ਹਲਕਾ ਦਾਖਾ ’ਚ ਕਾਂਗਰਸ ਮੁੱਖ ਚੋਣ ਦਫ਼ਤਰ ਨੇੜੇ ਅੰਮ੍ਰਿਤਧਾਰੀ ਕਾਂਗਰਸੀ ਵਰਕਰ ਨਾਲ ਹੋਈ ਕੁੱਟਮਾਰ ਦਾ ਮਾਮਲਾ ਭਖਦਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਅੱਜ ਸਾਬਕਾ ਕੈਬਨਿਟ ਮੰਤਰੀ ਤੇ ਸੀਨੀਅਰ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੱਤਰਕਾਰ ਮਿਲਣੀ ਕੀਤੀ। ਇਸ ਦੌਰਾਨ ਉਨ੍ਹਾਂ ਪ੍ਰਸ਼ਾਸਨ ਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਦਸਤਾਰ ਤੇ ਕਕਾਰਾਂ ਦੀ ਬੇਅਦਬੀ ਕਰਨ ਤੇ ਕੁੱਟਮਾਰ ਕਰਨ ਦਾ ਕੇਸ ਦਰਜ ਕੀਤਾ ਜਾਵੇ ਨਹੀਂ ਤਾਂ ਸੰਘਰਸ਼ ਕੀਤਾ ਜਾਏਗਾ। ਉਹ ਇਸ ਮਾਮਲੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਲੈ ਕੇ ਜਾਣਗੇ ਤਾਂ ਕਿ ਕੈਪਟਨ ਸਰਕਾਰ ਵਿੱਚ ਬੈਠੇ ਅਜਿਹੇ ਮੰਤਰੀਆਂ ਦੀ ਪੋਲ ਪੂਰੇ ਸੂਬੇ ਦੀ ਜਨਤਾ ਸਾਹਮਣੇ ਖੁੱਲ੍ਹ ਸਕੇ। ਪੱਤਰਕਾਰ ਮਿਲਣੀ ’ਚ ਅੱਜ ਮਜੀਠੀਆ ਨਾਲ ਪੀੜਤ ਨੌਜਵਾਨ ਦਾ ਸਾਥੀ ਤਰਨਦੀਪ ਸਿੰਘ ਵੀ ਸ਼ਾਮਲ ਹੋਇਆ ਜਿਸ ਨੇ ਕਾਂਗਰਸੀ ਮੰਤਰੀ ਖ਼ਿਲਾਫ਼ ਗੰਭੀਰ ਦੋਸ਼ ਵੀ ਲਾਏ। ਉਸ ਨੇ ਦਾਅਵਾ ਕੀਤਾ ਕਿ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ ਉਨ੍ਹਾਂ ਦੋਵਾਂ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਕਾਂਗਰਸ ਦਫ਼ਤਰ ਲੈ ਕੇ ਆਏ ਸਨ ਜਿੱਥੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਇਸ ਮਾਮਲੇ ਵਿੱਚ ਪੁਲੀਸ ਨੇ ਕਾਂਗਰਸੀ ਆਗੂ ਗੋਰਾ ਤੇ ਤਰਨਦੀਪ ਸਿੰਘ ਖ਼ਿਲਾਫ਼ ਲੁੱਟ ਖੋਹ ਤੇ ਕੁੱਟਮਾਰ ਕਰਨ ਦਾ ਕੇਸ ਦਰਜ ਕੀਤਾ ਹੈ। ਤਰਨਦੀਪ ਨੇ ਦਾਅਵਾ ਕੀਤਾ ਕਿ ਉਹ ਕਾਂਗਰਸ ਦਾ ਸੱਚਾ ਸਿਪਾਹੀ ਹੈ ਪਰ ਉਸ ਨੂੰ ਕਾਂਗਰਸ ਦੇ ਸੀਨੀਅਰ ਆਗੂ ਤੇ ਕੁਝ ਬਦਮਾਸ਼ ਧਮਕੀਆਂ ਦੇ ਰਹੇ ਹਨ ਕਿ ਉਹ ਮੰਤਰੀ ਆਸ਼ੂ ਨਾਲ ਸਮਝੌਤਾ ਕਰ ਲਵੇ। ਉਸ ਨੇ ਇਹ ਵੀ ਸਪਸ਼ਟ ਕੀਤਾ ਕਿ ਉਹ ਹਾਲੇ ਅਕਾਲੀ ਦਲ ਵਿੱਚ ਸ਼ਾਮਲ ਨਹੀਂ ਹੋਇਆ ਤੇ ਉਸ ਨੇ ਸਿਰਫ਼ ਮਦਦ ਮੰਗੀ ਹੈ। ਇਸ ਦੌਰਾਨ ਮਜੀਠੀਆ ਨੇ ਕਿਹਾ ਕਿ ਮੰਤਰੀ ਆਸ਼ੂ ਵੱਲੋਂ ਬੇਅਦਬੀ ਕਰਨ ਦੇ ਮਾਮਲੇ ਨੂੰ ਅਕਾਲ ਤਖ਼ਤ ਸਾਹਿਬ ’ਤੇ ਲਿਜਾਇਆ ਜਾਵੇਗਾ।
HOME ਪੱਗ ਦੀ ਬੇਅਦਬੀ ਕਰਨ ਵਾਲੇ ਮੰਤਰੀ ਖ਼ਿਲਾਫ਼ ਅਕਾਲ ਤਖ਼ਤ ਜਾਵਾਂਗੇ: ਮਜੀਠੀਆ