ਫ਼ੌਜ ਨੂੰ ਕਦੇ ‘ਨਿੱਜੀ ਮੰਤਵਾਂ ਦੀ ਪੂਰਤੀ ਲਈ’ ਨਹੀਂ ਵਰਤਾਂਗਾ: ਬਾਇਡਨ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕੀ ਰਾਸ਼ਟਰਪਤੀ ਚੋਣਾਂ ਲਈ ਡੈਮੋਕਰੈਟ ਉਮੀਦਵਾਰ ਜੋਅ ਬਾਇਡਨ ਨੇ ਅੱਜ ਕਿਹਾ ਕਿ ਰਾਸ਼ਟਰਪਤੀ ਵਜੋਂ ਉਹ ਫ਼ੌਜ ਨੂੰ ਕਦੇ ਵੀ ‘ਆਪਣੇ ਮੰਤਵਾਂ ਦੀ ਪੂਰਤੀ ਲਈ ਨਹੀਂ ਵਰਤਣਗੇ।’ ਰਾਸ਼ਟਰਪਤੀ ਡੋਨਲਡ ਟਰੰਪ ਉਤੇ ਅਮਰੀਕੀ ਬਲਾਂ ਨੂੰ ਆਪਣੀ ‘ਨਿੱਜੀ ਬਦਲਾਖੋਰੀ’ ਲਈ ਤਾਇਨਾਤ ਕਰਨ ਦਾ ਦੋਸ਼ ਲਾਉਂਦਿਆਂ ਬਾਇਡਨ ਨੇ ਕਿਹਾ ਕਿ ਉਨ੍ਹਾਂ ਨਾਗਰਿਕ ਹੱਕਾਂ ਦਾ ਘਾਣ ਕੀਤਾ ਹੈ।

ਅਮਰੀਕੀ ਨੈਸ਼ਨਲ ਗਾਰਡ ਐਸੋਸੀਏਸ਼ਨ ਦੀ ਜਨਰਲ ਕਾਨਫ਼ਰੰਸ ਨੂੰ ਆਨਲਾਈਨ ਸੰਬੋਧਨ ਕਰਦਿਆਂ ਬਾਇਡਨ ਨੇ ਕਿਹਾ ਕਿ ਟਰੰਪ ਨੇ ਸਿਫ਼ਾਰਿਸ਼ ਕੀਤੀ ‘ਕਿ ਤੁਹਾਨੂੰ ਆਪਣੇ ਸਾਥੀ ਨਾਗਰਿਕਾਂ ਉਤੇ ਹੀ ਦਬਾਅ ਬਣਾਉਣ ਲਈ ਵਰਤਿਆ ਜਾਵੇ ਜਦਕਿ ਉਹ ਤਾਂ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਗਟਾਉਣ ਦੇ ਆਪਣੇ ਹੱਕ ਦੀ ਵਰਤੋਂ ਕਰ ਰਹੇ ਸਨ।’ ਬਾਇਡਨ ਨੇ ਕਿਹਾ ਕਿ ‘ਅਸੀਂ ਇਸ ਸਭ ਤੋਂ ਕਿਤੇ ਬਿਹਤਰ ਹਾਂ। ਤੁਸੀਂ ਇਸ ਸਭ ਤੋਂ ਬਿਹਤਰ ਦੇ ਹੱਕਦਾਰ ਹੋ।’

ਜ਼ਿਕਰਯੋਗ ਹੈ ਕਿ ਜਾਇੰਟ ਚੀਫ਼ ਆਫ਼ ਸਟਾਫ਼ ਜਨਰਲ ਮਾਰਕ ਮਾਇਲੀ ਨੇ ਕਾਂਗਰਸ ਨੂੰ ਦੱਸਿਆ ਸੀ ਕਿ ਹਥਿਆਰਬੰਦ ਬਲਾਂ ਦੀ ਚੋਣਾਂ ਕਰਵਾਉਣ ਜਾਂ ਵਿਵਾਦਤ ਵੋਟ ਬਾਰੇ ਕੁਝ ਕਰਨ ’ਚ ਕੋਈ ਭੂਮਿਕਾ ਨਹੀਂ ਹੈ। ਜੋਅ ਬਾਇਡਨ ਨੇ ਕਿਹਾ ਕਿ ਉਹ ਨਾਗਰਿਕ ਤੇ ਫ਼ੌਜੀ ਤਾਕਤਾਂ ਨੂੰ ਵੱਖ ਕਰਨਾ ਯਕੀਨੀ ਬਣਾਉਣਗੇ ਜੋ ਕਿ ਇਸ ਗਣਰਾਜ ਦਾ ਮੁੱਢਲਾ ਸਿਧਾਂਤ ਵੀ ਹੈ। ਦੱਸਣਯੋਗ ਹੈ ਕਿ ਟਰੰਪ ਡਾਕ ਰਾਹੀਂ ਵੋਟਾਂ ਦਾ ਵੀ ਵਿਰੋਧ ਕਰ ਰਹੇ ਹਨ ਤੇ ਕਹਿ ਰਹੇ ਹਨ ਕਿ ਜੇ ਉਹ ਹਾਰ ਗਏ ਤਾਂ ਨਤੀਜੇ ਸਵੀਕਾਰ ਨਹੀਂ ਕਰਨਗੇ।

Previous articleਟਰੰਪ ਦੀ ਕਨਵੈਨਸ਼ਨ ਨੂੰ ਲੈ ਕੇ ਸਿਹਤ ਮਾਹਿਰ ਫਿਕਰਮੰਦ
Next articleAyodhya mosque trust also invites donations