ਘੁਸਪੈਠ ਰੋਕਣ ਲਈ ਨਵੀਂ ਕਵਾਇਦ

ਸੀਮਾ ਸੁਰੱਖਿਆ ਬਲ ਵੱਲੋਂ ਪੰਜਾਬ ਅਤੇ ਜੰਮੂ ਵਿੱਚ ਪੈਂਦੀ ਪਾਕਿਸਤਾਨ ਦੀ ਸਰਹੱਦ ਦੇ ਨਾਲ ਘੁਸਪੈਠ ਵਿਰੋਧੀ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ’ਤੇ ਤਿਆਰੀ ਆਰੰਭ ਦਿੱਤੀ ਗਈ ਹੈ, ਜਿਸ ਨਾਲ ਸਰਹੱਦੀ ਖੇਤਰ ਵਿੱਚ ਤਾਇਨਾਤ ਸਮੂਹ ਸੀਨੀਅਰ ਅਧਿਕਾਰੀ, ਹਜ਼ਾਰਾਂ ਜਵਾਨ ਅਤੇ ਮੂਹਰਲੇ ਖੇਤਰਾਂ ’ਚ ਲਗਾਈ ਮਸ਼ੀਨਰੀ ਗਤੀਸ਼ੀਲ ਹੋ ਗਈ ਹੈ।
ਪਹਿਲੀ ਜੁਲਾਈ ਤੋਂ ਸ਼ੁਰੂ ਹੋਏ ਇਸ ਅਪਰੇਸ਼ਨ ਨੂੰ ‘ਸੁਦਰਸ਼ਨ’ ਨਾਂ ਦਿੱਤਾ ਗਿਆ ਹੈ ਅਤੇ ਇਹ ਭਾਰਤ-ਪਾਕਿਤਸਾਨ ਸਰਹੱਦ ਦੇ ਸਮੂਹ ਇਕ ਹਜ਼ਾਰ ਕਿਲੋਮੀਟਰ ਲੰਬੇ ਖੇਤਰ ਵਿੱਚ ਚਲਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਕ ਹਜ਼ਾਰ ਕਿਲੋਮੀਟਰ ਲੰਬੀ ਇਸ ਸੰਵੇਦਨਸ਼ੀਲ ਕੌਮਾਂਤਰੀ ਸਰਹੱਦ ਦਾ 553 ਕਿਲੋਮੀਟਰ ਹਿੱਸਾ ਪੰਜਾਬ ਵਿੱਚ ਅਤੇ 485 ਕਿਲੋਮੀਟਰ ਹਿੱਸਾ ਜੰਮੂ ਵਿੱਚ ਪੈਂਦਾ ਹੈ। ਇਸ ਤੋਂ ਇਲਾਵਾ ਇਹ ਪੱਛਮ ਵੱਲ ਰਾਜਸਥਾਨ ਤੇ ਗੁਜਰਾਤ ਤੱਕ ਜਾਂਦਾ ਹੈ।
ਸੀਮਾ ਸੁਰੱਖਿਆ ਬਲ ਇਸ ਸਰਹੱਦ ਦੀ ਰੱਖਿਆ ਲਈ ਤਾਇਨਾਤ ‘ਪਹਿਲੀ ਸੁਰੱਖਿਆ ਪੱਟੀ’ ਹੈ। ਸੁਰੱਖਿਆ ਏਜੰਸੀ ਦੇ ਆਲਾ ਮਿਆਰੀ ਸੂਤਰਾਂ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਪਰੇਸ਼ਨ ‘ਸੁਦਰਸ਼ਨ’ ਲਈ ਭਾਰੀ ਮਸ਼ੀਨਰੀ, ਸੰਚਾਰ ਯੰਤਰਾਂ ਅਤੇ ਮੋਬਾਈਲ ਬੁਲੇਟਪਰੂਫ ਬੰਕਰਾਂ ਤੋਂ ਇਲਾਵਾ ਬੀਐੱਸਐੱਫ ਦੇ ਹਜ਼ਾਰਾਂ ਜਵਾਨਾਂ ਇਸ ਕਾਰਵਾਈ ਦਾ ਹਿੱਸਾ ਹਨ।
