ਅੰਮ੍ਰਿਤਸਰ (ਸਮਾਜਵੀਕਲੀ) : ਪੱਕੇ ਕਰਨ ਦੀ ਮੰਗ ਸਬੰਧੀ ਲੰਮੇ ਸਮੇਂ ਤੋਂ ਜੱਦੋ-ਜਹਿਦ ਕਰ ਰਹੇ ਰੂਰਲ ਫਾਰਮੇਸੀ ਅਫ਼ਸਰਾਂ ਨੇ ਅੱਜ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਲਾਇਆ ਅਤੇ ਮੰਗਾਂ ਪੂਰੀਆਂ ਨਾ ਹੋਣ ’ਤੇ ਡਿਊਟੀਆਂ ਦੇ ਮੁਕੰਮਲ ਬਾਈਕਾਟ ਦਾ ਐਲਾਨ ਕੀਤਾ।
ਰੂਰਲ ਫਾਰਮੇਸੀ ਅਫ਼ਸਰਜ਼ ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਗੁਰਦੀਪ ਸਿੰਘ ਕਲੇਰ ਨੇ ਆਖਿਆ ਕਿ ਪਿਛਲੇ 14 ਸਾਲਾਂ ਤੋਂ ਇਹ ਕਰਮਚਾਰੀ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਹਨ ਤੇ ਪੱਕੇ ਕਰਨ ਦੀ ਮੰਗ ਕਰ ਰਹੇ ਹਨ ਪਰ ਹੁਣ ਤਕ ਕੋਈ ਸੁਣਵਾਈ ਨਹੀਂ ਹੋਈ। ਸੂਬਾਈ ਕਮੇਟੀ ਦੇ ਫ਼ੈਸਲੇ ਮੁਤਾਬਕ ਸੂਬੇ ਭਰ ਵਿਚ ਰੂਰਲ ਫਾਰਮਾਸਿਸਟਾਂ ਵੱਲੋਂ ਡਿਊਟੀਆਂ ਦਾ ਮੁਕੰਮਲ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ
। ਇਹ ਬਾਈਕਾਟ ਅਣਮਿੱਥੇ ਸਮੇਂ ਲਈ ਹੋਵੇਗਾ। ਫਾਰਮਾਸਿਸਟਾਂ ਨੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਦੇ ਬਾਹਰ ਵੀ ਧਰਨਾ ਲਾਉਣ ਦਾ ਫ਼ੈਸਲਾ ਲਿਆ ਹੈ, ਜੋ ਪਿਛਲੇ ਦੋ ਮਹੀਨਿਆਂ ਤੋਂ ਪੱਕੇ ਕਰਨ ਸਬੰਧੀ ਲੋੜੀਂਦੀ ਕਾਰਵਾਈ ਦਾ ਭਰੋਸਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਕੈਬਨਿਟ ਮੀਟਿੰਗ ਵਿਚ ਉਨ੍ਹਾਂ ਦੀ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਹੋਰ ਤਿੱਖਾ ਕਰਨਗੇ।
ਧਰਨੇ ’ਤੇ ਬੈਠੀ ਸੁਖਜਿੰਦਰ ਕੌਰ ਤੇ ਪ੍ਰਦਰਸ਼ਨਕਾਰੀ ਰਣਜੀਤ ਕੁਮਾਰ ਨੇ ਆਖਿਆ ਕਿ 2006 ਵਿਚ ਕੈਪਟਨ ਸਰਕਾਰ ਵੱਲੋਂ ਰੂਰਲ ਫਾਰਮਾਸਿਸਟਾਂ ਦੀ ਭਰਤੀ ਕੀਤੀ ਗਈ ਸੀ, ਉਸ ਵੇਲੇ ਤੋਂ ਹੁਣ ਤਕ ਪੱਕੇ ਕਰਨ ਬਾਰੇ ਕੋਈ ਸੁਣਵਾਈ ਨਹੀਂ ਹੋਈ। ਇਸ ਮੌਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।