ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਮੰਦਰ ’ਚ ਅੱਜ ਭਾਜੜ ਮਚਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 25 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਇਹ ਘਟਨਾ ਇੱਥੋਂ 50 ਕਿਲੋਮੀਟਰ ਦੂਰ ਕਛੁਆ ਦੇ ਲੋਕਨਾਥ ਮੰਦਰ ’ਚ ਵਾਪਰੀ, ਜਿੱਥੇ ਲੱਖਾਂ ਦੀ ਗਿਣਤੀ ’ਚ ਲੋਕ 18ਵੀਂ ਸਦੀ ਦੇ ਬੰਗਾਲੀ ਸੰਤ ਲੋਕਨਾਥ ਬ੍ਰਹਮਚਾਰੀ ਦਾ ਜਨਮ ਦਿਹਾੜਾ ਮਨਾਉਣ ਲਈ ਇਕੱਠੇ ਹੋਏ ਸਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨੈਸ਼ਨਲ ਮੈਡੀਕਲ ਕਾਲਜ ਤੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਹਾਲ ਪੁੱਛਿਆ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, ‘ਕਛੁਆ ਲੋਕਨਾਥ ਮੰਦਰ ’ਚ ਇਸ ਸਾਲ ਵੱਡੀ ਗਿਣਤੀ ’ਚ ਲੋਕ ਇਕੱਠੇ ਹੋਏ ਸਨ। ਤੜਕੇ ਤੇਜ਼ ਮੀਂਹ ਸ਼ੁਰੂ ਹੋ ਗਿਆ ਅਤੇ ਲੋਕ ਬਚਣ ਲਈ ਆਰਜ਼ੀ ਟੈਂਟਾਂ ਹੇਠ ਜਾ ਕੇ ਖੜ੍ਹੇ ਹੋ ਗਏ। ਮੀਂਹ ਤੇਜ਼ ਹੋਣ ਕਾਰਨ ਟੈਂਟ ਡਿੱਗ ਪਏ। ਇਹ ਜਗ੍ਹਾ ਬਹੁਤ ਤੰਗ ਸੀ ਤੇ ਕੁਝ ਲੋਕ ਮੰਦਰ ਪਿਛਲੇ ਤਲਾਅ ’ਚ ਜਾ ਡਿੱਗੇ। ਇਸੇ ਦੌਰਾਨ ਭਾਜੜ ਮੱਚ ਗਈ ਜਿਸ ਕਾਰਨ ਇਹ ਘਟਨਾ ਵਾਪਰੀ ਹੈ।’ ਉਨ੍ਹਾਂ ਕਿਹਾ ਕਿ ਸੀਨੀਅਰ ਮੰਤਰੀਆਂ ਨੂੰ ਵੱਖ ਵੱਖ ਹਸਪਤਾਲਾਂ ’ਚ ਭੇਜਿਆ ਗਿਆ ਹੈ ਅਤੇ ਉਹ ਖੁਦ ਨਿੱਜੀ ਤੌਰ ’ਤੇ ਸਥਿਤੀ ’ਤੇ ਨਜ਼ਰ ਰੱਖ ਰਹੇ ਹਨ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਵਾਰਸਾਂ ਲਈ ਪੰਜ ਲੱਖ ਰੁਪਏ, ਗੰਭੀਰ ਜ਼ਖ਼ਮੀ ਲਈ ਇੱਕ ਲੱਖ ਰੁਪਏ ਅਤੇ ਘੱਟ ਜ਼ਖ਼ਮੀਆਂ ਲਈ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਟਵੀਟ ਕੀਤਾ, ‘ਕਛੁਆ ’ਚ ਵਾਪਰੀ ਘਟਨਾ ਮੰਦਭਾਗੀ ਹੈ। ਮੈਂ ਹਸਪਤਾਲਾਂ ’ਚ ਜਾ ਕੇ ਜ਼ਖ਼ਮੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਦੁੱਖ ਦੀ ਘੜੀ ’ਚ ਅਸੀਂ ਪੀੜਤ ਪਰਿਵਾਰਾਂ ਨਾਲ ਖੜ੍ਹੇ ਹਾਂ।’ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਸ਼ੀਰਹਾਟ ਥਾਣੇ ਅਧੀਨ ਆਉਂਦੇ ਖੇਤਰ ਵਿਚਲੇ ਇਸ ਮੰਦਰ ’ਚ ਪਹੁੰਚੇ ਕੁਝ ਤੀਰਥ ਯਾਤਰੀ ਚਿੱਕੜ ਕਾਰਨ ਤਿਲਕ ਗਏ। ਪੁਲੀਸ ਨੇ ਉਨ੍ਹਾਂ ਨੂੰ ਬਚਾਇਆ ਅਤੇ ਸਿਹਤ ਕੇਂਦਰ ਲਿਜਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਸਥਿਤੀ ’ਤੇ ਤੁਰੰਤ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕਈ ਜ਼ਖ਼ਮੀਆਂ ਨੂੰ ਕੋਲਕਾਤਾ ਦੇ ਹਸਪਤਾਲ ਭੇਜਿਆ ਗਿਆ, ਜਿਨ੍ਹਾਂ ’ਚੋਂ ਤਿੰਨ ਦੀ ਮੌਤ ਹੋ ਗਈ। -ਪੀਟੀਆਈ
INDIA ਪੱਛਮੀ ਬੰਗਾਲ ਦੇ ਮੰਦਰ ’ਚ ਭਾਜੜ ਕਾਰਨ ਤਿੰਨ ਹਲਾਕ