ਪੈਰਿਸ : ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੀਆਂ ਆਰਥਿਕ ਨੀਤੀਆਂ ਦੇ ਵਿਰੋਧ ‘ਚ ਸ਼ਨਿਚਰਵਾਰ ਨੂੰ ਸੜਕਾਂ ‘ਤੇ ਉਤਰੇ ਲੋਕਾਂ ‘ਤੇ ਪੁਲਿਸ ਨੇ ਅੱਥਰੂ ਗੈਸ ਦੇ ਗੋਲ਼ੇ ਦਾਗੇ। ਇਹ ਮੁਜ਼ਾਹਰਾਕਾਰੀ ਪਿਛਲੇ ਸਾਲ ਸ਼ੁਰੂ ਹੋਏ ਯੈਲੋ ਵੈਸਟ ਅੰਦੋਲਨ ਨੂੰ ਮੁੜਸੁਰਜੀਤ ਕਰਨ ਲਈ ਇਕੱਠੇ ਹੋਏ ਸਨ। ਹਾਲਾਂਕਿ, ਉਨ੍ਹਾਂ ਨੇ ਇਸ ਅੰਦੋਲਨ ਦੀ ਪਛਾਣ ਬਣ ਚੁੱਕੀ ਪੀਲੀ ਜੈਕੇਟ ਨਹੀਂ ਪਹਿਨੀ ਸੀ। ਕਰੀਬ 10 ਮਹੀਨੇ ਪਹਿਲਾਂ ਸ਼ੁਰੂ ਹੋਇਆ ਇਹ ਅੰਦੋਲਨ ਇਸ ਗਰਮੀ ‘ਚ ਲਗਪਗ ਖ਼ਤਮ ਹੋ ਗਿਆ ਸੀ।
ਯੈਲੋ ਵੈਸਟ ਅੰਦੋਲਨ ਦੇ ਸਮਰਥਕ, ਵਾਤਾਵਰਨ ਵਰਕਰ ਤੇ ਖੱਬੇਪੱਖੀ ਮਜ਼ਦੂਰ ਸੰਘ ਨੇ ਪਹਿਲਾਂ ਵੀ ਕਈ ਵਾਰ ਅੰਦੋਲਨ ਦੁਬਾਰਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਸੀ। ਸ਼ਨਿਚਰਵਾਰ ਨੂੰ ਮੁਜ਼ਾਹਰਾਕਾਰੀਆਂ ਦਾ ਮਾਰਚ ਸ਼ੁਰੂ ਹੋਣ ਦੇ ਨਾਲ ਹੀ ਪੈਰਿਸ ‘ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ। ਸਰਕਾਰ ਨੇ ਸਥਿਤੀ ਨੂੰ ਕਾਬੂ ‘ਚ ਰੱਖਣ ਲਈ ਰਾਜਧਾਨੀ ਪੈਰਿਸ ‘ਚ ਸੱਤ ਹਜ਼ਾਰ ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਸੀ। ਰਾਸ਼ਟਰਪਤੀ ਭਵਨ, ਸੰਸਦ ਸਮੇਤ ਪ੍ਰਮੁੱਖ ਖੇਤਰਾਂ ‘ਚ ਕਿਸੇ ਵੀ ਤਰ੍ਹਾਂ ਦੇ ਮੁਜ਼ਾਹਰੇ ‘ਤੇ ਪਾਬੰਦੀ ਲਗਾਈ ਗਈ। ਪੁਲਿਸ ਮੁਤਾਬਕ ਮੁਜ਼ਾਹਰੇ ਦੇ ਸਿਲਸਿਲੇ ‘ਚ ਹੁਣ ਤਕ 39 ਲੋਕਾਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ।