ਐਟਵੁੱਡ ਤੇ ਏਵਾਰਿਸਟੋ ਨੂੰ ਸਾਂਝੇ ਤੌਰ ’ਤੇ ਮਿਲੇਗਾ ਬੁੱਕਰ ਪੁਰਸਕਾਰ

ਮਾਰਗ੍ਰੇਟ ਐਟਵੁੱਡ ਤੇ ਬਰਨਰਡਾਈਨ ਏਵਾਰਿਸਟੋ ਨੂੰ ਸਾਂਝੇ ਤੌਰ ’ਤੇ ਇਸ ਸਾਲ ਦਾ ‘ਬੁੱਕਰ ਪ੍ਰਾਈਜ਼’ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਲਈ ਜੱਜਾਂ ਨੇ ਨੇਮ ‘ਤੋੜੇ’ ਹਨ ਤੇ ਦੋਵਾਂ ਦੀਆਂ ਰਚਨਾਵਾਂ ਨੂੰ ਬਰਾਬਰੀ ’ਤੇ ਰੱਖਦਿਆਂ ਸਾਂਝੇ ਤੌਰ ’ਤੇ ਸਨਮਾਨ ਦੇਣ ਦਾ ਫ਼ੈਸਲਾ ਕੀਤਾ ਹੈ। ਭਾਰਤੀ-ਬਰਤਾਨਵੀ ਨਾਵਲਕਾਰ ਸਲਮਾਨ ਰਸ਼ਦੀ ਦਾ ਤ੍ਰਾਸਦੀ ਤੇ ਹਾਸਰਸ ਨਾਲ ਭਰਪੂਰ ਨਾਵਲ ‘ਕੀਸ਼ੌਟ’ ਪੁਰਸਕਾਰ ਲਈ ਨਾਮਜ਼ਦ ਛੇ ਰਚਨਾਵਾਂ ਵਿਚ ਸ਼ਾਮਲ ਸੀ। ਬੁੱਕਰ ਪੁਰਸਕਾਰ ਦੇ ਨੇਮਾਂ ਮੁਤਾਬਕ ਖ਼ਿਤਾਬ ਨੂੰ ਵੰਡਿਆ ਨਹੀਂ ਜਾ ਸਕਦਾ ਪਰ ਜੱਜਾਂ ਨੇ ਜ਼ੋਰ ਦਿੱਤਾ ਕਿ ਉਹ ਐੱਟਵੁੱਡ ਦੀ ‘ਦੀ ਟੈਸਟਾਮੈਂਟ’ ਅਤੇ ਏਵਾਰਿਸਟੋ ਦੀ ‘ਗਰਲ, ਵਿਮੈੱਨ ਤੇ ਅਦਰ’ ਨੂੰ ‘ਚੰਗੀ-ਮਾੜੀ’ ਕਰ ਕੇ ਨਹੀਂ ਦੇਖ ਸਕਦੇ। ਏਵਾਰਿਸਟੋ 1969 ਵਿਚ ਬੁੱਕਰ ਪੁਰਸਕਾਰ ਸ਼ੁਰੂ ਕੀਤੇ ਜਾਣ ਤੋਂ ਬਾਅਦ ਇਸ ਨੂੰ ਜਿੱਤਣ ਵਾਲੀ ਪਹਿਲਾ ਸਿਆਹਫਾਮ ਔਰਤ ਹੈ। ਇਸ ਤੋਂ ਪਹਿਲਾਂ 1992 ਵਿਚ ਵੀ ਇਸੇ ਤਰ੍ਹਾਂ ਦੋ ਕਿਤਾਬਾਂ ਚੁਣੀਆਂ ਗਈਆਂ ਸਨ। ਉਸ ਵੇਲੇ ਪ੍ਰਬੰਧਕਾਂ ਨੇ ਜੱਜਾਂ ਨੂੰ ਦੱਸਿਆ ਸੀ ਕਿ ਉਹ ਦੋ ਜੇਤੂ ਨਹੀਂ ਚੁਣ ਸਕਦੇ। ਪੰਜ ਜੱਜਾਂ ਨੇ 2019 ਦਾ ਪੁਰਸਕਾਰ ਐਲਾਨਣ ਤੋਂ ਪਹਿਲਾਂ ਪੰਜ ਘੰਟੇ ਵਿਚਾਰ-ਵਟਾਂਦਰਾ ਕੀਤਾ ਤੇ ਮਗਰੋਂ ਫ਼ੈਸਲਾ ਕੀਤਾ ਗਿਆ ਕਿ ਦੋਵੇਂ ਕਿਤਾਬਾਂ ਸਨਮਾਨ ਦੇ ਯੋਗ ਹਨ। 50,000 ਪੌਂਡ ਦੀ ਰਾਸ਼ੀ ਹੁਣ ਦੋਵਾਂ ਵਿਚਾਲੇ ਵੰਡੀ ਜਾਵੇਗੀ। ਸਨਮਾਨ ਸਮਾਗਮ ਇੱਥੇ ਗਿਲਡਹਾਲ ਵਿਚ ਹੋਵੇਗਾ। 79 ਸਾਲਾ ਐੱਟਵੁੱਡ ਕੈਨੇਡੀਅਨ ਹਨ ਤੇ ਖ਼ਿਤਾਬ ਮਿਲਣ ’ਤੇ ਉਨ੍ਹਾਂ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬਰਤਾਨਵੀ ਮੂਲ ਦੀ ਲੇਖਕ ਏਵਾਰਿਸਟੋ (60) ਨਾਲ ਸਨਮਾਨ ਸਾਂਝਾ ਕਰ ਕੇ ਖ਼ੁਸ਼ੀ ਹੋਈ ਹੈ।

Previous articleਸ੍ਰੀਨਗਰ ’ਚ ਅਬਦੁੱਲਾ ਦੀ ਭੈਣ ਤੇ ਧੀ ਸਮੇਤ ਛੇ ਮਹਿਲਾ ਕਾਰਕੁਨ ਗ੍ਰਿਫ਼ਤਾਰ
Next articleਪੱਗ ਦੀ ਬੇਅਦਬੀ ਕਰਨ ਵਾਲੇ ਮੰਤਰੀ ਖ਼ਿਲਾਫ਼ ਅਕਾਲ ਤਖ਼ਤ ਜਾਵਾਂਗੇ: ਮਜੀਠੀਆ