੀਂ ਦਿੱਲੀ- ਇੱਥੇ ਵਸੰਤ ਕੁੰਜ ਐਨਕਲੇਵ ਵਿਚ ਬੀਤੀ ਰਾਤ ਫੈਸ਼ਨ ਡਿਜ਼ਾਈਨਰ ਮਾਇਆ ਲਖਾਨੀ ਦਾ ਕਤਲ ਕਰ ਦਿੱਤਾ ਗਿਆ। ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮਾਂ ਨੂੰ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ ਮਾਇਆ ਲਖਾਨੀ ਦੇ ਮੁੱਖ ਦਰਜੀ ਰਾਹੁਲ ਅਨਵਰ (24 ਸਾਲ), ਉਸ ਦੇ ਭਰਾ ਰਹਿਮਤ (24 ਸਾਲ) ਤੇ ਉਸ ਦੇ ਦੋਸਤ ਵਾਸੀਮ (25 ਸਾਲ) ਨੇ ਕਥਿਤ ਤੌਰ ’ਤੇ ਖ਼ੁਦ ਵਸੰਤ ਕੁੰਜ (ਦੱਖਣੀ) ਥਾਣੇ ਵਿਚ ਪੁੱਜ ਕੇ ਦੱਸਿਆ ਕਿ ਉਨ੍ਹਾਂ ਨੇ ਮਾਇਆ ਲਖਾਨੀ ਅਤੇ ਉਸ ਦੇ ਘਰੇਲੂ ਨੌਕਰ ਬਹਾਦਰ (50 ਸਾਲ) ਦਾ ਕਤਲ ਕਰ ਦਿੱਤਾ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਘਟਨਾ ਸਥਾਨ ਦਾ ਮੁਆਇਨਾ ਕਰਕੇ ਤੱਥ ਇਕੱਠੇ ਕੀਤੇ ਤੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ। ਪੁੱਛ-ਪੜਤਾਲ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਹ ਮਾਇਆ ਲਖਾਨੀ ਦੇ ਘਰ ਵਿਚ ਬਣਾਈ ਸਿਲਾਈ ਵਰਕਸ਼ਾਪ ਵਿਚ ਕਈ ਸਾਲਾਂ ਤੋਂ ਕੰਮ ਕਰਦੇ ਸਨ। ਮਾਇਆ ਵੱਲੋਂ ਉਨ੍ਹਾਂ ਨੂੰ ਰੋਕ-ਰੋਕ ਕੇ ਕਿਸ਼ਤਾਂ ਵਿਚ ਪੈਸੇ ਦੇਣ ਕਾਰਨ ਉਨ੍ਹਾਂ ਤੇ ਮਾਲਕਣ ਵਿਚਾਲੇ ਤਕਰਾਰ ਵਧ ਗਈ ਸੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਨੇ ਘਰ ਵਿਚੋਂ ਕੀਮਤੀ ਗਹਿਣੇ ਤੇ ਹੋਰ ਸਾਮਾਨ ਵੀ ਚੋਰੀ ਕੀਤਾ ਤੇ ਮਾਇਆ ਦੀ ਕਾਰ ਵਿਚ ਹੀ ਉੱਥੋਂ ਨਿਕਲ ਗਏ। ਫਿਰ ਤੜਕੇ 2.45 ਵਜੇ ਥਾਣੇ ਪੁੱਜੇ ਤੇ ਆਤਮ-ਸਮਰਪਣ ਕਰ ਦਿੱਤਾ।
ਦੱਸਣਯੋਗ ਹੈ ਕਿ ਮਾਇਆ ਦਾ ਗ੍ਰੀਨ ਪਾਰਕ ਇਲਾਕੇ ਵਿਚ ਬੁਟੀਕ ਹੈ ਤੇ ਸਿਲਾਈ ਦਾ ਕੰਮ ਉਸ ਦੇ ਘਰ ਵਿਚ ਹੀ ਹੁੰਦਾ ਸੀ। ਉਹ ਦਿੱਲੀ ਦੇ ਉਘੇ ਫੈਸ਼ਨ ਡਿਜ਼ਾਈਨਰਾਂ ਵਿਚੋਂ ਇਕ ਸੀ। ਪੁਲੀਸ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਹੋਰ ਪੁੱਛ-ਪੜਤਾਲ ਕਰਨ ਵਿਚ ਜੁਟ ਗਈ ਹੈ।
Uncategorized ਫੈਸ਼ਨ ਡਿਜ਼ਾਈਨਰ ਮਾਇਆ ਲਖਾਨੀ ਦਾ ਕਤਲ