ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ’ਚ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਬਿਆਸ ਦਰਿਆ ’ਤੇ ਬਣੇ ਪੌਂਗ ਡੈਮ ਤੋਂ ਵਾਧੂ ਪਾਣੀ ਛੱਡਣ ਦਾ ਫ਼ੈਸਲਾ ਲਿਆ ਹੈ। ਪੌਂਗ ਡੈਮ ਤੋਂ ਵਾਧੂ ਪਾਣੀ ਛੱਡੇ ਜਾਣ ਕਾਰਨ ਪੰਜਾਬ ਦੇ ਕਈ ਹਿੱਸਿਆਂ ’ਚ ਹੜ੍ਹ ਜਿਹੇ ਹਾਲਾਤ ਪੈਦਾ ਹੋ ਸਕਦੇ ਹਨ। ਪੰਜਾਬ ਦੇ ਕੁਝ ਇਲਾਕੇ ਪਹਿਲਾਂ ਹੀ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਕਰਕੇ ਹੜ੍ਹਾਂ ਦਾ ਸਾਹਮਣਾ ਕਰ ਰਹੇ ਹਨ। ਤਲਵਾੜਾ ਦੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਦੇ ਬਿਆਸ ਡੈਮ ਦੇ ਵਧੀਕ ਸੁਪਰਇਨਟੈਂਡਿੰਗ ਇੰਜਨੀਅਰ (ਜਲ ਕੰਟਰੋਲ) ਨੇ ਦੱਸਿਆ ਕਿ ਪ੍ਰਸ਼ਾਸਨ ਨੇ ਪੌਂਗ ਤੋਂ ਟਰਬਾਈਨ ਰਾਹੀਂ ਫਿਲਹਾਲ ਛੱਡੇ ਜਾ ਰਹੇ 12 ਹਜ਼ਾਰ ਕਿਊਸਿਕ ਦੀ ਥਾਂ ’ਤੇ ਚਾਰ ਸਤੰਬਰ ਨੂੰ ਕਰੀਬ 26 ਹਜ਼ਾਰ ਕਿਊਸਿਕ ਪਾਣੀ ਛੱਡਣ ਦਾ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਨੂੰ ਇਸ ਫ਼ੈਸਲੇ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਸਿੰਜਾਈ, ਡਰੇਨੇਜ ਅਤੇ ਨਾਗਰਿਕ ਪ੍ਰਸ਼ਾਸਨ ਨੂੰ ਲੋੜੀਂਦੀ ਕਾਰਵਾਈ ਦੇ ਸਬੰਧ ’ਚ ਨਿਰਦੇਸ਼ ਦੇਣ ਨੂੰ ਕਿਹਾ ਗਿਆ ਹੈ। ਅਧਿਕਾਰੀ ਮੁਤਾਬਕ ਪੌਂਗ ’ਚ ਸੋਮਵਾਰ ਛੇ ਵਜੇ ਪਾਣੀ ਦਾ ਪੱਧਰ 1,385.47 ਫੁੱਟ ਸੀ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਤਕਨੀਕੀ ਕਮੇਟੀ ਦੀ ਬੈਠਕ ’ਚ ਫ਼ੈਸਲਾ ਲਿਆ ਗਿਆ ਕਿ ਪੌਂਗ ’ਚ ਪਾਣੀ 1387 ਫੁੱਟ ਤੋਂ ਵੱਧ ਨਹੀਂ ਭਰਨਾ ਚਾਹੀਦਾ ਹੈ। ਇਸ ਸਮੇਂ 30 ਹਜ਼ਾਰ ਕਿਊਸਿਕ ਪਾਣੀ ਆ ਰਿਹਾ ਹੈ ਅਤੇ ਕਰੀਬ 12 ਹਜ਼ਾਰ ਕਿਊਸਿਕ ਪਾਣੀ ਟਰਬਾਈਨਾਂ ਰਾਹੀਂ ਛੱਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਵੱਲੋਂ ਆਉਂਦੇ ਦਿਨਾਂ ’ਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਨੂੰ ਦੇਖਦਿਆਂ ਜਲ ਦਾ ਪੱਧਰ ਦੋ ਦਿਨਾਂ ’ਚ 1387 ਫੁੱਟ ਪੁੱਜਣ ਦੀ ਸੰਭਾਵਨਾ ਹੈ।
INDIA ਪੰਜਾਬ ਵਿੱਚ ਹੜ੍ਹਾਂ ਦਾ ਮੁੜ ਖ਼ਤਰਾ