ਫਰੈਂਕਫੋਰਟ ਵਿੱਚ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦਾ ਮਨਾਇਆ ਸ਼ਹਾਦਤ ਦਿਹਾੜਾ 

ਸਿੱਖ ਪ੍ਰਚਾਰਿਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੂੰ ਗਿਆਨੀ ਦਿੱਤ ਸਿੰਘ ਜੀ ਗੋਲਡ ਮੈਡਲ ਨਾਲ ਕੀਤਾ ਸਨਮਾਨਿਤ
ਜਰਮਨੀ – (ਹਰਜਿੰਦਰ ਛਾਬੜਾ) ਫਰੈਂਕਫੋਰਟ – ਗੁਰਦੁਆਰਾ ਸਿੱਖ ਸੈਟਰ ਫਰੈਂਕਫੋਰਟ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ਼ਹੀਦਾਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦਾ ਸ਼ਹਾਦਤ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਦੀਵਾਨ ਸਜਾਏ ਗਏ । ਬੱਚਿਆਂ ਦੇ ਕੀਰਤਨੀ ਜਥੇ ਤੇ ਭਾਈ ਇੰਦਰਜੀਤ ਸਿੰਘ ਜੀ ਸਿਰਸਾ ਦੇ ਜਥੇ ਨੇ ਇਲਾਹੀ ਗੁਰਬਾਣੀ ਦੇ ਕੀਰਤਨ ਦੁਆਰਾ ਗੁਰੂ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਅਰਪਣ ਕੀਤੇ । ਇਸ ਮੌਕੇ ਪੰਜਾਬ ਦੀ ਧਰਤੀ ਤੋਂ ਵਿਸ਼ੇਸ਼ ਤੌਰ ਤੇ ਪ੍ਰਬੰਧਕਾ ਦੇ ਸੱਦੇ ਤੇ ਪੰਹੁਚੇ ਸਿੱਖ ਪ੍ਰਚਾਰਿਕ ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਲਾਹੀ ਉਪਦੇਸ਼ਾਂ ਦੀਆਂ ਵੀਚਾਰਾਂ ਕੀਤੀਆਂ ਉਥੇ ਗੁਰੂ ਗ੍ਰੰਥ ਸਾਹਿਬ ਦੀ ਵੀਚਾਰਧਾਰਾ ਦੇ ਅਨੁਸਾਰੀ ਗੁਰੂ ਸਾਹਿਬ ਜੀ ਦੇ ਇਤਹਾਸ ਦੀ ਸਾਂਝ ਸੰਗਤਾਂ ਨਾਲ ਪਾਈ ।
