ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਦੀਆਂ ਜ਼ਿਮਨੀ ਚੋਣਾਂ ਦੌਰਾਨ ਅੱਜ ਸ਼ਾਮ ਤੱਕ ਵੱਖ-ਵੱਖ ਥਾਵਾਂ ’ਤੇ ਹਾਕਮ ਧਿਰ ਅਤੇ ਵਿਰੋਧੀ ਪਾਰਟੀਆਂ ਦੇ ਵਰਕਰਾਂ ਵਿਚਾਲੇ ਹੋਈਆਂ ਝੜਪਾਂ ਕਾਰਨ ਸਾਰਾ ਦਿਨ ਤਣਾਅ ਵਾਲੀ ਸਥਿਤੀ ਬਣੀ ਰਹੀ।
ਵੋਟਾਂ ਪਾਉਣ ਦਾ ਸਮਾਂ ਖ਼ਤਮ ਹੋਣ ਨੇੜੇ ਆਉਂਦਿਆਂ ਹੀ ਦਾਖਾ ਹਲਕੇ ਦੇ ਪਿੰਡ ਜਾਂਗਪੁਰ ’ਚ ਗੋਲੀ ਚੱਲਣ ਨਾਲ ਅਕਾਲੀ ਵਰਕਰ ਗੁਰਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਲੁਧਿਆਣਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਲਾਲਾਬਾਦ ਵਿੱਚ ਵੀ ਕਈ ਪਿੰਡਾਂ ’ਚ ਟਕਰਾਅ ਹੋਣ ਅਤੇ ਅਕਾਲੀਆਂ ਦੇ ਬੂਥ ਤੋੜਨ ਦੀਆਂ ਰਿਪੋਰਟਾਂ ਮਿਲੀਆਂ ਹਨ। ਚੋਣ ਕਮਿਸ਼ਨ ਦੀਆਂ ਰਿਪੋਰਟਾਂ ਮੁਤਾਬਕ ਇਨ੍ਹਾਂ ਚੋਣਾਂ ਦੌਰਾਨ 70 ਫ਼ੀਸਦੀ ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਵੱਕਾਰ ਦਾਅ ’ਤੇ ਲੱਗਿਆ ਹੋਣ ਕਾਰਨ ਚਾਰੋਂ ਹਲਕਿਆਂ ਵਿੱਚ ਸਥਿਤੀ ਸ਼ੁਰੂ ਤੋਂ ਅਖ਼ੀਰ ਤੱਕ ਤਣਾਅਪੂਰਨ ਬਣੀ ਰਹੀ।
ਵੋਟਾਂ ਪਾਉਣ ਦਾ ਕੰਮ ਸਵੇਰੇ ਤਾਂ ਮੱਠਾ ਰਿਹਾ ਪਰ ਬਾਅਦ ਦੁਪਹਿਰ ਅਮਲ ’ਚ ਤੇਜ਼ੀ ਆਈ ਅਤੇ ਕਈ ਬੂਥਾਂ ’ਤੇ ਦੇਰ ਸ਼ਾਮ ਤੱਕ ਲਾਈਨਾਂ ਲੱਗੀਆਂ ਰਹੀਆਂ। ਦਾਖਾ ਅਤੇ ਜਲਾਲਾਬਾਦ ਹਲਕਿਆਂ ਵਿੱਚ ਕਾਂਗਰਸ ਤੇ ਅਕਾਲੀ ਵਰਕਰਾਂ ਵਿਚਾਲੇ ਹਿੰਸਾ ਦੀਆਂ ਮਾਮੂਲੀ ਘਟਨਾਵਾਂ ਵਾਪਰਨ ਦੀਆਂ ਰਿਪੋਰਟਾਂ ਮਿਲੀਆਂ ਹਨ ਜਦੋਂ ਕਿ ਚੋਣ ਕਮਿਸ਼ਨ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਜ਼ਿਮਨੀ ਚੋਣਾਂ ਦਾ ਅਮਲ ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ। ਦਾਖਾ ਅਤੇ ਜਲਾਲਾਬਾਦ ਹਲਕਿਆਂ ਵਿੱਚ ਚੋਣ ਜ਼ਾਬਤੇ ਦੀ ਉਲੰਘਣਾ, ਖ਼ਾਸ ਕਰ ਕੇ ਵੋਟਾਂ ਦੀ ਖ਼ਰੀਦ-ਫ਼ਰੋਖਤ ਹੋਣ ਦਾ ਭੁਲੇਖਾ ਪਾਉਂਦੀਆਂ ਕਈ ਵੀਡੀਓਜ਼ ਵੀ ਅਕਾਲੀ ਆਗੂਆਂ ਵੱਲੋਂ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀਆਂ ਗਈਆਂ।
