ਲੁਧਿਆਣਾ- ਮੁਸਲਿਮ ਭਾਈਚਾਰੇ ਵੱਲੋਂ ਨਾਇਬ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦੇ ਕੇ ਨਾਗਰਿਕਤਾ ਕਾਨੂੰਨ ਅਤੇ ਐੱਨਆਰਸੀ ਸਬੰਧੀ ਘੱਟਗਿਣਤੀਆਂ ਦੀਆਂ ਭਾਵਨਾਵਾਂ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੱਕ ਪਹੁੰਚਾਉਣ ਲਈ ਕਿਹਾ ਹੈ।
ਅੱਜ ਇੱਥੇ ਮੁੱਖ ਮੰਤਰੀ ਦੇ ਆਉਣ ’ਤੇ ਮੁਸਲਿਮ ਭਾਈਚਾਰੇ ਨੇ ਪ੍ਰਦੇਸ਼ ਦੀਆਂ ਘੱਟ ਗਿਣਤੀਆਂ ਵੱਲੋਂ ਮੁੱਖ ਮੰਤਰੀ ਦਾ ਪੰਜਾਬ ਵਿੱਚ ਸੀਏਏ ਅਤੇ ਐੱਨਆਰਸੀ ਲਾਗੂ ਨਾ ਕਰਨ ਦੇ ਐਲਾਨ ’ਤੇ ਧੰਨਵਾਦ ਕੀਤਾ। ਮੌਲਾਨਾ ਮੁਹੰਮਦ ਉਸਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਉੱਤਰ ਪ੍ਰਦੇਸ਼ ਪੁਲੀਸ ਵੱਲੋਂ ਕੀਤੇ ਗਏ ਅੱਤਿਆਚਾਰ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਜਪਾ ਸਰਕਾਰ ਵੱਲੋਂ ਉੱਤਰ ਪ੍ਰਦੇਸ਼ ਵਿੱਚ ਹੋ ਰਹੀ ਲੋਕਤੰਤਰ ਦੀ ਹੱਤਿਆ ਖ਼ਿਲਾਫ਼ ਵੱਡੇ ਪੱਧਰ ’ਤੇ ਆਵਾਜ਼ ਉਠਾਈ ਜਾਵੇ। ਮੌਲਾਨਾ ਉਸਮਾਨ ਨੇ ਕਿਹਾ ਕਿ ਪੰਜਾਬ ਤੋਂ ਇਸ ਕਾਲੇ ਕਾਨੂੰਨ ਖ਼ਿਲਾਫ਼ ਮੁੱਖ ਮੰਤਰੀ ਅਤੇ ਸਾਰੇ ਲੋਕਾਂ ਨੇ ਜੋ ਸੱਚ ਦੀ ਆਵਾਜ਼ ਚੁੱਕੀ ਹੈ ਉਹ ਸਾਰੇ ਦੇਸ਼ ਨੂੰ ਚੁੱਕਣੀ ਪਵੇਗੀ।
ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਰੇ ਨਾਗਰਿਕ ਹਿੰਦੂ, ਮੁਸਲਿਮ, ਸਿੱਖ, ਈਸਾਈ ਜਾਗ ਚੁੱਕੇ ਹਨ ਕਿਉਂਕਿ ਇਹ ਗੱਲ ਸਾਰਿਆਂ ਨੂੰ ਸਮਝ ਆ ਗਈ ਹੈ ਕਿ ਕੇਂਦਰ ਸਰਕਾਰ ਐੱਨਆਰਸੀ ਦੇ ਨਾਂ ’ਤੇ ਹਰ ਨਾਗਰਿਕ ਨੂੰ ਕਤਾਰਾਂ ’ਚ ਖੜ੍ਹਾ ਕਰਨਾ ਚਾਹੁੰਦੀ ਹੈ।
ਨਾਇਬ ਸ਼ਾਹੀ ਇਮਾਮ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ਵਾਸ ਦਿਵਾਇਆ ਹੈ ਕਿ ਪੰਜਾਬ ਸਮੇਤ ਦੇਸ਼ ਭਰ ’ਚ ਨਾ ਸਿਰਫ ਘੱਟ ਗਿਣਤੀਆਂ ਬਲਕਿ ਹਰ ਇੱਕ ਭਾਰਤੀ ਦੇ ਆਤਮ ਸਨਮਾਨ ਦੀ ਰਾਖੀ ਕੀਤੀ ਜਾਵੇਗੀ।
INDIA ਪੰਜਾਬ ਸਰਕਾਰ ਯੂਪੀ ’ਚ ਲੋਕਤੰਤਰ ਦੇ ਘਾਣ ਖ਼ਿਲਾਫ਼ ਆਵਾਜ਼ ਉਠਾਏ: ਨਾਇਬ ਸ਼ਾਹੀ...