ਕੁਵੈਤ ਦੀ ਜੇਲ੍ਹ ‘ਚ ਪਿਛਲੇ ਅੱਠ ਮਹੀਨਿਆਂ ਤੋਂ ਕੈਦ ਨੌਜਵਾਨ ਨੂੰ ਹੋਈ ਫਾਂਸੀ ਦੀ ਸਜ਼ਾ, ਸੂਬਾ ਤੇ ਕੇਂਦਰ ਸਰਕਾਰ ਨੂੰ ਦਖ਼ਲ ਦੇਣ ਦੀ ਅਪੀਲ

ਮਾਹਿਲਪੁਰ : ਬੀਤੀ ਰਾਤ ਕੁਵੈਤ ਦੀ ਜੇਲ੍ਹ ‘ਚੋਂ ਆਏ ਫੋਨ ਤੋਂ ਬਾਅਦ ਇੱਥੋਂ ਦੇ ਇਕ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਕੁਵੈਤ ‘ਚ ਬੰਦ ਨੌਜਵਾਨ ਨੂੰ ਉਥੇ ਹੋਈ ਫਾਂਸੀ ਦੀ ਸਜ਼ਾ ਨੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ। ਪਰਿਵਾਰਕ ਮੈਂਬਰਾਂ ਨੇ ਪੰਜਾਬ ਦੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿਦੇਸ਼ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਕੁਵੈਤ ਸਰਕਾਰ ਨਾਲ ਸੰਪਰਕ ਕਰ ਕੇ ਉਨ੍ਹਾਂ ਦੇ ਲੜਕੇ ਦੀ ਜਾਨ ਬਚਾਈ ਜਾਵੇ ਜੋ ਜਨਵਰੀ 2019 ਤੋਂ ਕੁਵੈਤ ਦੀ ਇਕ ਜੇਲ੍ਹ ‘ਚ ਬੰਦ ਹੈ।
ਜਾਣਕਾਰੀ ਅਨੁਸਾਰ ਕੁਵੈਤ ਜੇਲ੍ਹ ‘ਚ ਬੰਦ ਰਜਿੰਦਰ ਸਿੰਘ ਦੇ ਪਿਤਾ ਬਲਦੇਵ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਤਾਰਾਗੜ੍ਹ ਜ਼ਿਲ੍ਹਾ ਹੁਸ਼ਿਆਰਪੁਰ, ਲੜਕੇ ਦੀ ਭੈਣ ਇੰਦਰਜੀਤ ਕੌਰ, ਜੀਜਾ ਗੁਰਜਿੰਦਰ ਸਿੰਘ, ਬਸਪਾ ਤੋਂ ਚੱਬੇਵਾਲ ਦੇ ਪ੍ਰਧਾਨ ਗੁਰਨਾਮ ਸਿੰਘ ਰਾਮਪੁਰ, ਕਮਲਜੀਤ ਕੌਰ ਨੇ ਰੋਂਦੇ ਹੋਏ ਆਪਣੇ ਰਿਸ਼ੇਤਦਾਰਾਂ ਦੇ ਘਰ ਪਿੰਡ ਰਾਮਪੁਰ ਸੈਣੀਆਂ ਵਿਖੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਇੱਕੋ-ਇਕ ਪੁੱਤਰ ਰਜਿੰਦਰ ਸਿੰਘ (30) ਪਹਿਲਾ 2014 ‘ਚ ਦੁਬਈ ਗਿਆ ਸੀ। ਉੱਥੋਂ ਵਾਪਸ ਆ ਕੇ ਉਹ ਦੋਹਾ ਕਤਰ ਵੀ ਆਪਣੇ ਪਰਿਵਾਰ ਦੀ ਗ਼ਰੀਬੀ ਦੂਰ ਕਰਨ ਲਈ ਗਿਆ। ਜਨਵਰੀ 2016 ‘ਚ ਉਹ ਮੁੜ ਕੁਵੈਤ ਚਲਾ ਗਿਆ ਜਿੱਥੇ ਉਸ ਨੇ ਪਹਿਲਾਂ ਸ਼ਹਿਰ ਸਾਵੀ ‘ਚ ਕੰਮ ਕੀਤਾ। ਫਰਵਰੀ 2019 ‘ਚ ਉਸ ਦਾ ਵੀਜ਼ਾ ਖ਼ਤਮ ਹੋਣਾ ਸੀ ਤੇ ਉਸ ਨੇ ਮਾਰਚ 2019 ‘ਚ ਵਾਪਸ ਪੰਜਾਬ ਵਿਆਹ ਕਰਵਾਉਣ ਲਈ ਆਉਣਾ ਸੀ।
ਫਿਰ ਉਹ ਕੁਵੈਤ ਦੇ ਸ਼ਹਿਰ ਖ਼ਰਬਾਨੀਆਂ ‘ਚ ਪਹਿਲਾਂ ਤੋਂ ਰਹਿ ਰਹੇ ਆਪਣੇ ਹੀ ਪਿੰਡ ਤਾਰਾਗੜ੍ਹ ਦੇ ਸੋਨੂੰ ਪੁੱਤਰ ਸਤਵਿੰਦਰ ਸਿੰਘ ਕੋਲ ਚਲਾ ਗਿਆ ਤੇ ਕੰਮਕਾਰ ਕਰਨ ਲੱਗਾ। 15 ਜਨਵਰੀ 2019 ਨੂੰ ਉਹ ਖ਼ਰਬਾਨੀਆਂ ਸ਼ਹਿਰ ‘ਚ ਤੜਕਸਾਰ ਹੀ ਕੰਮ ‘ਤੇ ਜਾਣ ਲਈ ਆਪਣੇ ਦੋ ਦਰਜਨ ਸਾਥੀਆਂ ਨਾਲ ਇਕ ਬੱਸ ਅੱਡੇ ‘ਤੇ ਖੜ੍ਹ ਕੇ ਕੰਪਨੀ ਦੀ ਬੱਸ ਉਡੀਕ ਰਿਹਾ ਸੀ। ਇੱਥੇ ਇਕ ਲੜਕੇ ਨੇ ਉਸ ਨੂੰ ਆਪਣਾ ਬੈਗ ਫ਼ੜਾ ਦਿੱਤਾ ਤੇ ਘਰ ਸਾਮਾਨ ਭੁੱਲ ਜਾਣ ਦਾ ਕਹਿ ਕੇ ਆਪਣੇ ਕਮਰੇ ‘ਚ ਚਲਾ ਗਿਆ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਉੱਥੇ ਖ਼ਰਬਾਨੀਆਂ ਪੁਲਿਸ ਦੀ ਗੱਡੀ ਆਈ ਜਿਨ੍ਹਾਂ ਨੇ ਬੱਸ ਦੀ ਉਡੀਕ ਕਰ ਰਹੇ ਸਾਰੇ ਨੌਜਵਾਨਾਂ ਦੇ ਸਾਮਾਨ ਦੀ ਤਲਾਸ਼ੀ ਲਈ। ਜਿਹੜਾ ਲੜਕਾ ਉਸ ਨੂੰ ਬੈਗ ਫੜਾ ਕੇ ਗਿਆ ਸੀ ਉਸ ‘ਚੋਂ ਕੁਝ ਨਸ਼ੀਲੇ ਪਦਾਰਥ ਬਰਾਮਦ ਹੋਏ ਤਾਂ ਪੁਲਿਸ ਨੇ ਉਸ ਨੂੰ ਕਾਬੂ ਕਰ ਕੇ ਜੇਲ੍ਹ ‘ਚ ਬੰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਉਸੇ ਦਿਨ ਸ਼ਾਮ ਨੂੰ ਪੁਲਿਸ ਨੇ ਪਿੰਡ ਦੇ ਸੋਨੂੰ ਨੂੰ ਵੀ ਗ੍ਰਿਫ਼ਤਾਰ ਕਰ ਲਿਆ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦਿਨ ਤੋਂ ਬਾਅਦ ਹੀ ਉਹ ਦੋਵੇਂ ਜੇਲ੍ਹ ‘ਚ ਬੰਦ ਸਨ। ਬੀਤੀ ਰਾਤ ਜੇਲ੍ਹ ‘ਚੋਂ ਉਨ੍ਹਾਂ ਦੇ ਲੜਕੇ ਰਜਿੰਦਰ ਸਿੰਘ ਦਾ ਫੋਨ ਆਇਆ ਕਿ ਉਸ ਨੂੰ ਫ਼ਾਂਸੀ ਦੀ ਸਜ਼ਾ ਹੋਈ ਹੈ ਤੇ ਉਸ ਕੋਲ ਵਕੀਲ ਕਰਨ ਦੇ ਵੀ ਪੈਸੇ ਨਹੀਂ ਹਨ। ਫੋਨ ਸੁਣ ਕੇ ਉਨ੍ਹਾਂ ਦੇ ਹੋਸ਼ ਉੱਡ ਗਏ ਤੇ ਉਨ੍ਹਾਂ ਲੜਕੇ ਨੂੰ ਮੁੜ ਸੰਪਰਕ ਕੀਤਾ ਤਾਂ ਸਪਸ਼ਟ ਹੋ ਗਿਆ ਕਿ ਕੁਵੈਤ ਦੀ ਅਦਾਲਤ ਨੇ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਗ਼ਰੀਬ ਹੋਣ ਕਰਕੇ ਇਨ੍ਹਾਂ ਪੈਸਾ ਵੀ ਨਹੀਂ ਦੇ ਸਕਦੇ ਕਿ ਵਕੀਲ ਕੀਤਾ ਜਾ ਸਕੇ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਅਤੇ ਸੂਬਾ ਸਰਕਾਰ ਦਖ਼ਲਅੰਦਾਜ਼ੀ ਕਰਕੇ ਉਨ੍ਹਾਂ ਦੇ ਲੜਕੇ ਨੂੰ ਵਾਪਸ ਪੰਜਾਬ ਲਿਆਵੇ।
Previous articleਫਰਾਂਸ ‘ਚ ਮੁਜ਼ਾਹਰਾਕਾਰੀਆਂ ‘ਤੇ ਦਾਗੇ ਅੱਥਰੂ ਗੈਸ ਦੇ ਗੋਲ਼ੇ
Next articleUP Yoddha beat Tamil Thalaivas 49-22