                 ਭਾਈ ਪੰਥਪ੍ਰੀਤ ਸਿੰਘ ਨੇ ਵਿਚਾਰ ਕਰਦਿਆਂ ਕਿਹਾ ਕਿ ਸੱਚ ਤੇ ਝੂਠ ਦੀ ਲੜਾਈ ਗੁਰੂ ਕਾਲ ਤੋਂ ਹੀ ਚੱਲਦੀ ਆ ਰਹੀ ਹੈ ਤੇ ਗੁਰੂ ਸਾਹਿਬ ਜੀ ਦੇ ਸੱਚ ਦਾ ਵਿਰੋਧ ਵਕਤ ਦੀ ਹਕੂਮਤ ਦੇ ਨਾਲ ਨਾਲ ਉਸ ਵਕਤ ਦੇ ਅਖੌਤੀ ਧਰਮ ਦੇ ਠੇਕੇਦਾਰਾਂ ਨੇ ਵੀ ਕੀਤਾ । ਗੁਰੂ ਸਾਹਿਬ ਜੀ ਦੀ ਸ਼ਹਾਦਤ ਵੀ ਸੱਚ ਦੀ ਖਾਤਰ ਹੋਈ ਸੀ ਜਿਸ ਦੀ ਉਹਨਾਂ ਨੇ ਵਿਸਥਾਰ ਨਾਲ ਵਿਖਿਆਨ ਕੀਤਾ ।
ਇਹ ਵੀ ਇੱਕ ਅਟੱਲ ਸਚਾਈ ਹੈ ਕਿ ਅੱਜ ਵੀ ਝੂਠ ਨੂੰ ਸੱਚ ਦੀ ਵਿਚਾਰ ਹਜ਼ਮ ਨਹੀਂ ਹੋ ਰਿਹੀ । ਯਾਦ ਰਹੇ ਕਿ ਦੋ ਸਾਲ ਪਹਿਲਾਂ ਇਸੇ ਗੁਰਦੁਆਰਾ ਸਾਹਿਬ ਵਿੱਚ ਭਾਈ ਪੰਥਪ੍ਰੀਤ ਸਿੰਘ ਜੀ ਦੇ ਪ੍ਰੋਗਰਾਮ ਨੂੰ ਰੁਕਵਾਉਣ ਲਈ ਗੁਰਦੁਆਰਾ ਸਾਹਿਬ ਤੇ ਭਾਈ ਪੰਥਪ੍ਰੀਤ ਸਿੰਘ ਤੇ ਹਮਲਾ ਕੀਤਾ ਗਿਆ ਸੀ, ਜਿਸ ਨਾਲ ਦੁਨੀਆਂ ਵਿੱਚ ਸਿੱਖਾਂ ਦਾ ਅਕਸ ਖਰਾਬ ਹੋਇਆ ਸੀ । ਕੁਝ ਸਥਾਨਕ ਸਿੰਘਾਂ, ਜਿਹਨਾਂ ਨੇ ਬਾਹਰੀ ਹਮਲਾਵਰਾਂ ਦਾ ਸਾਥ ਦਿੱਤਾ ਸੀ,  ਨੂੰ ਉਸੇ ਸਮੇ ਤੋਂ ਗੁਰਦੁਆਰਾ ਸਾਹਿਬ ਤੋਂ ਬੈਨ ਕੀਤਾ ਹੋਇਆ ਹੈ ।
              ਗੁਰਦੁਆਰਾ ਸਾਹਿਬ ਦੀਆਂ ਸੰਗਤਾਂ ਦਾ ਲਿਖਤੀ ਤੇ ਸੰਵਿਧਾਨਿਕ ਫੈਸਲਾ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਅਕਾਲ ਤਖਤ ਸਾਹਿਬ ਜੀ ਦੀ ਪੰਥ ਪ੍ਰਮਾਣਤ ਸਿੱਖ ਰਹਿਤ ਮਰਯਾਦਾ ਅਨੁਸਾਰ ਕੋਈ ਵੀ ਸਿੱਖ ਪ੍ਰਚਾਰਿਕ ਗੁਰਮਤਿ ਦਾ ਪ੍ਰਚਾਰ ਕਰ ਸਕਦਾ ਹੈ । ਭਾਈ ਪੰਥਪ੍ਰੀਤ ਸਿੰਘ ਜੀ ਸਿੱਖ ਰਹਿਤ ਮਰਯਾਦਾ ਅਨੁਸਾਰ ਹੀ ਗੁਰੂ ਸ਼ਬਦ ਦੀ ਵੀਚਾਰ ਕਰਦੇ ਹਨ ਇਸੇ ਕਰਕੇ ਉਹਨਾਂ ਦੇ ਸਮਾਗਮ ਗੁਰਦੁਆਰਾ ਸਾਹਿਬ ਰੱਖੇ ਗਏ ਸਨ । ਪਰ ਕੁਝ ਹਿਦੂਤਵੀ ਏਜੰਸੀਆˆ ਦੇ ਹੱਥ ਵਿੱਚ ਖੇਡਣ ਵਾਲੇ ਵਿਆਕਤੀਆਂ ਤੇ ਕੁਝ ਈਰਖਾ, ਹਉਮੈਂ ਤੇ ਚੌਧਰ ਦੀ ਭੁੱਖ ਵਾਲੇ ਲੋਕਾਂ ਨੇ ਭਾਈ ਪੰਥਪ੍ਰੀਤ ਸਿੰਘ ਜੀ ਖ਼ਿਲਾਫ਼ ਗੁੰਮਰਾਕੁੰਨ ਪ੍ਰਚਾਰ ਕਰਕੇ ਬਾਹਰੋਂ ਵੱਡੀ ਪੱਧਰ ਤੇ ਲੋਕਾਂ ਨੂੰ ਸੱਦ ਕੇ ਹਮਲਾ ਕੀਤਾ ਗਿਆ ਸੀ ।
