ਨਵੀਂ ਦਿੱਲੀ (ਸਮਾਜ ਵੀਕਲੀ) : ਕਾਂਗਰਸ ਅਤੇ ਇਸ ਦੀਆਂ ਭਾਈਵਾਲ ਪਾਰਟੀਆਂ ਵੱਲੋਂ ਸ਼ਾਸਿਤ ਚਾਰ ਸੂਬਿਆਂ ਨੇ ਅੱਜ ਕੇਂਦਰ ’ਤੇ ਉਤਪਾਦਕਾਂ ਤੋਂ ਵੈਕਸੀਨ ਸਟਾਕ ‘ਹਾਈਜੈਕ’ ਕਰ ਲੈਣ (ਕਬਜ਼ਾ ਕਰ ਲੈਣ) ਦਾ ਦੋਸ਼ ਲਾਉਂਦਿਆਂ ਪਹਿਲੀ ਮਈ ਤੋਂ 18 ਤੋਂ 45 ਸਾਲਾਂ ਦੇ ਵਰਗ ਲਈ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਸਬੰਧੀ ਸ਼ੰਕੇ ਜ਼ਾਹਰ ਕੀਤੇ। ਇਨ੍ਹਾਂ ਸੂਬਿਆਂ ਨੇ ਕੇਂਦਰ ’ਤੇ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਵਰਤਾਓ ਕਰਨ ਦਾ ਵੀ ਦੋਸ਼ ਲਾਇਆ ਤੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਸਾਰੇ ਬਾਲਗਾਂ ਦਾ ਟੀਕਾਕਰਨ ਲਈ ਮੁਫ਼ਤ ਵੈਕਸੀਨ ਡੋਜ਼ਾਂ ਮੁਹੱਈਆ ਕਰਵਾਵੇ।
ਇੱਕ ਸਾਂਝੀ ਵਰਚੁਅਲ ਪ੍ਰੈੱਸ ਕਾਨਫਰੰਸ ਮੌਕੇ ਸੰਬੋਧਨ ਕਰਦਿਆਂ ਛੱਤੀਸਗੜ੍ਹ, ਰਾਜਸਥਾਨ, ਪੰਜਾਬ ਅਤੇ ਝਾਰਖੰਡ (ਕਾਂਗਰਸ-ਜੇਐੱਮਐੱਮ ਗੱਠਜੋੜ) ਦੇ ਸਿਹਤ ਮੰਤਰੀਆਂ ਨੇ ਪੁੱਛਿਆ ਕਿ ਉਹ ਸਾਰੇ ਬਾਲਗਾਂ ਦਾ ਟੀਕਾਕਰਨ ਕਿਵੇਂ ਕਰਨਗੇ ਜਦਕਿ ਕੇਂਦਰ ਨੇ ਪਹਿਲਾਂ ਹੀ ਸਾਰਾ ਸਟਾਕ ਲੈ ਲਿਆ ਹੈ ਅਤੇ ਉਨ੍ਹਾਂ ਲਈ ਵੈਕਸੀਨ ਉਪਲੱਬਧ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲੀ ਮਈ ਤੋਂ ਟੀਕਾਕਰਨ ਦੇ ਅਗਲੇ ਪੜਾਅ ਲਈ ਤਿਆਰ ਹਨ ਪਰ ਉਤਪਾਦਕਾਂ ਨੇ ਉਨ੍ਹਾਂ ਨੂੰ ਵੈਕਸੀਨ ਸ਼ਾਟ ਦੇ ਸਕਣ ਤੋਂ ਅਸਮਰੱਥਾ ਜ਼ਾਹਰ ਕੀਤੀ ਹੈ। ਰਾਜਸਥਾਨ ਦੇ ਸਿਹਤ ਮੰਤਰੀ ਰਘੂ ਸ਼ਰਮਾ ਨੇ ਕਿਹਾ,‘ਅਸੀਂ 18 ਤੋਂ 45 ਸਾਲ ਦੇ ਬਾਲਗਾਂ ਦਾ ਟੀਕਾਕਰਨ ਕਿਵੇਂ ਕਰੀਏ ਜਦਕਿ ਸੀਰਮ ਇੰਸਟੀਚਿਊਟ ਨੇ ਪਹਿਲਾਂ ਹੀ ਆਖ ਦਿੱਤਾ ਹੈ ਕਿ ਉਹ 15 ਮਈ ਤੱਕ ਵੈਕਸੀਨ ਮੁਹੱਈਆ ਕਰਵਾਉਣ ’ਚ ਅਸਮਰੱਥ ਰਹਿਣਗੇ।
