ਪੰਥ ……… ਪੰਥ ……… ਪੰਥ

(ਸਮਾਜ ਵੀਕਲੀ)

ਪ੍ਰਸਿੱਧ ਇਤਿਹਾਸਕਾਰ ਜੌਰਜ ਕਨਿੰਘਮ ਆਪਣੀ ਪੁਸਤਕ “The History of Sikhs” ਵਿੱਚ ਲਿਖਦਾ ਹੈ ਕਿ, “ਇਕ ਵਾਰ ਉਸ ਨੇ ਮਾਝੇ ਦੇ ਇਲਾਕੇ ਚੋਂ ਵਿਚਰਦਿਆਂ ਹੋਇਆਂ, ਖੇਤ ਵਿੱਚ ਕੰਮ ਕਰ ਰਹੇ, ਇਕ ਸਿੱਖ ਤੋਂ ਜਦ ਇਹ ਸਵਾਲ ਪੁੱਛਿਆ ਕਿ ਪੰਥ ਕਿਸ ਨੂੰ ਕਹਿੰਦੇ ਹਨ ? ਤਾਂ ਉਹ ਆਪਣਾ ਕੰਮ ਵਿੱਚੇ ਛੱਡਕੇ ਇਕਦਮ ਖੜ੍ਹਾ ਹੋ ਗਿਆ, ਉਸ ਦਾ ਚੇਹਰਾ ਇਕਦਮ ਲਾਲ ਸੁਰਖ਼ ਹੋ ਗਿਆ, ਅੱਖਾਂ ਅੰਗਿਆਰਾਂ ਵਾਂਗ ਦਗਣ ਲੱਗ ਪਈਆਂ, ਸਰੀਰ ਜੋਸ਼ ਨਾਲ ਕੰਬਣ ਲੱਗ ਪਿਆ ਤੇ ਉਸ ਦੇ ਮੂੰਹੋਂ ਆਪਮੁਹਾਰੇ ਹੀ ਪੂਰੇ ਜ਼ੋਰ ਨਾਲ ਤਿੰਨ ਵਾਰ ਪੰਥ …… ਪੰਥ …… ਪੰਥ ਨਿਕਲ ਗਿਆ ਤਾਂ ਮੈਨੂੰ ਸਮਝ ਆ ਗਈ ਕਿ ਜਦ ਕਿਸੇ ਸੱਚੇ ਸਿੱਖ ਅੰਦਰ ਦਸਾਂ ਗੁਰੂਆਂ ਦੀ ਜੋਤ ਦੀ ਰੌਸ਼ਨੀ ਦਾ ਚਾਨਣ ਹੋ ਜਾਵੇ ਤਾਂ ਉਹ ਸਿੱਖ, ਸਿਰਫ ਸਿੱਖ ਹੀ ਨਹੀਂ ਰਹਿੰਦਾ ਬਲਕਿ ਪੰਥ ਹੋ ਜਾਂਦਾ ਹੈ ਤੇ ਸੱਚੇ ਸਿੱਖ ਅੰਦਰਲੀ ਇਸ ਭਾਵਨਾ ਨੂੰ ਹੀ ਪੰਥ ਕਹਿੰਦੇ ਹਨ।”