             ਸਾਜ਼ਿਸ਼ਕਾਰੀ ਵਿਅਕਤੀਆਂ ਦੇ ਕੂੜ ਪ੍ਰਚਾਰ ਨੂੰ ਝੁਠਲਾਉਣ ਦੀ ਖ਼ਾਤਰ ਪ੍ਰਬੰਧਕ ਕਮੇਟੀ ਨੇ ਭਾਈ ਸਾਹਿਬ ਦਾ ਪ੍ਰੋਗਰਾਮ ਕਰਵਾਇਆ ਗਿਆ ਹੈ ਤਾਂਕਿ ਸੰਗਤਾਂ ਆਪ ਫੈਸਲਾ ਕਰਨ ਕਿ ਸੱਚ ਕੀ ਹੈ ਤੇ ਝੂਠ ਕੀ ਹੈ । ਇਸ ਵਾਰ ਵੀ ਕੁਝ ਸ਼ਰਾਰਤੀ ਬਿਰਤੀ ਵਾਲੇ ਲੋਕਾਂ ਨੇ ਕੂੜ ਪ੍ਰਚਾਰ ਕੀਤਾ ਸੀ ਪਰ ਗੁਰੂ ਤੇ ਗੁਰੂ ਦੀ ਵੀਚਾਰ ਕਰਨ ਵਾਲ਼ੀਆਂ ਸੰਗਤਾਂ ਤੇ ਅਸਰ ਨਹੀਂ ਹੋਇਆ ਤੇ ਉਹਨਾਂ ਨੇ ਭਾਈ ਸਾਹਿਬ ਜੀ ਦੀ ਵੀਚਾਰ ਨੂੰ ਬਹੁਤ ਧਿਆਨ ਨਾਲ ਸਰਵਣ ਕੀਤਾ ।
           ਸਾਡੀ ਸਮੁੱਚੀਆਂ ਸਿੱਖ ਸੰਗਤਾਂ ਨੂੰ ਅਪੀਲ ਹੈ ਕਿ ਇਹੋ ਅਜਿਹੇ ਲੋਕਾਂ ਦੇ ਕਿਸੇ ਵੀ ਕਿਸਮ ਦੇ ਕੂੜ ਪ੍ਰਚਾਰ ਤੋਂ ਗੁੰਮਰਾਹ ਹੋ ਕੇ ਸਿੱਖ ਪ੍ਰਚਾਰਕਾਂ ਦੇ ਮਸਲੇ ਤੇ ਆਪਸ ਵਿੱਚ ਨਾ ਟਕਰਾਉਣ ਬਲਕਿ ਆਪਸ ਵਿੱਚ ਮਿਲ ਬੈਠ ਕੇ ਪਿਆਰ ਨਾਲ ਮਸਲੇ ਹੱਲ ਕਰਨ । ਜੇਕਰ ਕਿਸੇ ਪ੍ਰਚਾਰਕ ਦੇ ਪ੍ਰਚਾਰ ਨਾਲ ਸਾਡੀ ਸਹਿਮਤੀ ਨਹੀਂ ਤਾਂ ਉਸ ਦਾ ਪ੍ਰਚਾਰ ਨਾਂ ਸੁਣੋ ਤੇ ਲੜਾਈ ਝਗੜਾ ਕਰਕੇ ਜਾਂ ਵਿਰੋਧ ਕਰਕੇ ਆਪਸੀ ਭਾਈਚਾਰੇ ਵਿੱਚ ਤ੍ਰੇੜਾਂ ਨਾ ਪਾਉ ਤੇ ਸੰਗਤਾਂ ਉਹਨਾਂ ਲੋਕਾਂ ਤੋਂ ਹਰ ਤਰਾਂ ਸੁਚੇਤ ਰਹਿਣ ਜੋ ਹਿੰਦੂਤਵੀ ਏਜੰਸੀਆˆ ਦੇ ਹੱਥ ਠੋਕੇ, ਚੌਧਰ ਦੀ ਪ੍ਰਾਪਤੀ ਵਾਸਤੇ ਜਾਂ ਸਤਾ ਖੁੱਸ ਜਾਣ ਦੇ ਡਰ ਕਰਕੇ ਲੜਾਈ ਝਗੜੇ ਦਾ ਮਹੌਲ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਇਨਸਾਨ ਭੁੱਲਣਹਾਰ ਹੈ । ਪਿਛਲੇ ਸਮੇਂ ਵਿੱਚ ਜਾਣੇ ਅਣਜਾਣੇ ਹੋਈਆਂ ਭੁੱਲਾਂ ਵਾਸਤੇ ਗੁਰੂ ਤੇ ਗੁਰੂ ਪੰਥ ਅੱਗੇ ਖਿਮਾ ਜਾਚਨਾ ਕਰਕੇ ਅਪਣੀ ਭੁੱਲ ਬਖਸ਼ਾਈ ਜਾ ਸਕਦੀ ਹੈ । ਮੁਸ਼ਕਲ ਹਲਾਤਾਂ ਵਿੱਚ ਵੀ ਦ੍ਰਿੜਤਾ ਨਾਲ ਗੁਰਮਤਿ ਸਿਧਾਂਤਾਂ ਅਨੁਸਾਰ ਸਿੱਖੀ ਦੇ ਪ੍ਰਚਾਰ ਵਿੱਚ ਸੇਵਾਵਾਂ ਨਿਭਾਉਣ ਕਰਕੇ ਗੁਰਦੁਆਰਾ ਸਿੱਖ ਸੈਟਰ ਫਰੈਂਕਫੋਰਟ ਦੀਆਂ ਸੰਗਤਾਂ ਨੇ ਭਾਈ ਪੰਥਪ੍ਰੀਤ ਸਿੰਘ ਜੀ ਨੂੰ ਜਿੱਥੇ (ਗਾਡ ਆਫ ਆਨਰ ) ਸ੍ਰੀ ਸਾਹਿਬਾਂ ਦੀ ਛਾਂ ਹੇਠ ਜੀ ਆਇਆਂ ਕਿਹਾ ਤੇ ਗਿਆਨੀ ਦਿੱਤ ਸਿੰਘ ਗੋਲਡ ਮੈਡਲ ਨਾਲ ਸਨਮਾਨਤ ਕੀਤਾ ਗਿਆ ।
                     ਸਟੇਜ ਦੀ ਸੇਵਾ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਨਿਭਾਈ । ਗੁਰਦੁਆਰਾ ਨਿਊਨਬਰਗ ਦੇ ਪਰਧਾਨ ਭਾਈ ਦਿਲਬਾਗ ਸਿੰਘ ਨੇ ਜਿੱਥੇ ਸੰਗਤਾਂ ਨਾਲ ਵੀਚਾਰ ਸਾਂਝੇ ਕੀਤੇ ਉਥੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਬਲਕਾਰ ਸਿੰਘ ਤੇ ਚੇਅਰਮੈਨ ਭਾਈ ਨਰਿੰਦਰ ਸਿੰਘ ਨੇ ਭਾਈ ਪੰਥਪ੍ਰੀਤ ਸਿੰਘ ਜੀ ਨੂੰ ਜੀ ਆਇਆਂ ਤੇ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ ਮਿਲੇ ਸਹਿਯੋਗ ਵਾਸਤੇ ਧੰਨਵਾਦ ਕੀਤਾ ਤੇ ਅਰਦਾਸ ਕੀਤੀ ਕਿ ਡਰ ਤੇ ਸਹਿਮ ਦਾ ਮਹੌਲ ਬਣਾਉਣ ਵਾਸਤੇ ਕੂੜ ਦਾ ਪ੍ਰਚਾਰ ਕਰਨ ਵਾਲਿਆ ਨੂੰ ਅਕਾਲ ਪੁਰਖ ਸੁਮੱਤ ਬੱਖਸ਼ੇ ।
Previous article‘ਮੁੰਡਾ ਕਵਾਰਾ’ ਲੈ ਕੇ ਜਲਦ ਹੋ ਰਿਹਾ ਹੈ ਹਾਜ਼ਰ ਗਾਇਕ ਰਮਨਪ੍ਰੀਤ ਹੀਰ 
Next articleਗਾਇਕ ਰਮਨਪ੍ਰੀਤ ਹੀਰ ਵੱਖ-ਵੱਖ ਧਾਰਮਿਕ ਟਰੈਕਾਂ ਨਾਲ ਰਿਹਾ ਚਰਚਾ ’ਚ