ਚੋਣ ਅਮਲ ਮੁਕੰਮਲ ਹੋਣ ਤੱਕ ‘ਨਮੋ ਟੀਵੀ’ ਦੇ ਪ੍ਰਸਾਰਣ ’ਤੇ ਵੀ ਪਾਬੰਦੀ
ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਤੋਂ ਇਕ ਦਿਨ ਪਹਿਲਾਂ ਚੋਣ ਕਮਿਸ਼ਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਦਗੀ ਉੱਤੇ ਆਧਾਰਿਤ ਫ਼ਿਲਮ ‘ਪੀਐਮ-ਨਰਿੰਦਰ ਮੋਦੀ’ ਦੀ ਰਿਲੀਜ਼ ਤੇ ‘ਨਮੋ ਟੀਵੀ’ ਦੇ ਪ੍ਰਸਾਰਣ ’ਤੇ ਰੋਕ ਲਾ ਦਿੱਤੀ ਹੈ। ਫ਼ਿਲਮ ਦੀ ਰਿਲੀਜ਼ ਤੇ ‘ਨਮੋ ਟੀਵੀ’ ਦਾ ਪ੍ਰਸਾਰਣ ਹੁਣ ਚੋਣ ਅਮਲ ਮੁਕੰਮਲ (19 ਮਈ) ਹੋਣ ਮਗਰੋਂ ਹੀ ਹੋ ਸਕੇਗਾ। ਪ੍ਰਧਾਨ ਮੰਤਰੀ ਦੀ ਬਾਇਓਪਿਕ ਪਹਿਲਾਂ ਭਲਕੇ ਵੀਰਵਾਰ 11 ਅਪਰੈਲ ਨੂੰ ਰਿਲੀਜ਼ ਹੋਣੀ ਸੀ। ਚੋਣ ਕਮਿਸ਼ਨ ਨੇ ਕਿਹਾ ਕਿ ਚੋਣਾਂ ਦੌਰਾਨ ਅਜਿਹੀ ਕਿਸੇ ਵੀ ਫ਼ਿਲਮ ਜਾਂ ਟੀਵੀ ਚੈਨਲ ਦੇ ਪ੍ਰਸਾਰਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਜੋ ਕਿਸੇ ਸਿਆਸੀ ਦਲ ਜਾਂ ਰਾਜਸੀ ਆਗੂ ਦੇ ਚੋਣਾਂ ਨਾਲ ਜੁੜੇ ਹਿਤਾਂ ਦੀ ਪੂਰਤੀ ਕਰਦੀ ਹੋਵੇ। ਸੁਪਰੀਮ ਕੋਰਟ ਨੇ ਲੰਘੇ ਦਿਨ ਬਾਇਓਪਿਕ ਦੇ ਪ੍ਰਦਰਸ਼ਨ ’ਤੇ ਰੋਕ ਲਾਉਣ ਦੀ ਮੰਗ ਕਰਦੀ ਪਟੀਸ਼ਨ ਇਹ ਕਹਿੰਦਿਆਂ ਖਾਰਜ ਕਰ ਦਿੱਤੀ ਸੀ ਕਿ ਅਜਿਹੀ ਰਾਹਤ ਲਈ ਚੋਣ ਕਮਿਸ਼ਨ ਦੇ ਦਰਾਂ ’ਤੇ ਦਸਤਕ ਵਧੇਰੇ ਢੁੱਕਵੀਂ ਹੋਵੇਗੀ। ਇਸ ਦੌਰਾਨ ਸੈਂਸਰ ਬੋਰਡ ਨੇ ਬਾਇਓਪਿਕ ਨੂੰ ‘ਯੂ’ ਸਰਟੀਫਿਕੇਟ ਦਿੱਤਾ ਹੈ। ਬਾਇਓਪਿਕ ’ਤੇ ਰੋਕ ਲਾਉਣ ਦੀ ਮੰਗ ਕਰਨ ਵਾਲੇ ਕਾਂਗਰਸੀ ਕਾਰਕੁਨ ਨੇ ਦਾਅਵਾ ਕੀਤਾ ਸੀ ਕਿ ਇਹ ਫ਼ਿਲਮ ਜਾਣਬੁੱਝ ਕੇ ਬਣਾਈ ਗਈ ਹੈ ਤਾਂ ਜੋ ਆਗਾਮੀ ਲੋਕ ਸਭਾ ਚੋਣਾਂ ਨੂੰ ਅਸਰਅੰਦਾਜ਼ ਕੀਤਾ ਜਾ ਸਕੇ। ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਦੀਪਕ ਗੁਪਤਾ ਤੇ ਜਸਟਿਸ ਸੰਜੀਵ ਖੰਨਾ ਦੇ ਬੈਂਚ ਨੇ ਲੰਘੇ ਦਿਨ ਕਾਂਗਰਸੀ ਕਾਰਕੁਨ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ, ‘ਅਸੀਂ ਇਸ ਪਟੀਸ਼ਨ ਨੂੰ ਵਿਚਾਰ ਦੇ ਯੋਗ ਨਹੀਂ ਸਮਝਦੇ ਹਾਂ।’ ਬੈਂਚ ਨੇ ਕਿਹਾ ਪਟੀਸ਼ਨਕਰਤਾ ਇਸ ਬਾਇਓਪਿਕ ਦੀ ਕਾਪੀ ਆਪਣੀ ਅਪੀਲ ਨਾਲ ਨੱਥੀ ਕਰਨ ਵਿੱਚ ਅਸਫ਼ਲ ਰਿਹਾ ਹੈ ਤੇ ਦੋ ਮਿੰਟ ਦੇ ਟ੍ਰੇਲਰ ਵਾਲੀ ਵੀਡੀਓ ਕਲੀਪਿੰਗ ਇਸ ਨਤੀਜੇ ’ਤੇ ਪੁੱਜਣ ਜਾਂ ਸਮੀਖਿਆ ਕਰਨ ਲਈ ਕਾਫ਼ੀ ਨਹੀਂ ਹੈ ਕਿ ਇਸ ਨਾਲ ਲੋਕ ਸਭਾ ਚੋਣਾਂ ਅਸਰਅੰਦਾਜ਼ ਹੋਣਗੀਆਂ। ਬੈਂਚ ਨੇ ਕਿਹਾ ਸੀ ਕਿ ਜੇਕਰ ਫ਼ਿਲਮ ਕਰਕੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਪੱਖ ਵਿੱਚ ਝੁਕਾਅ ਹੁੰਦਾ ਹੈ, ਜਿਵੇਂ ਕਿ ਕਾਂਗਰਸੀ ਕਾਰਕੁਨ ਨੇ ਤਰਕ ਦਿੱਤਾ ਹੈ, ਤਾਂ ਇਸ ਬਾਰੇ ਸ਼ਿਕਾਇਤ ਦੀ ਸਮੀਖਿਆ ਕਰਨ ਦਾ ਕੰਮ ਚੋਣ ਕਮਿਸ਼ਨ ਦਾ ਹੈ। ਸੁਪਰੀਮ ਕੋਰਟ ਨੇ ਫ਼ਿਲਮ ਰਿਲੀਜ਼ ਉਪਰ ਰੋਕ ਨਾ ਲਾ ਕੇ ਚੋਣ ਕਮਿਸ਼ਨ ਕੋਲ ਜਾਣ ਨੂੰ ਢੁੱਕਵਾਂ ਥਾਂ ਦੱਸਿਆ ਸੀ। ਬਾਇਓਪਿਕ ਵਿੱਚ ਅਦਾਕਾਰ ਵਿਵੇਕ ਓਬਰਾਏ ਨੇ ਮੋਦੀ ਦੀ ਭੂਮਿਕਾ ਨਿਭਾਈ ਹੈ।