ਏਸ਼ੀਅਨ ਫੁਟਬਾਲ ਕੱਪ ਦੇ ਅੱਜ ਇੱਥੇ ਹੋਏ ਫਾਈਨਲ ਮੁਕਾਬਲੇ ਵਿੱਚ ਕਤਰ ਨੇ ਚਾਰ ਵਾਰ ਦੇ ਚੈਂਪੀਅਨ ਜਾਪਾਨ ਨੂੰ 3-1 ਨਾਲ ਹਰਾ ਕੇ ਪਹਿਲੀ ਵਾਰ ਏਸ਼ੀਅਨ ਫੁਟਬਾਲ ਕੱਪ ’ਤੇ ਕਬਜ਼ਾ ਕੀਤਾ। ਕਤਰ ਦੇ ਅਲਮੋਇਜ਼ ਅਲੀ ਨੇ ਟੂਰਨਾਮੈਂਟ ਦਾ ਨੌਵਾਂ ਗੋਲ ਕਰ ਕੇ ਕਤਰ ਦੀ ਟੀਮ ਨੂੰ ਪਹਿਲੀ ਵਾਰ ਏਸ਼ੀਅਨ ਫੁਟਬਾਲ ਕੱਪ ਜਿੱਤਣ ਦੀ ਰਾਹ ’ਤੇ ਤੋਰਿਆ। ਅਲੀ ਵੱਲੋਂ 12ਵੇਂ ਮਿੰਟ ਵਿੱਚ ਕੀਤੇ ਗਏ ਸਟਰਾਈਕ ਤੋਂ ਬਾਅਦ 27ਵੇਂ ਮਿੰਟ ਵਿੱਚ ਅਬਦੁੱਲ ਅਜ਼ੀਜ਼ ਹਾਤੇਮ ਦੇ 27ਵੇਂ ਮਿੰਟ ਦੇ ਸਟਰਾਈਕ ਅਤੇ ਫਿਰ ਅਕਰਮ ਅਫੀਫ ਦੇ ਪੈਨਲਟੀ ਕਾਰਨਰ ਨੇ ਕਤਰ ਨੂੰ 2022 ਦੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਤੋਂ ਪਹਿਲਾਂ ਏਸ਼ੀਅਨ ਫੁਟਬਾਲ ਕੱਪ ਜਿੱਤ ਕੇ ਇਤਿਹਾਸ ਸਿਰਜਣ ਵਿੱਚ ਮਦਦ ਕੀਤੀ। ਜ਼ਿਕਰਯੋਗ ਹੈ ਕਿ ਸੁਡਾਨ ਵਿੱਚ ਜਨਮੇ 22 ਸਾਲਾ ਅਲਮੋਇਜ਼ ਅਲੀ ਦੀ ਟੀਮ ਦੀ ਅਗਵਾਈ ਕਰਨ ਸਬੰਧੀ ਯੋਗਤਾ ’ਤੇ ਮੇਜ਼ਬਾਨ ਸੰਯੁਕਤ ਅਰਬ ਅਮੀਰਾਤ ਨੇ ਇਤਰਾਜ਼ ਕੀਤਾ ਸੀ, ਜਿਸ ਨੂੰ ਕਿ ਏਸ਼ੀਅਨ ਫੁਟਬਾਲ ਕਨਫੈਡਰੇਸ਼ਨ ਨੇ ਕੁਝ ਹੀ ਘੰਟੇ ਪਹਿਲਾਂ ਰੱਦ ਕਰ ਦਿੱਤਾ ਸੀ। ਅਖੀਰ 69ਵੇਂ ਮਿੰਟ ਵਿੱਚ ਜਾਪਾਨ ਦੇ ਤਾਕੁਮੀ ਮਿਨਾਮਿਨੋ ਨੂੰ ਕਤਰ ਖ਼ਿਲਾਫ਼ ਇਕ ਗੋਲ ਕਰਨ ਦਾ ਮੌਕਾ ਮਿਲ ਗਿਆ ਤੇ ਉਸ ਨੇ ਇਕ ਗੋਲ ਕਰ ਦਿੱਤਾ ਪਰ ਆਖ਼ਰਕਾਰ ਜਾਪਾਨ ਨੂੰ 1-3 ਨਾਲ ਕਤਰ ਤੋਂ ਹਾਰ ਝੱਲਣੀ ਪਈ।