ਕਾਂਗਰਸ ਅਤੇ ਅਕਾਲੀ ਦਲ ਦੇ ਕਈ ਆਗੂ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਨੂੰ ਨਕਾਰਦੇ ਹੋਏ ਵੋਟਾਂ ਵਾਲੇ ਖੇਤਰਾਂ ਵਿੱਚ ਡੱਟੇ ਰਹੇ। ਚੋਣ ਕਮਿਸ਼ਨ ਦੇ ਅਧਿਕਾਰੀ ਅਤੇ ਸਥਾਨਕ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਰਿਹਾ। ਕਮਿਸ਼ਨ ਨੇ ਕੁੱਝ ਸ਼ਿਕਾਇਤਾਂ ’ਤੇ ਕਾਰਵਾਈ ਕਰਦਿਆਂ ਕਾਂਗਰਸ ਦੇ ਜ਼ੀਰਾ ਹਲਕੇ ਤੋਂ ਵਿਧਾਇਕ ਕੁਲਬੀਰ ਸਿੰਘ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਦਾ ਨੋਟਿਸ ਜਾਰੀ ਕੀਤਾ। ਕਾਂਗਰਸ ਦੇ ਹੀ ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਹੋਰਨਾਂ ਕਈ ਆਗੂਆਂ ਦੀ ਮੌਜੂਦਗੀ ਨੂੰ ਵੀ ਅਕਾਲੀਆਂ ਨੇ ਇੱਕ ਵੱਡੇ ਮੁੱਦੇ ਵਜੋਂ ਉਭਾਰਿਆ। ਪੁਲੀਸ ਨੇ ਵਿਰੋਧੀ ਧਿਰਾਂ ਦੇ ਕਈ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ। ਇਨ੍ਹਾਂ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿੱਚ ਸੂਬੇ ਦੀਆਂ ਪ੍ਰਮੁੱਖ ਸਿਆਸੀ ਧਿਰਾਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ-ਭਾਜਪਾ, ਆਮ ਆਦਮੀ ਪਾਰਟੀ ਤੇ ਲੋਕ ਇਨਸਾਫ਼ ਪਾਰਟੀ ਨੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਪੰਜਾਬ ਵਿਧਾਨ ਸਭਾ ਵਿੱਚ ਦੋ ਤਿਹਾਈ ਬਹੁਮਤ ਹਾਸਲ ਕਰ ਚੁੱਕੀ ਸੱਤਾਧਾਰੀ ਧਿਰ ਕਾਂਗਰਸ ਲਈ ਅੰਕੜੇ ਪੱਖੋਂ ਤਾਂ ਭਾਵੇਂ ਇਹ ਚੋਣਾਂ ਖ਼ਾਸ ਮਹੱਤਵ ਨਹੀਂ ਰੱਖਦੀਆਂ ਪਰ ਸੂਬੇ ਦੀ ਸਿਆਸਤ ਲਈ ਇਨ੍ਹਾਂ ਚੋਣਾਂ ਦੇ ਨਤੀਜੇ ਕਾਫੀ ਅਹਿਮਤੀਅਤ ਰੱਖਦੇ ਹਨ। ਇਨ੍ਹਾਂ ਚੋਣਾਂ ਦੇ ਨਤੀਜੇ ਕਾਂਗਰਸ ਅਤੇ ਅਕਾਲੀ ਦਲ ਦੋਹਾਂ ਪਾਰਟੀਆਂ ਦੇ ਭਵਿੱਖ ਨੂੰ ਪ੍ਰਭਾਵਿਤ ਕਰਨਗੇ।
HOME ਪੰਜਾਬ ਜ਼ਿਮਨੀ ਚੋਣਾਂ ’ਚ 66 ਫੀਸਦੀ ਵੋਟਿੰਗ