ਜੇਈਈ-ਮੇਨਜ਼ ਪ੍ਰੀਖਿਆ ਸਖ਼ਤ ਪ੍ਰਬੰਧਾਂ ਹੇਠ ਸ਼ੁਰੂ

ਨਵੀਂ ਦਿੱਲੀ (ਸਮਾਜ ਵੀਕਲੀ) : ਇੰਜੀਨੀਅਰਿੰਗ ਕਾਲਜਾਂ ਵਿੱਚ ਦਾਖ਼ਲੇ ਲਈ ਜੇਈਈ- ਮੇਨਜ਼ ਪ੍ਰੀਖਿਆ ਕੋਵਿਡ- 19 ਮਹਾਮਾਰੀ ਦੇ ਮੱਦੇਨਜ਼ਰ ਸਖ਼ਤ ਸੈਨੇਟਾਈਜ਼ਿੰਗ ਪ੍ਰਬੰਧਾਂ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦਿਆਂ ਸ਼ੁਰੂ ਹੋਈ। ਇਸ ਦੌਰਾਨ ਮੁਲਕ ਦੇ ਪ੍ਰੀਖਿਆ ਕੇਂਦਰਾਂ ’ਚ ਗੇਟਾਂ ’ਤੇ ਸੈਨੇਟਾਈਜ਼ਰਾਂ ਦਾ ਪ੍ਰਬੰਧ ਕਰਨ, ਉਮੀਦਵਾਰਾਂ ਲਈ ਮਾਸਕਾਂ ਦੇ ਪ੍ਰਬੰਧ ਤੋਂ ਇਲਾਵਾ ਉਨ੍ਹਾਂ ਦੀ ਇੱਕ-ਦੂਜੇ ਤੋਂ ਉਚਿਤ ਸਰੀਰਕ ਦੂਰੀ ਬਣਾਈ ਰੱਖਣ ਦਾ ਧਿਆਨ ਰੱਖਿਆ ਗਿਆ।

ਕੋਵਿਡ- 19 ਮਹਾਮਾਰੀ ਕਾਰਨ ਦੋ ਵਾਰ ਮੁਲਤਵੀ ਹੋਈ ਇਹ ਪ੍ਰੀਖਿਆ ਹੁਣ ਪਹਿਲੀ ਤੋਂ 6 ਸਤੰਬਰ ਨੂੰ ਲਈ ਜਾ ਰਹੀ ਹੈ। ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦੇ ਇੱਕ ਅਧਿਕਾਰੀ ਨੇ ਦੱਸਿਆ,‘ਪ੍ਰੀਖਿਆ ਕੇਂਦਰ ’ਚ ਦਾਖ਼ਲ ਹੋਣ ਵਾਲੇ ਪੁਆਇੰਟਾਂ ਅਤੇ ਪ੍ਰੀਖਿਆ ਕੇਂਦਰ ’ਚ ਵੀ ਸਾਰੇ ਸਮੇਂ ਦੌਰਾਨ ਸੈਨੇਟਾਈਜ਼ਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਵਿਦਿਆਰਥੀਆਂ ਦੇ ਦਾਖ਼ਲਾ ਕਾਰਡਾਂ ਦੀ ਜਾਂਚ ਕਰਨ ਦੀ ਪ੍ਰਕਿਰਿਆ ਦੀ ਥਾਂ ਹੁਣ ਬਾਰਕੋਡ ਰੀਡਰਜ਼ ਨੇ ਲੈ ਲਈ ਹੈ ਜੋ ਪ੍ਰੀਖਿਆ ਕੇਂਦਰਾਂ ਦੇ ਪ੍ਰਬੰਧਕਾਂ ਨੂੰ ਮੁਹੱਈਆ ਕਰਵਾਏ ਗਏ ਹਨ। ਪ੍ਰੀਖਿਆ ਕੇਂਦਰ ’ਚ ਦਾਖ਼ਲ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਪ੍ਰੀਖਿਆ ਪ੍ਰਬੰਧਕਾਂ ਵੱਲੋਂ ਮੁਹੱਈਆ ਕਰਵਾਏ ਗਏ ਤਿੰਨ-ਪਰਤੀ ਮਾਸਕ ਮੁਹੱਈਆ ਕਰਵਾਏ ਜਾਂਦੇ ਹਨ, ਜੋ ਉਨ੍ਹਾਂ ਨੂੰ ਪ੍ਰੀਖਿਆ ਸਮੇਂ ਦੌਰਾਨ ਪਾਉਣੇ ਪੈਣਗੇ।’

ਪ੍ਰੀਖਿਆ ਦੀ ਪਹਿਲੀ ਸ਼ਿਫਟ ਸਵੇਰੇ 9.30 ਵਜੇ ਸ਼ੁਰੂ ਹੋਵੇਗੀ ਜਦਕਿ ਦੂਜੀ ਸ਼ਿਫਟ ਦੁਪਹਿਰ 2.30 ਵਜੇ ਹੋਵੇਗੀ। ਹਰ ਸ਼ਿਫਟ ਦੀ ਸ਼ੁਰੂਆਤ ਤੋਂ ਪਹਿਲਾਂ ਤੇ ਆਖ਼ਰੀ ਸ਼ਿਫ਼ਟ ਖ਼ਤਮ ਹੋਣ ਤੋਂ ਪਹਿਲਾਂ ਸਾਰੀਆਂ ਸੀਟਾਂ ਨੂੰ ਚੰਗੀ ਤਰ੍ਹਾਂ ਸੈਨੇਟਾਈਜ਼ ਕੀਤਾ ਜਾਵੇਗਾ ਤੇ ਵਰਕ ਸਟੇਸ਼ਨਾਂ ਤੇ ਕੀ-ਬੋਰਡਾਂ ਨੂੰ ਵੀ ਕੀਟਾਣੂ-ਰਹਿਤ ਕੀਤਾ ਜਾਵੇਗਾ।

Previous articleਪੱਤਰੇਵਾਲਾ ਕਤਲ ਕਾਂਡ: ਐੱਸਐੱਚਓ ਖ਼ਿਲਾਫ਼ ਵਿਭਾਗੀ ਜਾਂਚ ਦੇ ਹੁਕਮ
Next article4 LeT militant associates arrested in J&K