ਛੱਤੀਸਗੜ੍ਹ ਦੇ ਸਿਹਤ ਮੰਤਰੀ ਟੀ ਐੱਸ ਸਿੰਘ ਦਿਓ ਨੇ ਕਿਹਾ,‘ਜੇਕਰ ਵੈਕਸੀਨ ਉਪਲੱਬਧ ਨਹੀਂ ਹੈ ਤਾਂ ਟੀਕੇ ਲਾਉਣ ਦਾ ਕੋਈ ਢੰਗ-ਤਰੀਕਾ ਨਹੀਂ ਹੈ। ਅਸੀਂ ਟੀਕਾਕਰਨ ਕਰਨ ਲਈ ਤਿਆਰ ਹਾਂ ਬਸ਼ਰਤੇ ਸਾਡੇ ਕੋਲ ਵੈਕਸੀਨ ਹੋਵੇ। ਉਨ੍ਹਾਂ ਦੋਸ਼ ਲਾਇਆ ਕਿ ਟੀਕਾਕਰਨ ਸਬੰਧੀ ਰਾਜਨੀਤੀ ਖੇਡੀ ਜਾ ਰਹੀ ਹੈ, ਕਿਉਂਕਿ ਟੀਕਾਕਰਨ ਸਬੰਧੀ ਸਰਟੀਫਿਕੇਟ ’ਤੇ ਪ੍ਰਧਾਨ ਮੰਤਰੀ ਦੀ ਫੋਟੋ ਲੱਗੀ ਹੋਈ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ,‘ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਕੇਂਦਰ ਨੂੰ ਵੈਕਸੀਨ ਤੇ ਲੋੜੀਂਦੀਆਂ ਜੀਵਨ ਰੱਖਿਅਕ ਦਵਾਈਆਂ ਮੁਹੱਈਆ ਕਰਵਾਉਣੀਆਂ ਚਾਹੀਦੀਆਂ ਹਨ।
ਝਾਰਖੰਡ ਦੇ ਸਿਹਤ ਮੰਤਰੀ ਬੰਨਾ ਗੁਪਤਾ ਨੇ ਦੋਸ਼ ਲਾਇਆ ਕਿ ਇਸ ਮਹਾਮਾਰੀ ਦੌਰਾਨ ਵੀ ਪ੍ਰਧਾਨ ਮੰਤਰੀ ਸਿਆਸੀ ਲਾਹਾ ਖੱਟਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ,‘ ਸਾਡੇ ਵਰਗੇ ਕਾਂਗਰਸ ਦੀ ਸੱਤਾ ਵਾਲੇ ਸੂਬਿਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਕੇਂਦਰ ਨੇ ਉਤਪਾਦਨ ਸਮਰੱਥਾ ਨੂੰ ‘ਹਾਈਜੈਕ’ ਕਰ ਲਿਆ ਹੈ ਅਤੇ ਪ੍ਰਤੀ ਡੋਜ਼ 150 ਰੁਪਏ ਕੀਮਤ ਰੱਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਉਨ੍ਹਾਂ ਨੂੰ ਬੰਗਲਾਦੇਸ਼ ਤੋਂ ਵੈਕਸੀਨ ਖਰੀਦਣ ਦੀ ਆਗਿਆ ਦੇਣੀ ਚਾਹੀਦੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly