ਭਾਰਤੀ ਟੀਮ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ ਦੇ ਪਹਿਲੇ ਸੈਮੀ-ਫਾਈਨਲ ਵਿੱਚ ਮੰਗਲਵਾਰ ਨੂੰ ਨਿਊਜ਼ੀਲੈਂਡ ਨਾਲ ਭਿੜੇਗੀ, ਜਦਕਿ ਦੂਜਾ ਸੈਮੀ-ਫਾਈਨਲ ਮੇਜ਼ਬਾਨ ਇੰਗਲੈਂਡ ਅਤੇ ਮੌਜੂਦਾ ਚੈਂਪੀਅਨ ਆਸਟਰੇਲੀਆ ਵਿਚਾਲੇ ਵੀਰਵਾਰ ਨੂੰ ਖੇਡਿਆ ਜਾਵੇਗਾ। 45 ਮੈਚਾਂ ਦਾ ਲੀਗ ਗੇੜ ਆਸਟਰੇਲੀਆ ਤੇ ਦੱਖਣੀ ਅਫਰੀਕਾ ਵਿਚਾਲੇ ਹੋਏ ਆਖ਼ਰੀ ਮੁਕਾਬਲੇ ਨਾਲ ਖ਼ਤਮ ਹੋਇਆ ਹੈ। ਆਸਟਰੇਲੀਆ, ਭਾਰਤ, ਇੰਗਲੈਂਡ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਸ਼ਨਿੱਚਰਵਾਰ ਨੂੰ ਆਖ਼ਰੀ ਗਰੁੱਪ ਮੈਚ ਤੋਂ ਪਹਿਲਾਂ ਹੀ ਆਪਣੇ ਸੈਮੀ-ਫਾਈਨਲ ਵਿੱਚ ਥਾਂ ਬਣਾਉਣ ਬਾਰੇ ਜਾਣ ਚੁੱਕੀਆਂ ਸਨ, ਪਰ ਅੰਕ ਸੂਚੀ ਵਿੱਚ ਪੁਜ਼ੀਸ਼ਨ ਦਾ ਫ਼ੈਸਲਾ ਆਖ਼ਰੀ ਮੈਚ ਨਾਲ ਹੀ ਹੋਇਆ।
ਹੈਡਿੰਗਲੇ ਮੈਦਾਨ ਵਿੱਚ ਸ੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਗਰੁੱਪ ਗੇੜ ਦੀ ਸਮਾਪਤੀ ਜਿੱਤ ਨਾਲ ਕਰਦਿਆਂ ਅੰਕ ਸੂਚੀ ਵਿੱਚ ਆਸਟਰੇਲੀਆ ਨੂੰ ਪਛਾੜ ਦਿੱਤਾ, ਜਿਸ ਨੂੰ ਦੱਖਣੀ ਅਫਰੀਕਾ ਤੋਂ ਦਸ ਦੌੜਾਂ ਨਾਲ ਹਾਰ ਝੱਲਣੀ ਪਈ।
ਹੁਣ ਭਾਰਤ ਦਾ ਸਾਹਮਣਾ ਚੌਥੇ ਸਥਾਨ ’ਤੇ ਰਹਿਣ ਵਾਲੀ ਨਿਊਜ਼ੀਲੈਂਡ ਦੀ ਟੀਮ ਨਾਲ ਹੋਵੇਗਾ। ਇਹ ਮੈਚ ਦਿਲਚਸਪ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਦੋਵੇਂ ਟੀਮਾਂ ਇਸ ਵਿਸ਼ਵ ਕੱਪ ਦੌਰਾਨ ਇੱਕ-ਦੂਜੇ ਖ਼ਿਲਾਫ਼ ਖੇਡ ਨਹੀਂ ਸਕੀਆਂ ਕਿਉਂਕਿ ਟ੍ਰੈਂਟ ਬਰਿੱਜ ਵਿੱਚ 13 ਜੂਨ ਨੂੰ ਲੀਗ ਮੈਚ ਮੀਂਹ ਨੇ ਧੋ ਦਿੱਤਾ ਸੀ। ਭਾਰਤ ਇਸ ਗੇੜ ਦੌਰਾਨ ਸਿਰਫ਼ ਇੰਗਲੈਂਡ ਤੋਂ ਹਾਰਿਆ ਹੈ, ਜਿਸ ਕਾਰਨ ਉਸ ਦੇ ਨੌਂ ਮੈਚਾਂ ਵਿੱਚ 15 ਅੰਕ ਹਨ।
ਇਸੇ ਤਰ੍ਹਾਂ ਇਸ ਵਿਸ਼ਵ ਕੱਪ ਵਿੱਚ ਚੰਗੀ ਸ਼ੁਰੂਆਤ ਕਰਨ ਮਗਰੋਂ ਨਿਊਜ਼ੀਲੈਂਡ ਨੇ ਪਾਕਿਸਤਾਨ, ਆਸਟਰੇਲੀਆ ਅਤੇ ਇੰਗਲੈਂਡ ਖ਼ਿਲਾਫ਼ ਤਿੰਨ ਮੈਚ ਗੁਆ ਲਏ ਅਤੇ ਉਸ ਦੇ ਨੌਂ ਮੈਚਾਂ ਵਿੱਚ 11 ਅੰਕ ਹਨ।
ਰੋਹਿਤ ਸ਼ਰਮਾ ਨੇ ਬੱਲੇਬਾਜ਼ੀ ਵਿੱਚ ਲਾਜਵਾਬ ਪ੍ਰਦਰਸ਼ਨ ਕੀਤਾ। ਉਸ ਨੇ ਗਰੁੱਪ ਗੇੜ ਦੌਰਾਨ 647 ਦੌੜਾਂ ਬਣਾਈਆਂ, ਜਦਕਿ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦੀਆਂ 481 ਦੌੜਾਂ ਹਨ। ਆਸਟਰੇਲਿਆਈ ਟੀਮ ਆਖ਼ਰੀ ਗਰੁੱਪ ਮੈਚ ਵਿੱਚ ਹਾਰ ਕਾਰਨ ਦੂਜੇ ਸਥਾਨ ’ਤੇ ਖਿਸਕ ਗਈ, ਜਿਸ ਕਾਰਨ ਹੁਣ ਉਹ ਮੇਜ਼ਬਾਨ ਇੰਗਲੈਂਡ ਨਾਲ ਭਿੜੇਗੀ। ਆਰੋਨ ਫਿੰਚ ਦੀ ਟੀਮ ਨੇ ਜੂਨ ਦੇ ਅਖ਼ੀਰ ਵਿੱਚ ਲਾਰਡਜ਼ ’ਤੇ ਇੰਗਲੈਂਡ ਨੂੰ 64 ਦੌੜਾਂ ਹਰਾਇਆ ਸੀ।
ਕਪਤਾਨ ਫਿੰਚ (507 ਦੌੜਾਂ) ਅਤੇ ਡੇਵਿਡ ਵਾਰਨਰ (634 ਦੌੜਾਂ) ਬੱਲੇਬਾਜ਼ੀ ਵਿਚ ਆਸਟਰੇਲੀਆ ਦੇ ਸਟਾਰ ਖਿਡਾਰੀ ਰਹੇ ਹਨ, ਜਦਕਿ ਜੋਏ ਰੂਟ (500 ਦੌੜਾਂ) ਅਤੇ ਬੇਅਰਸਟੋ (462 ਦੌੜਾਂ) ਇੰਗਲੈਂਡ ਦੇ ਚੋਟੀ ਦੇ ਸਕੋਰਰ ਹਨ। ਗੇਂਦਬਾਜ਼ੀ ਵਿੱਚ ਮਿਸ਼ੇਲ ਸਟਾਰਕ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇਸ ਵਿਸ਼ਵ ਕੱਪ ਵਿੱਚ 26 ਵਿਕਟਾਂ ਲਈਆਂ ਹਨ, ਜਦਕਿ ਇੰਗਲੈਂਡ ਦੇ ਜੌਫਰਾ ਆਰਚਰ ਦੇ ਨਾਮ ਹਾਲੇ ਤੱਕ 17 ਵਿਕਟਾਂ ਹਨ।
HOME ਫਾਈਨਲ ’ਚ ਥਾਂ ਬਣਾਉਣ ਲਈ ਭਿੜਨਗੇ ਭਾਰਤ ਤੇ ਨਿਊਜ਼ੀਲੈਂਡ