ਫ਼ਾਰੂਕ ਨੇ ਮੋਦੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ

ਸ੍ਰੀਨਗਰ: ਨੈਸ਼ਨਲ ਕਾਨਫ਼ਰੰਸ ਦੇ ਮੁਖੀ ਫ਼ਾਰੂਕ ਅਬਦੁੱਲਾ ਨੇ ਆਪਣੀ ਪਾਰਟੀ ਦੇ ਮੈਂਬਰਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ। ਅਬਦੁੱਲਾ ਦੀ ਇਸ ਮੁਲਾਕਾਤ ਦਾ ਮੰਤਵ ਕੇਂਦਰੀ ਨੀਮ ਫ਼ੌਜੀ ਬਲਾਂ ਦੀਆਂ ਵਾਧੂ 100 ਕੰਪਨੀਆਂ ਘਾਟੀ ਵਿਚ ਭੇਜਣ ਦੇ ਕੇਂਦਰ ਦੇ ਕਦਮ ਦੇ ਮੱਦੇਨਜ਼ਰ ਮੋਦੀ ਨੂੰ ਜੰਮੂ ਕਸ਼ਮੀਰ ਦੀ ਤਾਜ਼ਾ ਸਥਿਤੀ ਨਾਲ ਜਾਣੂ ਕਰਵਾਉਣਾ ਹੈ। ਨੈਸ਼ਨਲ ਕਾਨਫ਼ਰੰਸ ਦੇ ਇਕ ਸੀਨੀਅਰ ਆਗੂ ਨੇ ਇੱਥੇ ਕਿਹਾ ਕਿ ਅਬਦੁੱਲਾ ਤੇ ਐਨਸੀ ਦੇ ਦੋ ਸੰਸਦ ਮੈਂਬਰ ਜਸਟਿਸ (ਸੇਵਾਮੁਕਤ) ਹਸਨੈਨ ਮਸੂਦੀ ਤੇ ਮੁਹੰਮਦ ਅਕਬਰ ਲੋਨ ਨੇ ਪ੍ਰਧਾਨ ਮੰਤਰੀ ਨਾਲ ਤੁਰੰਤ ਮੁਲਾਕਾਤ ਲਈ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਰਾਜ ਦੀ ਵਰਤਮਾਨ ਸਥਿਤੀ ਬਾਰੇ ਲੋਕ ਸਭਾ ਵਿਚ ਚਰਚਾ ਕਰੇਗੀ, ਜਿਸ ਦੇ ਲਈ ਸਦਨ ਨੂੰ ਵੀ ਜ਼ਰੂਰੀ ਨੋਟਿਸ ਦਿੱਤਾ ਗਿਆ ਹੈ। ਐਨਸੀ ਆਗੂ ਨੇ ਕਿਹਾ ਕਿ ਅਬਦੁੱਲਾ ਘਾਟੀ ਵਿਚ ਸਥਿਤੀ ’ਤੇ ਆਮ ਸਹਿਮਤੀ ਬਣਾਉਣ ਬਾਰੇ ਕੌਮੀ ਪੱਧਰ ’ਤੇ ਵਿਰੋਧੀ ਧਿਰਾਂ ਦੀ ਇਕ ਬੈਠਕ ਸੱਦਣ ਦਾ ਯਤਨ ਕਰ ਰਹੇ ਹਨ। ਇਸ ਤੋਂ ਪਹਿਲਾਂ ਪੀਡੀਪੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਨੂੰ ਰਾਜ ਵਿਚ ਵਰਤਮਾਨ ਸਥਿਤੀ ਬਾਰੇ ਸਾਰੀਆਂ ਧਿਰਾਂ ਦੀ ਸਾਂਝੀ ਬੈਠਕ ਸੱਦਣ ਲਈ ਕਿਹਾ ਸੀ। ਹਾਲਾਂਕਿ ਐਨਸੀ ਆਗੂ ਉਮਰ ਅਬਦੁੱਲਾ ਨੇ ਜਵਾਬ ਦਿੰਦਿਆਂ ਕਿਹਾ ਕਿ ਪਾਰਟੀ ਰਾਜ ਲਈ ਕੇਂਦਰ ਦੇ ਇਰਾਦਿਆਂ ਨੂੰ ਸਮਝਣ ਦਾ ਯਤਨ ਕਰ ਰਹੀ ਹੈ।

Previous articleਪ੍ਰਿਯੰਕਾ ਕਾਂਗਰਸ ਪ੍ਰਧਾਨ ਬਣਨ ਦੇ ਸਮਰੱਥ: ਕੈਪਟਨ
Next articleਉਨਾਓ ਹਾਦਸਾ: ਭਾਜਪਾ ਵਿਧਾਇਕ ਖ਼ਿਲਾਫ਼ ਹੱਤਿਆ ਦਾ ਕੇਸ ਦਰਜ