ਨਵੀਂ ਦਿੱਲੀ- ਆਲਮੀ ਪੱਧਰ ’ਤੇ ਅਤਿਵਾਦ ਨੂੰ ਵਿੱਤੀ ਮਦਦ ਦੇਣ ਦੇ ਮਾਮਲਿਆਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ‘ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ’ ਨੇ ਅਤਿਵਾਦ ਨੂੰ ਫੰਡ ਮੁਹੱਈਆ ਕਰਾਉਣ ਦਾ ਸਿਲਸਿਲਾ ਰੋਕਣ ’ਚ ਨਾਕਾਮ ਰਹਿਣ ’ਤੇ ਪਾਕਿਸਤਾਨ ਨੂੰ ਅਜੇ ਵੀ ‘ਸਲੇਟੀ ਸੂਚੀ’ ਵਿੱਚ ਰੱਖਿਆ ਹੈ। ਜੇ ਪਾਕਿਸਤਾਨ ਅਤਿਵਾਦੀ ਸੰਗਠਨਾਂ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਨੂੰ ਮਿਲਦੇ ਫੰਡ ਰੋਕਣ ’ਚ ਨਾਕਾਮ ਰਹਿੰਦਾ ਹੈ, ਤਾਂ ਉਸ ਖ਼ਿਲਾਫ਼ ਹੋਰ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਇਹ ਫ਼ੈਸਲਾ ਪੈਰਿਸ ਵਿੱਚ ਹੋਈ ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਮੀਟਿੰਗ ਵਿੱਚ ਲਿਆ ਗਿਆ।
ਸੂਤਰਾਂ ਮੁਤਾਬਕ ਫਾਇਨਾਂਸ਼ੀਅਲ ਟਾਸਕ ਫੋਰਸ ਨੇ ਪਾਕਿਸਤਾਨ ਨੂੰ ਮੁੜ ‘ਸਲੇਟੀ ਸੂਚੀ’ ਵਿੱਚ ਰੱਖਣ ਦਾ ਫ਼ੈਸਲਾ ਕੀਤਾ ਹੈ ਅਤੇ ਨਾਲ ਹੀ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਇਸ ਨੇ ਜੂਨ ਤੱਕ ਫੋਰਸ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨਾ ਕੀਤੀ ਤਾਂ ਇਸ ਨੂੰ ਵੱਡਾ ਜੋਖਮ ਝੱਲਣਾ ਪੈ ਸਕਦਾ ਹੈ। ਫੋਰਸ ਨੇ ਕਿਹਾ ਕਿ ਅਤਿਵਾਦੀ ਸੰਗਠਨਾਂ ਨੂੰ ਫੰਡਿੰਗ ਰੋਕਣ ਲਈ ਪਾਕਿਸਤਾਨ ਨੂੰ 27 ਕਾਰਵਾਈਆਂ ਕਰਨ ਲਈ ਆਖਿਆ ਗਿਆ ਸੀ ਪਰ ਇਸ ਨੇ ਇਨ੍ਹਾਂ ਵਿੱਚੋਂ ਕੁਝ ਹੀ ਕੰਮ ਹੀ ਕੀਤੇ ਹਨ। ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਤੇ ਹਿਜ਼ਬੁਲ ਮੁਜਾਹਿਦੀਨ ਭਾਰਤ ’ਤੇ ਲੜੀਵਾਰ ਹਮਲਿਆਂ ਲਈ ਜ਼ਿੰਮੇਵਾਰ ਹਨ।
ਐੱਫਏਟੀਐੱਫ ਨੇ ਆਖਿਆ ਕਿ ਪਾਕਿਸਤਾਨ ਜੂਨ ਤੱਕ ਤੇਜ਼ੀ ਨਾਲ ਫੋਰਸ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਵੇ। ਪਾਕਿਸਤਾਨ ਨੂੰ ਸਲੇਟੀ ਸੂਚੀ ਵਿੱਚ ਲਗਾਤਾਰ ਰੱਖੇ ਜਾਣ ਕਾਰਨ ਇਸ ਮੁਲਕ ਨੂੰ ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ), ਵਿਸ਼ਵ ਬੈਂਕ, ਦਿ ਏਡੀਬੀ ਅਤੇ ਦਿ ਯੂਰਪੀਅਨ ਯੂਨੀਅਨ ਵੱਲੋਂ ਦਿੱਤੀ ਜਾਂਦੀ ਮਾਲੀ ਸਹਾਇਤਾ ਮਿਲਣ ’ਚ ਔਖ ਆਵੇਗੀ। ਇਸ ਤਰ੍ਹਾਂ ਇਸ ਮੁਲਕ ਨੂੰ ਵਿੱਤੀ ਸੰਕਟ ਨਾਲ ਨਜਿੱਠਣ ਲਈ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ। ਸੂਤਰਾਂ ਮੁਤਾਬਕ ਜੇ ਪਾਕਿਸਤਾਨ ਐੱਫਏਟੀਐੱਫ ਦੇ ਨਿਰਦੇਸ਼ ਮੰਨਣ ’ਚ ਮੁੜ ਨਾਕਾਮ ਰਹਿੰਦਾ ਹੈ ਤਾਂ ਆਲਮੀ ਇਕਾਈ ਇਸ ਮੁਲਕ ਨੂੰ ਉੱਤਰੀ ਕੋਰੀਆ ਤੇ ਈਰਾਨ ਵਾਂਗ ਕਾਲੀ ਸੂਚੀ ਵਿੱਚ ਸ਼ਾਮਿਲ ਕਰ ਦੇਵੇਗੀ। ਭਾਰਤ ਲਗਾਤਾਰ ਇਹ ਗੱਲ ਜ਼ੋਰ ਦੇ ਕੇ ਕਹਿੰਦਾ ਆਇਆ ਹੈ ਕਿ ਪਾਕਿਸਤਾਨ ਦਾ ਅਤਿਵਾਦ ਸੰਗਠਨਾਂ ਨੂੰ ਪੂਰਾ ਸਹਿਯੋਗ ਹੈ। ਇਨ੍ਹਾਂ ਸੰਗਠਨਾਂ ਦਾ ਮੁੱਖ ਨਿਸ਼ਾਨਾ ਹਮੇਸ਼ਾਂ ਭਾਰਤ ਰਿਹਾ ਹੈ। ਭਾਰਤ ਲਗਾਤਾਰ ਐੱਫਏਟੀਐੱਫ ਨੂੰ ਅਪੀਲ ਕਰਦਾ ਰਿਹਾ ਹੈ ਕਿ ਇਸਲਾਮਾਬਾਦ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਭਾਰਤ ਇਸ ਸਬੰਧੀ ਸਬੂਤ ਵੀ ਜੁਟਾਉਂਦਾ ਰਿਹਾ ਹੈ।
ਜ਼ਿਕਰਯੋਗ ਹੈ ਕਿ ‘ਸਲੇਟੀ ਸੂਚੀ’ ਵਿੱਚੋਂ ਬਾਹਰ ਨਿਕਲਣ ਲਈ ਪਾਕਿਸਤਾਨ ਨੂੰ 39 ਵਿੱਚੋਂ 12 ਵੋਟ ਲੋੜੀਂਦੇ ਹਨ ਤਾਂ ਹੀ ਇਹ ਸਫ਼ੈਦ ਸੂਚੀ ਵਿੱਚ ਸ਼ਾਮਿਲ ਹੋ ਸਕੇਗਾ। ਕਾਲੀ ਸੂਚੀ ਵਿੱਚ ਨਾ ਜਾਣ ਲਈ ਇਸ ਨੂੰ ਤਿੰਨ ਮੁਲਕਾਂ ਦੇ ਸਹਿਯੋਗ ਦੀ ਲੋੜ ਹੈ। ਚੇਤੇ ਰਹੇ ਪਾਕਿਸਤਾਨ ਵਿੱਚ ਅਤਿਵਾਦ ਵਿਰੋਧੀ ਅਦਾਲਤ ਵੱਲੋਂ ਸੰਨ 2008 ਵਿੱਚ ਮੁੰਬਈ ਹਮਲਿਆਂ ਦੇ ਸਾਜ਼ਿਸ਼ਘਾੜੇ ਅਤੇ ਲਸ਼ਕਰ-ਏ-ਤੋਇਬਾ ਦੇ ਮੁਖੀ ਹਾਫਿਜ਼ ਸਈਦ ਨੂੰ ਦੋ ਕੇਸਾਂ ਵਿੱਚ 11 ਸਾਲਾਂ ਦੀ ਸਜ਼ਾ ਸੁਣਾਈ ਗਈ ਸੀ, ਇਸ ਦੇ ਇਕ ਹਫ਼ਤੇ ਮਗਰੋਂ ਐੱਫਏਟੀਐੱਫ ਦੀ ਮੀਟਿੰਗ ਹੋਈ ਹੈ। ਪਾਕਿਸਤਾਨ ਨੇ ਹਾਲ ਹੀ ’ਚ ਐੱਫਏਟੀਐੱਫ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਜੈਸ਼-ਏ-ਮੁਹੰਮਦ ਦਾ ਮੁਖੀ ਮਸੂਦ ਅਜ਼ਹਰ ਤੇ ਉਸ ਦਾ ਪਰਿਵਾਰ ਲਾਪਤਾ ਹੈ।
HOME ਫਾਇਨਾਂਸ਼ੀਅਲ ਟਾਸਕ ਫੋਰਸ ਵੱਲੋਂ ਪਾਕਿ ਮੁੜ ਸਲੇਟੀ ਸੂਚੀ ਵਿੱਚ ਸ਼ਾਮਿਲ