ਬੱਲੂਆਣਾ (ਅਬੋਹਰ) (ਸਮਾਜ ਵੀਕਲੀ) : ਸਰਹੱਦੀ ਪਿੰਡ ਪੱਤਰੇ ਵਾਲਾ ’ਚ ਸ਼ਨਿੱਚਰਵਾਰ ਰਾਤ ਇੱਕ ਨੌਜਵਾਨ ਦੀ ਕੁੱਟ ਕੁੱਟ ਕੇ ਹੱਤਿਆ ਕਰਨ ਅਤੇ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ ’ਚ ਜ਼ਿਲ੍ਹਾ ਪੁਲੀਸ ਮੁਖੀ ਨੇ ਐੱਸਐੱਚਓ ਬਲਵਿੰਦਰ ਸਿੰਘ ਟੋਹਰੀ ਖ਼ਿਲਾਫ਼ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਵਿੱਚ ਨਾਮਜ਼ਦ 12 ਮੁਲਜ਼ਮਾਂ ’ਚੋਂ ਕਿਸੇ ਦੀ ਗ੍ਰਿਫ਼ਤਾਰੀ ਨਾ ਹੋਣ ’ਤੇ ਗੁੱਸੇ ਵਿੱਚ ਆਏ ਪੀੜਤ ਪਰਿਵਾਰ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ 24 ਘੰਟਿਆਂ ਵਿੱਚ ਮੁਲਜ਼ਮ ਨਾ ਫੜੇ ਗਏ ਤਾਂ ਇਨਸਾਫ਼ ਪਸੰਦ ਲੋਕਾਂ ਦੀ ਮਦਦ ਨਾਲ ਐੱਸਐੱਸਪੀ ਦਫ਼ਤਰ ਦੇ ਬਾਹਰ ਧਰਨਾ ਲਾਇਆ ਜਾਵੇਗਾ।
ਮ੍ਰਿਤਕ ਦੇ ਤਾਏ ਤੇ ਪਿੰਡ ਦੇ ਮੈਂਬਰ ਪੰਚਾਇਤ ਮਲਕੀਤ ਸਿੰਘ ਅਤੇ ਮ੍ਰਿਤਕ ਦੇ ਛੋਟੇ ਭਰਾ ਦਵਿੰਦਰ ਸਿੰਘ ਦੀ ਪਤਨੀ ਵੀਰਪਾਲ ਕੌਰ ਨੇ ਦੱਸਿਆ ਕਿ ਸ਼ਨਿੱਚਰਵਾਰ ਰਾਤ ਨੂੰ ਕਰੀਬ ਦੋ ਦਰਜਨ ਲੋਕ ਹਥਿਆਰਾਂ ਨਾਲ ਲੈਸ ਹੋ ਕੇ ਉਨ੍ਹਾਂ ਦੇ ਘਰ ਦੀਆਂ ਕੰਧਾਂ ਟੱਪ ਕੇ ਦਾਖਲ ਹੋਏ ਅਤੇ ਬੱਬਰ ਸਿੰਘ ’ਤੇ ਹਮਲਾ ਕਰਕੇ ਉਸ ਦੀਆਂ ਲੱਤਾਂ-ਬਾਹਾਂ ਤੋੜ ਦਿੱਤੀਆਂ ਤੇ ਉਸ ਤੋਂ ਬਾਅਦ ਸਰਪੰਚ ਨੇ ਉਸ ਦੇ ਸਿਰ ਵਿੱਚ ਬੇਰਹਿਮੀ ਨਾਲ ਤੇਜ਼ਧਾਰ ਹਥਿਆਰਾਂ ਅਤੇ ਸੋਟੀਆਂ ਨਾਲ ਵਾਰ ਕੀਤੇ। ਪਰਿਵਾਰ ਨੇ ਦੱਸਿਆ ਕਿ ਰਾਤ ਕਰੀਬ ਗਿਆਰਾਂ ਵਜੇ ਹੋਏ ਹਮਲੇ ਮਗਰੋਂ ਵਾਰ ਵਾਰ ਸੂਚਿਤ ਕਰਨ ’ਤੇ ਵੀ ਪੁਲੀਸ ਦਸ ਘੰਟੇ ਬਾਅਦ ਅਗਲੇ ਦਿਨ ਸਵੇਰੇ ਪੁੱਜੀ।
ਥਾਣਾ ਖੂਈ ਖੇੜਾ ਦੇ ਐੱਸਐੱਚਓ ਤੇ ਹਮਲਾਵਰਾਂ ਦੀ ਵਿਚਾਲੇ ਕਥਿਤ ਮਿਲੀਭੁਗਤ ਦਾ ਦੋਸ਼ ਲਾਉਂਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਵਾਰਦਾਤ ਤੋਂ ਪਹਿਲਾਂ ਸ਼ਨਿੱਚਰਵਾਰ ਸ਼ਾਮ ਨੂੰ ਐੱਸਐੱਚਓ ਬਲਵਿੰਦਰ ਸਿੰਘ ਟੋਹਰੀ ਸਰਪੰਚ ਦੇ ਘਰ ਕਰੀਬ ਡੇਢ ਘੰਟਾ ਰੁਕਿਆ ਸੀ। ਘਟਨਾ ਵਾਲੀ ਰਾਤ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਣ ਲਈ ਸੱਦੀ ਗਈ ਐਂਬੂਲੈਂਸ ਨੂੰ ਵੀ ਹਮਲਾਵਰਾਂ ਨੇ ਪਿੰਡ ਵਿੱਚ ਦਾਖਲ ਨਾ ਹੋਣ ਦਿੱਤਾ। ਪੋਸਟਮਾਰਟਮ ਰਿਪੋਰਟ ਅਨੁਸਾਰ ਬੱਬਰ ਸਿੰਘ ਦੀਆਂ ਦੋਵੇਂ ਲੱਤਾਂ ਦੀਆਂ ਹੱਡੀਆਂ ਦੇ ਚਾਰ-ਚਾਰ ਟੁੱਕੜੇ ਕਰ ਦਿੱਤੇ ਗਏ ਅਤੇ ਮੋਢਿਆਂ ਤੇ ਸਿਰ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਅਣਗਿਣਤ ਸੱਟਾਂ ਮਾਰੀਆਂ ਗਈਆਂ।
ਇਸ ਬਾਰੇ ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਥਾਣਾ ਖੂਹੀ ਖੇੜਾ ਦੇ ਐੱਸਐੱਚਓ ਬਲਵਿੰਦਰ ਸਿੰਘ ਟੋਹਰੀ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਕਤਲ ਕਾਂਡ ਵਿੱਚ ਸ਼ਾਮਲ ਲੋਕਾਂ ਦੀ ਗ੍ਰਿਫ਼ਤਾਰੀ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਮ੍ਰਿਤਕ ਦੇ ਖ਼ਿਲਾਫ਼ ਵੀ ਕੁਝ ਮਾਮਲੇ ਦਰਜ ਹਨ।