ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਸਰਕਾਰ ਨੇ ਕੋਵਿਡ ਦੀ ਰੋਕਥਾਮ ਸਬੰਧੀ ਲਾਗੂ ਕੀਤੇ ਗਏ ਨੇਮਾਂ ਵਿਚ ਢਿੱਲ ਦਿੰਦਿਆਂ ਸੋਮਵਾਰ ਤੋਂ ਪ੍ਰਾਇਮਰੀ ਸਕੂਲਾਂ ਨੂੰ ਛੱਡ ਕੇ ਬਾਕੀ ਸਾਰੇ ਵਿੱਦਿਅਕ ਅਦਾਰਿਆਂ ਨੂੰ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਹੈ| 7 ਫਰਵਰੀ ਤੋਂ ਛੇਵੀਂ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਖੋਲ੍ਹੇ ਜਾ ਸਕਣਗੇ। ਇਸੇ ਤਰ੍ਹਾਂ ਕਾਲਜ ਅਤੇ ਯੂਨੀਵਰਸਿਟੀਆਂ ਖੋਲ੍ਹਣ ਦੀ ਮਨਜ਼ੂਰੀ ਵੀ ਦੇ ਦਿੱਤੀ ਗਈ ਹੈ| ਪੰਜਵੀਂ ਤੱਕ ਦੀਆਂ ਜਮਾਤਾਂ ਲਈ ਅਜੇ ਸਕੂਲ ਬੰਦ ਰਹਿਣਗੇ| ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਦਾ ਬਦਲ ਵੀ ਦਿੱਤਾ ਗਿਆ ਹੈ| ਪੰਜਾਬ ਸਰਕਾਰ ਵੱਲੋਂ ਜਾਰੀ ਨਵੀਆਂ ਹਦਾਇਤਾਂ ਅਨੁਸਾਰ ਹੁਣ ਕਾਲਜ, ਯੂਨੀਵਰਸਿਟੀਆਂ, ਕੋਚਿੰਗ ਸੈਂਟਰ, ਲਾਇਬ੍ਰੇਰੀਆਂ ਅਤੇ ਟਰੇਨਿੰਗ ਸੈਂਟਰ ਸੋਮਵਾਰ ਤੋਂ ਖੁੱਲ੍ਹ ਸਕਣਗੇ| ਨਵੀਆਂ ਹਦਾਇਤਾਂ ਅਨੁਸਾਰ 15 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਕੋਵਿਡ
ਵਿਰੋਧੀ ਵੈਕਸੀਨ ਦੀ ਡੋਜ਼ ਲਾਜ਼ਮੀ ਕੀਤੀ ਗਈ ਹੈ| ਇਸੇ ਤਰ੍ਹਾਂ ਬਾਰ ਅਤੇ ਸ਼ਾਪਿੰਗ ਮਾਲ ਖੋਲ੍ਹਣ ਦੀ ਮਨਜ਼ੂਰੀ ਵੀ ਦਿੱਤੀ ਗਈ ਹੈ ਅਤੇ ਇਸੇ ਤਰ੍ਹਾਂ ਕਾਰੋਬਾਰੀ ਅਦਾਰੇ 75 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ| ਨਵੀਆਂ ਹਦਾਇਤਾਂ ਅਨੁਸਾਰ ਸਿਨੇਮਾ, ਮਲਟੀਪਲੈਕਸ, ਰੈਸਟੋਰੈਂਟ, ਜਿਮ, ਸਪਾ, ਖੇਡ ਕੰਪਲੈਕਸ ਅਤੇ ਮਿਊਜ਼ੀਅਮ ਆਦਿ ਵੀ 75 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾਣ ਦੀ ਆਗਿਆ ਦਿੱਤੀ ਗਈ ਹੈ| ਇਹ ਵੀ ਲਾਜ਼ਮੀ ਕੀਤਾ ਗਿਆ ਹੈ ਕਿ ਇਨ੍ਹਾਂ ਅਦਾਰਿਆਂ ਦੇ ਸਟਾਫ ਨੂੰ ਕੋਵਿਡ ਵਿਰੋਧੀ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣ| ਇਸ ਤੋਂ ਇਲਾਵਾ ਏ.ਸੀ. ਬੱਸਾਂ ਵੀ ਹੁਣ 50 ਫੀਸਦੀ ਸਮਰੱਥਾ ਨਾਲ ਚੱਲ ਸਕਣਗੀਆਂ| ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਕਾਰੋਬਾਰੀ ਅਦਾਰਿਆਂ ਅਤੇ ਵਿੱਦਿਅਕ ਅਦਾਰਿਆਂ ਨੂੰ ਕਾਫੀ ਰਾਹਤ ਮਿਲੇਗੀ, ਕਿਉਂਕਿ ਵਿੱਦਿਅਕ ਅਦਾਰੇ ਖੋਲ੍ਹਣ ਲਈ ਪ੍ਰਬੰਧਕੀ ਕਮੇਟੀਆਂ ਦਬਾਅ ਬਣਾ ਰਹੀਆਂ ਸਨ। ਚੋਣ ਕਮਿਸ਼ਨ ਨੇ ਵੀ ਚੋਣ ਪ੍ਰਚਾਰ ਸਬੰਧੀ ਹਦਾਇਤਾਂ ਵਿੱਚ ਢਿੱਲ ਦੇ ਦਿੱਤੀ ਹੈ|
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly