ਪੰਜਾਬ ਵਿਚ ਠੇਕਿਆਂ ’ਤੇ ਲਟਕਦੇ ਰਹੇ ਤਾਲੇ

ਚੰਡੀਗੜ੍ਹ (ਸਮਾਜਵੀਕਲੀ) – ਪੰਜਾਬ ਵਿਚ ਅੱਜ ਸ਼ਰਾਬ ਦੇ 90 ਫ਼ੀਸਦੀ ਠੇਕਿਆਂ ਨੂੰ ਤਾਲੇ ਲੱਗੇ ਰਹੇ ਜਿਨ੍ਹਾਂ ਦਾ ਆਬਕਾਰੀ ਅਫਸਰਾਂ ਨੇ ਜਾਇਜ਼ਾ ਵੀ ਲਿਆ। ਠੇਕਿਆਂ ਦੇ ਨਾ ਖੁੱਲ੍ਹਣ ’ਤੇ ਸਰਕਾਰੀ ਗਿਣਤੀ-ਮਿਣਤੀ ਮੂਧੇ ਮੂੰਹ ਡਿੱਗ ਪਈ ਹੈ। ਸ਼ਰਾਬ ਠੇਕੇਦਾਰ ਹੁਣ ਬਿਨਾਂ ਸਰਕਾਰੀ ਮਦਦ ਤੋਂ ਪਿਛਾਂਹ ਹਟਣ ਲਈ ਤਿਆਰ ਨਹੀਂ ਜਾਪਦੇ ਹਨ ਜਿਸ ਕਰਕੇ ਠੇਕੇਦਾਰਾਂ ਨੇ 8 ਮਈ ਨੂੰ ਹੋਣ ਵਾਲੀ ਕੈਬਨਿਟ ਮੀਟਿੰਗ ’ਤੇ ਟੇਕ ਲਾ ਲਈ ਹੈ।

ਜਾਣਕਾਰੀ ਅਨੁਸਾਰ ਸ਼ਰਾਬ ਦੇ ਠੇਕੇਦਾਰਾਂ ਦੀ ਭਲਕੇ ਆਬਕਾਰੀ ਅਤੇ ਕਰ ਕਮਿਸ਼ਨਰ ਨਾਲ ਮੀਟਿੰਗ ਵੀ ਹੋ ਰਹੀ ਹੈ। ਵੇਰਵਿਆਂ ਅਨੁਸਾਰ ਅੱਜ ਚੰਡੀਗੜ੍ਹ ਦੀ ਹਦੂਦ ਨਾਲ ਲੱਗਦੇ ਜ਼ਿਲ੍ਹਾ ਰੋਪੜ ਅਤੇ ਮੁਹਾਲੀ ’ਚ ਸ਼ਰਾਬ ਦੇ ਠੇਕੇ ਖੁੱਲ੍ਹੇ। ਜ਼ਿਲ੍ਹਾ ਜਲੰਧਰ ਵਿਚ ਵੀ ਠੇਕੇ ਖੁੱਲ੍ਹਣ ਦਾ ਸਮਾਚਾਰ ਹੈ। ਬਾਕੀ ਵੱਡੇ-ਛੋਟੇ ਸ਼ਹਿਰਾਂ ਵਿਚ ਸ਼ਰਾਬ ਦੇ ਠੇਕੇ ਬੰਦ ਹੀ ਰਹੇ।

ਸ਼ਰਾਬ ਠੇਕੇਦਾਰ ਨੇ ਸਪੱਸ਼ਟ ਆਖਿਆ ਕਿ ਹੋਮ ਡਿਲਿਵਰੀ ਤਾਂ ਉਹ ਕਿਸੇ ਸੂਰਤ ਵਿਚ ਪ੍ਰਵਾਨ ਨਹੀਂ ਕਰਨਗੇ। ਵਾਈਨ ਕੰਟਰੈਕਟਰ ਐਸੋਸੀਏਸ਼ਨ ਪੰਜਾਬ ਨੇ ਪੂਰਾ ਦਿਨ ਰਾਜ ਦੇ ਠੇਕੇਦਾਰਾਂ ਨਾਲ ਤਾਲਮੇਲ ਰੱਖਿਆ। ਗੋਬਿੰਦਗੜ੍ਹ ਮੰਡੀ ਦੇ ਠੇਕੇਦਾਰ ਜਗਮੋਹਣ ਸਿੰਘ ਬਿੱਟੂ ਨੇ ਕਿਹਾ ਕਿ ਠੇੇਕੇਦਾਰ ਕੈਬਨਿਟ ਮੀਟਿੰਗ ਤਕ ਉਡੀਕ ਕਰਨਗੇ ਅਤੇ ਉਸ ਮਗਰੋਂ ਅਗਲਾ ਫੈਸਲਾ ਲਿਆ ਜਾਵੇਗਾ।

ਐਸੋਸੀਏਸ਼ਨ ਦੇ ਬੁਲਾਰੇ ਐਡਵੋਕੇਟ ਵਰਿੰਦਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਕੈਬਨਿਟ ਮੀਟਿੰਗ ਵਿਚ ਸਰਕਾਰ ਪਾਲਿਸੀ ਨੂੰ ਰੀਵਿਊ ਕਰਕੇ ਕੋਈ ਫੈਸਲਾ ਲਵੇਗੀ। ਉਨ੍ਹਾਂ ਕਿਹਾ ਕਿ ਅੱਜ 90 ਫੀਸਦੀ ਠੇਕੇ ਬੰਦ ਰਹੇ ਅਤੇ ਸਰਕਾਰੀ ਛੋਟ ਤੇ ਰਿਆਇਤਾਂ ਤੋਂ ਬਿਨਾਂ ਠੇਕੇਦਾਰ ਦੁਕਾਨਾਂ ਨਹੀਂ ਖੋਲ੍ਹਣਗੇ।

ਉਨ੍ਹਾਂ ਕਿਹਾ ਕਿ ਹੋਮ ਡਿਲਿਵਰੀ ਵੀ ਪ੍ਰਵਾਨ ਨਹੀਂ ਹੋਵੇਗੀ। ਸੂਤਰਾਂ ਮੁਤਾਬਕ ਕਿਸੇ ਪ੍ਰਾਈਵੇਟ ਕੰਪਨੀ ਨੂੰ ਸ਼ਰਾਬ ਦੀ ਹੋਮ ਡਿਲਿਵਰੀ ਦੇਣ ਦੀ ਚਰਚਾ ਹੈ। ਜ਼ਿਕਰਯੋਗ ਹੈ ਕਿ ਸੂਬੇ ਵਿਚ 23 ਮਾਰਚ ਤੋਂ ਠੇਕੇ ਬੰਦ ਹਨ ਅਤੇ ਸਰਕਾਰ ਨੇ 7 ਮਈ ਤੋਂ ਚਾਰ ਘੰਟਿਆਂ ਲਈ ਠੇਕੇ ਖੋਲ੍ਹਣ ਦਾ ਫੈਸਲਾ ਕੀਤਾ ਸੀ ਅਤੇ ਦੁਪਹਿਰ 1 ਤੋਂ 6 ਵਜੇ ਤੱਕ ਅੰਗਰੇਜ਼ੀ ਸ਼ਰਾਬ ਦੀ ਹੋਮ ਡਿਲਿਵਰੀ ਹੋਣੀ ਸੀ।

ਦੂਜੇ ਪਾਸੇ ਆਬਕਾਰੀ ਅਤੇ ਕਰ ਵਿਭਾਗ ਨੇ ਡਿਪਟੀ ਕਮਿਸ਼ਨਰਾਂ ਨਾਲ ਤਾਲਮੇਲ ਕਰਕੇ ਠੇਕੇ ਖੋਲ੍ਹਣ ਦੇ ਸਾਰੇ ਪ੍ਰਬੰਧ ਕੀਤੇ ਹੋਏ ਸਨ। ਪੁਲੀਸ ਪਹਿਰੇ ਲਈ ਵੀ ਹੁਕਮ ਜਾਰੀ ਹੋ ਗਏ ਸਨ ਪ੍ਰੰਤੂ ਕੋਈ ਵੀ ਠੇਕੇਦਾਰ ਅੱਗੇ ਨਹੀਂ ਆਇਆ। ਫੀਲਡ ਅਫਸਰਾਂ ਨੇ ਸਰਕਾਰ ਨੂੰ ਰਿਪੋਰਟਾਂ ਭੇਜ ਦਿੱਤੀਆਂ ਹਨ।

Previous articleਵਿਸ਼ਾਖਾਪਟਨਮ ਕੈਮੀਕਲ ਪਲਾਂਟ ’ਚੋਂ ਗੈਸ ਲੀਕ; 11 ਮੌਤਾਂ
Next articleਪੰਜਾਬ ’ਚ ਕਰੋਨਾ ਨਾਲ ਇਕ ਹੋਰ ਮੌਤ; 41 ਨਵੇਂ ਕੇਸ