ਜਲ ਸੈਨਾ ਦੇ ਸਾਬਕਾ ਐਡਮਿਰਲ ਐਲ ਰਾਮਦਾਸ ਸਿਆਸੀ ਪਾਰਟੀਆਂ ਵੱਲੋਂ ਪੁਲਵਾਮਾ ਹਮਲੇ, ਬਾਲਾਕੋਟ ਕਾਰਵਾਈ ਅਤੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦੇ ਅਪ੍ਰੇਸ਼ਨ ਦਾ ਸਿਆਸੀਕਰਨ ਕੀਤੇ ਜਾਣ ਤੋਂ ਨਿਰਾਸ਼ ਹਨ। ਉਨ੍ਹਾਂ ਚੋਣ ਕਮਿਸ਼ਨ ਨੂੰ ਇਸ ਸਬੰਧੀ ਪੱਤਰ ਲਿਖ ਕੇ ਕਿਹਾ ਸਿਆਸੀ ਪਾਰਟੀਆਂ ਨੂੰ ਲੋਕ ਸਭਾ ਚੋਣਾਂ ’ਚ ਅਜਿਹੇ ਮੁੱਦੇ ਉਭਾਰਨ ਤੋਂ ਰੋਕਣ ਲਈ ਕਿਹਾ ਹੈ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੂੰ ਲਿਖੇ ਖੁੱਲ੍ਹੇ ਪੱਤਰ ’ਚ ਐਡਮਿਰਲ (ਸੇਵਾਮੁਕਤ) ਐਲ ਰਾਮਦਾਸ ਨੇ ਫ਼ੌਜ ਵੱਲੋਂ ਹੁਣੇ ਜਿਹੇ ਦਿਖਾਈ ਗਈ ਬਹਾਦਰੀ ਦੀ ਵਰਤੋਂ ਸਿਆਸੀ ਲਾਹੇ ਲਈ ਕੀਤੇ ਜਾਣ ’ਤੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ,‘‘ਹੁਣ ਕੁਝ ਹਫ਼ਤਿਆਂ ’ਚ ਚੋਣਾਂ ਹੋਣਗੀਆਂ ਜਿਸ ਦੌਰਾਨ ਕਿਸੇ ਵੀ ਸਿਆਸੀ ਪਾਰਟੀ ਨੂੰ ਹਾਲ ਦੀਆਂ ਘਟਨਾਵਾਂ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ ਤਾਂ ਜੋ ਉਸ ਦਾ ਵੋਟਰਾਂ ’ਤੇ ਅਸਰ ਪਏ।’’ ਆਪਣੇ ਦੋ ਪੰਨਿਆਂ ਦੇ ਪੱਤਰ ’ਚ ਜਲ ਸੈਨਾ ਦੇ ਸਾਬਕਾ ਮੁਖੀ ਨੇ ਕਿਹਾ ਕਿ ਫ਼ੌਜ ਨੇ ਹਮੇਸ਼ਾ ਸਿਆਸਤ ਤੋਂ ਅੱਡ ਰਹਿ ਕੇ ਧਰਮ ਨਿਰਪੱਖਤਾ ਦੀ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਫ਼ੌਜ ਦੀ ਨੀਂਹ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਸਵੀਕਾਰ ਨਹੀਂ ਹੋਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਕਈ ਹੋਰ ਸਾਬਕਾ ਫ਼ੌਜੀ ਵੀ ਭਾਰਤੀ ਹਥਿਆਰਬੰਦ ਬਲਾਂ ਦੀ ਅਖੰਡਤਾ ਅਤੇ ਧਰਮ ਨਿਰਪੱਖਤਾ ਨੂੰ ਢਾਹ ਲਾਉਣ ਵਾਲੀਆਂ ਕੋਸ਼ਿਸ਼ਾਂ ਤੋਂ ਗੁੱਸੇ ’ਚ ਹਨ ਪਰ ਸਮੇਂ ਦੀ ਘਾਟ ਹੋਣ ਕਰਕੇ ਉਹ ਪੱਤਰ ’ਚ ਜ਼ਿਆਦਾ ਦਸਤਖ਼ਤ ਨਹੀਂ ਕਰਵਾ ਸਕੇ। ਉਨ੍ਹਾਂ ਚੋਣ ਕਮਿਸ਼ਨ ਨੂੰ ਫ਼ੌਰੀ ਇਸ ਮਾਮਲੇ ’ਚ ਦਖ਼ਲ ਦੇ ਕੇ ਸਿਆਸੀ ਪਾਰਟੀਆਂ ਨੂੰ ਸਖ਼ਤ ਸੁਨੇਹਾ ਦੇਣ ਲਈ ਕਿਹਾ ਹੈ ਤਾਂ ਜੋ ਉਹ ਫ਼ੌਜ ਬਾਬਤ ਸਮੱਗਰੀ, ਰਿਪੋਰਟਾਂ ਜਾਂ ਹੋਰ ਸੂਚਨਾ ਨੂੰ ਚੋਣ ਪ੍ਰਚਾਰ ਦਾ ਸਾਧਨ ਨਾ ਬਣਾ ਸਕਣ।
INDIA ਫ਼ੌਜੀ ਕਾਰਵਾਈਆਂ ਦੇ ਸਿਆਸੀਕਰਨ ਤੋਂ ਸਾਬਕਾ ਜਲ ਸੈਨਾ ਮੁਖੀ ਖ਼ਫ਼ਾ