ਪੰਜਾਬ ਸਕੂਲ ਸਿੱਖਿਆ ਬੋਰਡ ਨੇ ਫਾਈਨਲ ਐਗਜ਼ਾਮ ਸ਼ੁਰੂ ਹੋਣ ਤੋਂ ਦੋ ਮਹੀਨੇ ਪਹਿਲਾਂ 12ਵੀਂ ਕਲਾਸ ਦਾ ਸਿਲੇਬਸ ਬਦਲਿਆ

ਚੰਡੀਗੜ  : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਫਾਈਨਲ ਐਗਜ਼ਾਮ ਸ਼ੁਰੂ ਹੋਣ ਤੋਂ ਦੋ ਮਹੀਨੇ ਪਹਿਲਾਂ 12ਵੀਂ ਦੇ ਸਾਇੰਸ ਗਰੁੱਪ ਦਾ ਸਿਲੇਬਸ ਬਦਲ ਦਿੱਤਾ ਹੈ। ਇਸ ਤਬਦੀਲੀ ਨਾਲ ਵਿਦਿਆਰਥੀਆਂ ‘ਤੇ ਮਾਰੂ ਅਸਰ ਪੈਣ ਦਾ ਖਦਸ਼ਾ ਹੈ ਕਿਉਂਕਿ ਵਿਦਿਆਰਥੀਆਂ ਨੇ ਸਾਰਾ ਸਾਲ ਤਿਆਰੀ ਪੁਰਾਣੇ ਸਿਲੇਬਸ ਅਨੁਸਾਰ ਕੀਤੀ ਹੈ ਜਦਕਿ ਪ੍ਰੀਖਿਆਵਾਂ ਨਵੇਂ ਸਿਲੇਬਸ ਅਨੁਸਾਰ ਦੇਣੀਆਂ ਪੈਣੀਆਂ ਹਨ।
ਪ੍ਰਸਿੱਧ ਸਿੱਖਿਆ ਸ਼ਾਸਤਰੀ ਵਿਜੇ ਗਰਗ ਨੇ ਦੱਸਿਆ ਕਿ ਕੈਮਿਸਟਰੀ ਦੇ ਪੈਪਰ ਦਾ ਪੈਟਰਨ ਬਦਲ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਚੈਪਟਰ 1 ਜਿਸ ਵਿਚ ਸੋਲਿਡ ਸਟੇਟ ਤੇ ਗਰੁੱਪ 15 ਪੀ ਬਲਾਕ ਐਲੀਮੈਂਟ ਸ਼ਾਮਲ ਸਨ ਨੂੰ ਕੱਢ ਦਿੱਤਾ ਗਿਆ ਹੈ। ਇਸ ਦੀ ਥਾਂ ‘ਤੇ ਸਰਫੇਸ ਕੈਮਿਸਟਰੀ ਸ਼ੁਰੂ ਕੀਤੀ ਗਈ ਹੈ। ਛੋਟੇ ਉੱਤਰਾਂ ਵਾਲੇ ਪ੍ਰਸ਼ਨ ਵੀ ਸ਼ਾਮਲ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਭਾਵੇਂ ਕਿ ਇਹ ਤਬਦੀਲੀਆਂ ਵਿਦਿਆਰਥੀਆਂ ਲਈ ਲਾਹੇਵੰਦ ਹਨ ਪਰ ਇਹ ਲਾਗੂ ਕਰਨ ਦਾ ਸਮਾਂ ਠੀਕ ਨਹੀਂ ਹੈ ਕਿਉਂਕਿ ਫਾਈਨਲ ਐਗਜ਼ਾਮ ਵਿਚ ਸਿਰਫ ਦੋ ਮਹੀਨੇ ਬਾਕੀ ਰਹਿ ਗਏ ਹਨ। ਉਹਨਾਂ ਦੱਸਿਆ ਕਿ ਵਿਦਿਆਰਥੀਆਂ ਲਈ ਇਹ ਛੋਟੇ ਉੱਤਰਾਂ ਵਾਲੇ ਟੇਢੇ ਪ੍ਰਸ਼ਨ ਹੱਲ ਕਰਨੇ ਸੌਖੇ ਨਹੀਂ ਹਨ ਤੇ ਨਵੇਂ ਪੈਟਰਨ ਅਨੁਸਾਰ ਚੱਲਣਾ ਔਖਾ ਹੈ।
ਉਹਨਾਂ ਹੋਰ ਦੱਸਿਆ ਕਿ ਇਸੇ ਤਰੀਕੇ 12ਵੀਂ ਕਲਾਸ ਦੇ ਗਣਿਤ ਵਿਚ ਵਿਚ ਵੀ ਤਬਦੀਲੀ ਕੀਤੀ ਗਈ ਹੈ ਤੇ ਇਸ ਵਿਚ 10 ਅੰਕਾਂ ਦੇ ਪ੍ਰੈਕਟਿਕਲ ਸ਼ੁਰੂ ਕੀਤੇ ਗਏ ਹਨ। ਉਹਨਾਂ ਕਿਹਾ ਕਿ ਪ੍ਰੀਖਿਆਵਾਂ ਤੋਂ ਸਿਰਫ ਦੋ ਮਹੀਨੇ ਪਹਿਲਾਂ ਪ੍ਰੈਕਟਿਲ ਸ਼ੁਰੂ ਕਰਨਾ ਸਿਆਣਪ ਨਹੀਂ ਹੈ। ਉਹਨਾਂ ਕਿਹਾ ਕਿ ਗਣਿਤ ਵਿਚ ਵੀ ਪ੍ਰਸ਼ਨ ਪੱਤਰਾਂ ਦੇ ਨਵੇਂ ਪੈਟਰਨ ਅਨੁਸਾਰ ਅਜਿਹੇ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਹੱਲ ਕਰਨਾ ਵਿਦਿਆਰਥੀਆਂ ਲਈ ਮੌਜੂਦਾ ਹਾਲਾਤਾਂ ਮੁਤਾਬਕ ਔਖਾ ਹੈ।

Previous articleਜਾਰਜ ਮੈਕੀ ਲਾਇਬਰੇਰੀ ‘ਚ ਸਾਲਾਨਾ ਕਵੀ ਦਰਬਾਰ 21 ਦਸੰਬਰ ਨੂੰ
Next articleਅਕਾਲੀ ਆਗੂ ਰਾਜੂ ਖੰਨਾ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਖਿਲਾਫ ਮਾਮਲਾ ਦਰਜ