ਉਨ੍ਹਾਂ ਦੱਸਿਆ ਕਿ ਇੰਸਪੈਕਟਰ ਜਨਰਲ ਤੋਂ ਲੈ ਕੇ ਕਮਾਂਡੈਂਟ ਰੈਂਕ ਤੱਕ ਦੇ ਬਟਾਲੀਅਨ ਕਮਾਂਡਰ ਅਤੇ ਬੀਐੱਸਐੱਫ ਦੀਆਂ ਕਰੀਬ 40 ਬਟਾਲੀਅਨਾਂ ਦੇ ਕੰਪਨੀ (ਯੂਨਿਟ) ਕਮਾਂਡਰ ਦੋਵੇਂ ਸੂਬਿਆਂ ਵਿੱਚ ਪੰਦਰਾਂ ਦਿਨਾਂ ਦੇ ਅੰਦਰ ਅਪਰੇਸ਼ਨ ਨੂੰ ਪੂਰਾ ਕਰਨ ਲਈ ਮੂਹਰਲੇ ਖੇਤਰਾਂ ’ਚ ਡੇਰੇ ਲਗਾ ਰਹੇ ਹਨ। ਉਨ੍ਹਾਂ 15 ਜੁਲਾਈ ਤੱਕ ਕਾਰਵਾਈ ਪੂਰੀ ਕਰ ਕੇ ਵਾਪਸ ਆਪਣੇ ਪੱਕੇ ਟਿਕਾਣਿਆਂ ’ਤੇ ਪਰਤਣਾ ਹੈ। ਅਤਿਵਾਦੀਆਂ ਤੇ ਨਸ਼ਾ ਤਸਕਰਾਂ ਦੀ ਘੁਸਪੈਠ ਰੋਕਣ ਅਤੇ ਪਾਕਿਸਤਾਨ ਵੱਲੋਂ ਹੁੰਦੀ ਗੋਲੀਬਾਰੀ ਦਾ ਮੂੰਹਤੋੜ ਜਵਾਬ ਦੇਣ ਲਈ ਇਨ੍ਹਾਂ ਸਰਹੱਦਾਂ ’ਤੇ ਭਾਰਤੀ ਸੁਰੱਖਿਆ ਚੌਕੀਆਂ ਦੀ ਮਜ਼ਬੂਤੀ ਵਾਸਤੇ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ। ਸਰਕਾਰੀ ਸੂਤਰਾਂ ਅਨੁਸਾਰ ਇਸ ਵੱਡੀ ਕਾਰਵਾਈ ਨੂੰ ‘ਸੁਦਰਸ਼ਨ’ ਦਾ ਨਾਂ ਦਿੱਤਾ ਗਿਆ ਹੈ ਜੋ ਮਿਥਿਹਾਸ ’ਚੋਂ ਭਗਵਾਨ ਕ੍ਰਿਸ਼ਨ ਦੇ ਸੁਦਰਸ਼ਨ ਚੱਕਰ ਤੋਂ ਲਿਆ ਗਿਆ ਹੈ ਜੋ ਦੁਸ਼ਮਣਾਂ ਦਾ ਨਾਸ ਕਰ ਕੇ ਮੁੜ ਆਪਣੀ ਜਗ੍ਹਾ ’ਤੇ ਆ ਜਾਂਦਾ ਹੈ। ਕਮਾਂਡਰਾਂ ਨੂੰ ਵਾਚ ਟਾਵਰ ਬਣਾਉਣ, ਗੋਲੀ ਬਾਰੂਦ ਪੂਰੀ ਤਰ੍ਹਾਂ ਭਰਨ, ਤੋਪਾਂ ਦੀਆਂ ਪੁਜ਼ੀਸ਼ਨਾਂ ਮਜ਼ਬੂਤ ਕਰਨ, ਸਰਹੱਦ ’ਤੇ ਲਗਾਈ ਕੰਡਿਆਲੀ ਤਾਰ ਨੂੰ ਚੈੱਕ ਕਰਨ ਤੇ ਜੇ ਕਿਧਰੋਂ ਤਾਰ ਟੁੱਟੀ ਹੋਈ ਹੈ ਉਸ ਨੂੰ ਜੋੜਨ, ਸਰਹੱਦੋਂ ਆਰ-ਪਾਰ ਬਣੀਆਂ ਸੁਰੰਗਾਂ ਦਾ ਪਤਾ ਲਗਾਉਣ ਅਤੇ ਘੁਸਪੈਠ ਵਾਲੇ ਸਰਹੱਦੀ ਖੇਤਰ ’ਚ ਹੋਰ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰਨ ਲਈ ਕਿਹਾ ਗਿਆ ਹੈ। ਕਮਾਂਡਰਾਂ ਨੂੰ ਜਵਾਨਾਂ ਵੱਲੋਂ ਸਾਰੇ ਸੁਰੱਖਿਆ ਮਾਪਦੰਡ ਅਪਣਾਏ ਜਾਣ ਜਿਵੇਂ ਕਿ ਬੁਲੇਟ ਪਰੂਫ ਜੈਕਟਾਂ ਪਾਉਣੀਆਂ, ਹੈੱਡ ਗੇਅਰ ਪਾਉਣੇ ਆਦਿ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ। ਸਰਹੱਦ ’ਤੇ ਪਾਰਦਰਸ਼ਤਾ ਲਈ ਸਰਕੰਡੇ ਕੱਟਣ ਲਈ ਕਿਹਾ ਗਿਆ ਹੈ। ਸਰਹੱਦ ’ਤੇ ਕੁਝ 4×4 ਵਾਹਨ ਭੇਜੇ ਗਏ ਹਨ। ਸੂਤਰਾਂ ਅਨੁਸਾਰ ਇਸ ਅਪਰੇਸ਼ਨ ਨੂੰ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੋਣ ਤੋਂ ਪਹਿਲਾਂ ਪੂਰਾ ਕਰ ਲਿਆ ਜਾਵੇਗਾ ਕਿਉਂਕਿ ਬਾਰਿਸ਼ਾਂ ਵਿੱਚ ਇਨ੍ਹਾਂ ਮੂਹਰਲੇ ਖੇਤਰਾਂ ਤੱਕ ਪਹੁੰਚਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਕਾਰਵਾਈ ਦੇ ਖ਼ਤਮ ਹੋਣ ’ਤੇ ਹਾਸਲ ਹੋਏ ਨਤੀਜਿਆਂ ਦੀ ਬੀਐੱਸਐੱਫ ਦੇ ਡਾਇਰੈਕਟਰ ਰਜਨੀ ਕਾਂਤ ਮਿਸ਼ਰਾ ਅਤੇ ਸਰਹੱਦ ਦੀ ਸੁਰੱਖਿਆ ਕਰਦੇ ਬਲਾਂ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਸਮੀਖਿਆ ਕੀਤੀ ਜਾਵੇਗੀ।

Previous articleਉਮੀਦਾਂ ’ਤੇ ਭਾਰੂ ਨਾ ਹੋਵੇ ਡਰ ਦੀ ਸਿਆਸਤ: ਮਨਮੋਹਨ ਸਿੰਘ
Next articleਫਾਈਨਲ ’ਚ ਥਾਂ ਬਣਾਉਣ ਲਈ ਭਿੜਨਗੇ ਭਾਰਤ ਤੇ ਨਿਊਜ਼ੀਲੈਂਡ