ਅਸੀਂ ਜਾਣਦੇ ਹਾਂ ਕਿ ਜੌਰਜ ਕਨਿੰਘਮ ਇਕ ਅੰਗਰੇਜ਼ ਵਿਦਵਾਨ ਸੀ ਜਿਸ ਨੇ ਸਿੱਖ ਇਤਿਹਾਸ ਦੀ ਸਾਂਭ ਸੰਭਾਲ਼ ਵਾਸਤੇ ਬਹੁਤ ਖੋਜ ਕੀਤੀ ਤੇ ਕਈ ਇਤਿਹਾਸਕ ਪੁਸਤਕਾਂ ਦੀ ਰਚਨਾ ਕੀਤੀ । ਉਸ ਦੁਆਰਾ ਵਰਣਿਤ ਉਕਤ ਘਟਨਾ ਨੂੰ ਅਜੋਕੇ ਪਰਸੰਗ ਵਿੱਚ ਰੱਖ ਕੇ ਦੇਖੀਏ ਤਾਂ ਸਿੱਖੀ ਬਾਣੇ ਚ ਵਿਚਰ ਰਹੇ ਅਖਾਉਤੀ ਸਿੱਖਾਂ ਉੱਤੇ ਬਹੁਤ ਵੱਡੇ ਕਿੰਤੂ ਉਠਦੇ ਹਨ ਜੋ ਕਿ ਇਹ ਸੋਚਣ ਲਈ ਮਜਬੂਰ ਕਰਦੇ ਹਨ ਕਿ ਅੱਜ ਦੇ ਸਮੇਂ ਵਿੱਚ ਆਪਣੇ ਆਪ ਨੂੰ ਸਿੱਖ ਕਹਾਉਣ ਵਾਲ਼ਿਆਂ ਅੰਦਰ ਇਸ ਤਰਾਂ ਦੀ ਪੰਥ ਭਾਵਨਾ ਕਿੰਨੀ ਕੁ ਹੈ ? ਅਜੋਕਾ ਸਿੱਖ ਭਾਈਚਾਰਾ ਗੁਰੂ ਦੀਆ ਸਿੱਖਿਆਵਾਂ ਤੋਂ ਕਿੰਨਾ ਕੁ ਦੂਰ ਜਾਂ ਨੇੜੇ ਹੋ ਚੁੱਕਾ ਹੈ ? ਇਸ ਸਾਲ ਜਗਤ ਗੁਰੂ ਬਾਬਾ ਨਾਨਕ ਦਾ 550ਵਾਂ ਪ੍ਰਕਾਸ਼ ਵਰ੍ਹਾ ਚੱਲ ਰਿਹਾ ਹੈ ਤੇ ਇਸ ਸ਼ੁਭ ਮੌਕੇ ‘ਤੇ ਇਸ ਸੰਬੰਧੀ ਵਿਚਾਰ ਕਰਨਾ ਹੋਰ ਵੀ ਜਰੂਰੀ ਹੋ ਜਾਂਦਾ ਹੈ । ਇਸ ਕਰਕੇ ਹਰ ਸਿੱਖ ਨੁੰ ਦੂਜਿਆਂ ਦੀ ਨਿੰਦਾ ਕਰਨ ਦੀ ਬਜਾਏ, ਇਸ ਸਮੇ ਪੂਰੀ ਇਮਾਨਦਾਰੀ ਨਾਲ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਦਿਆਂ, ਆਪਣੇ ਅੰਦਰ ਝਾਤ ਮਾਰਕੇ ਉਕਤ ਸਵਾਵਾਂ ਆਪਣੇ ਆਪ ਤੋਂ ਹੀ ਪੁਛਕੇ ਉਹਨਾਂ ਦਾ ਉੱਤਰ ਤਲਾਸਣ ਦੀ ਇਕ ਕੋਸ਼ਿਸ਼ ਤਾਂ ਘੱਟੋ ਘੱਟ ਜਰੂਰ ਹੀ ਕਰਨੀ ਚਾਹੀਦੀ ਹੈ । ਇਸ ਤਰਾਂ ਕਰਨ ਨਾਲ ਸਿੱਖ ਭਾਈਚਾਰੇ ਚ ਆ ਰਹੇ ਨਿਘਾਰ ਨੁੰ ਵਿਰਾਮ ਚਿੰਨ੍ਹ ਵੀ ਲੱਗੇਗਾ, ਸਿੱਖਾਂ ਚ ਆਪਸੀ ਧੜੇਬਾਜ਼ੀ ਘਟੇਗੀ ਜਿਸ ਸਿੱਖਾਂ ਦਾ ਅਕਸ ਇਕ ਵਾਰ ਫੇਰ ਸਾਫ ਸੁਥਰੇ ਰੂਪ ਵਿਚ ਉਘੜਨਾ ਸ਼ੁਰੂ ਹੋ ਜਾਵੇਗਾ ਤੇ ਕਚਹਿਰੀਆਂ ਵਿੱਚ ਜਿੱਥੇ ਫਿਰ ਤੋਂ ਇਕ ਸਾਬਤ ਸੂਰਤ ਸਿੱਖ ਦੀ ਗਵਾਹੀ ਬਿਨਾ ਕਿਸੇ ਕਰਾਸ ਐਗਜਾਮੀਨੇਸ਼ਨ (Cross Examination) ਦੇ ਸਹੀ ਮੰਨੀ ਜਾਵੇਗੀ ਉੱਥੇ ਹਰ ਵਰਗ ਦੇ ਲੋਕ ਹਰ ਸਾਬਤ ਸੂਰਤ ਸਿੱਖ ਨੂੰ “ਮੋੜੀਂ ਬਾਬਾ ਕੱਛ ਵਾਲ਼ਿਆਂ, ਰੰਨ ਚਲੀ ਬਸਰੇ ਨੂੰ” ਵਾਲਾ ਬਾਬਾ ਸਮਝਕੇ ਆਪਣਾ ਰਖਵਾਲਾ ਸਮਝਣ ਮੰਨਣ ਚ ਮਾਣ ਮਹਿਸੂਸ ਕਰਨਗੇ ।

 

– ਪੇਸ਼ਕਾਰ
ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

18/06/2020

Previous articleਰਿਲਾਇੰਸ ਇੰਡਸਟਰੀਜ਼ ਕਰਜ਼ ਮੁਕਤ; ਦੋ ਮਹੀਨਿਆਂ ’ਚ ਜੁਟਾਏ 1.69 ਲੱਖ ਕਰੋੜ
Next articleਸਰਕਾਰ ਸੁੱਤੀ ਰਹੀ ਤੇ ਜਵਾਨ ਸ਼ਹੀਦ ਹੋ ਗਏ: ਰਾਹੁਲ