ਪੰਜਾਬ ਭਾਜਪਾ ਕਿਸਾਨਾਂ ਦਾ ਪੱਖ ਕੇਂਦਰ ਨੂੰ ਦੱਸੇ: ਸੁਖਬੀਰ

ਅੰਮ੍ਰਿਤਸਰ (ਸਮਾਜ ਵੀਕਲੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਦੇ ਮਾਮਲੇ ਵਿਚ ਪੰਜਾਬ ਭਾਜਪਾ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਘੱਟੋ-ਘੱਟ ਇਸ ਮਾਮਲੇ ਵਿਚ ਆਪਣਾ ਰੁਖ਼ ਸਪੱਸ਼ਟ ਕਰੇ ਤੇ ਖੇਤੀ ਕਾਨੂੰਨਾਂ ਦੇ ਗੁਣਗਾਣ ਦੀ ਥਾਂ ਕਿਸਾਨਾਂ ਦਾ ਪੱਖ ਕੇਂਦਰ ਸਰਕਾਰ ਕੋਲ ਰੱਖੇ। ਉਹ ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਆਏ ਸਨ। ਉਨ੍ਹਾਂ ਦੇ ਨਾਲ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਸਨ।

ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲਾਗੂ ਕਰ ਕੇ ਕੇਂਦਰ ਸਰਕਾਰ ਨੇ ਵੱਡਾ ਧੱਕਾ ਕੀਤਾ ਹੈ ਅਤੇ ਇਸ ਨਾਲ ਪੰਜਾਬ ਦੀ ਕਿਸਾਨੀ ਨੂੰ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਨੂੰ ਕਿਸਾਨਾਂ ਦਾ ਪੱਖ ਸੁਣਨਾ ਚਾਹੀਦਾ ਹੈ ਅਤੇ ਕੇਂਦਰ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਕਿ ਮਸਲੇ ਦਾ ਜਲਦੀ ਹੱਲ ਕੱਢਿਆ ਜਾ ਸਕੇ। ਸੁਖਬੀਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਕਿਸਾਨਾਂ ਦਾ ਮਾਮਲਾ ਹੱਲ ਕਰਾਉਣ ਦੇ ਨਾਂ ’ਤੇ ਸਿਰਫ਼ ਖਾਨਾਪੂਰਤੀ ਕਰ ਰਹੇ ਹਨ। ਉਨ੍ਹਾਂ ਨੂੰ ਕੇਂਦਰ ਸਰਕਾਰ ’ਤੇ ਦਬਾਅ ਬਣਾਉਣ ਲਈ ਪ੍ਰਧਾਨ ਮੰਤਰੀ ਦੇ ਘਰ ਦੇ ਬਾਹਰ ਕੈਬਨਿਟ ਸਮੇਤ ਧਰਨਾ ਦੇਣਾ ਚਾਹੀਦਾ ਹੈ।

ਭਾਜਪਾ ਵੱਲੋਂ ਸੂਬੇ ਦੇ 117 ਵਿਧਾਨ ਸਭਾ ਹਲਕਿਆਂ ਤੋਂ ਚੋਣਾਂ ਲੜਨ ਦੇ ਐਲਾਨ ਬਾਰੇ ਬਾਦਲ ਨੇ ਆਖਿਆ ਕਿ ਹਰੇਕ ਸਿਆਸੀ ਪਾਰਟੀ ਨੂੰ ਚੋਣਾਂ ਲੜਨ ਦਾ ਹੱਕ ਹੈ। ਭਾਜਪਾ ਦੀ ਕਈ ਚਿਰ ਤੋਂ ਇੱਛਾ ਸੀ ਕਿ ਉਹ ਸੂਬੇ ਦੀਆਂ ਸਾਰੀਆਂ ਸੀਟਾਂ ਤੋਂ ਇਕੱਲੇ ਚੋਣ ਲੜੇ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਭਾਜਪਾ ਕੋਈ ਚੁਣੌਤੀ ਨਹੀਂ ਹੈ। ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਕਿਸ ਸਿਆਸੀ ਪਾਰਟੀ ਨੇ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਲਈ ਕੰਮ ਕੀਤਾ ਹੈ ਅਤੇ ਲੋਕ ਉਸੇ ਪਾਰਟੀ ਨੂੰ ਹੀ ਵੋਟਾਂ ਦੇਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕਈ ਸਿਆਸੀ ਪਾਰਟੀਆਂ ਆਈਆਂ ਹਨ ਪਰ ਲੋਕਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ ਹੈ।

ਬਿਹਾਰ ਚੋਣਾਂ ਦੇ ਨਤੀਜਿਆਂ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਮਾਹਿਰਾਂ ਦੇ ਅਨੁਮਾਨ ਦੇ ਉਲਟ ਨਤੀਜੇ ਆਉਣ ਕਾਰਨ ਸ਼ੱਕ ਹੋਣ ਲੱਗ ਪਿਆ ਹੈ। ਇਸ ਮਾਮਲੇ ਵਿਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਏਵੀਐਮ ਦੀ ਕਾਰਜਪ੍ਰਣਾਲੀ ’ਤੇ ਲਾਏ ਪ੍ਰਸ਼ਨ ਚਿੰਨ੍ਹ ਬਾਰੇ ਉਨ੍ਹਾਂ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ। ਕਾਂਗਰਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪਾਰਟੀ ਇਸ ਵੇਲੇ ਲੀਡਰਸ਼ਿਪ ਸੰਕਟ ਦਾ ਸਾਹਮਣਾ ਕਰ ਰਹੀ ਹੈ। ਰਾਹੁਲ ਗਾਂਧੀ ਯੋਗ ਅਗਵਾਈ ਦੇਣ ਦੇ ਸਮਰੱਥ ਨਹੀਂ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੀ ਕਾਂਗਰਸ ਦਾ ਭਵਿੱਖ ਧੁੰਦਲਾ ਹੈ ਕਿਉਂਕਿ ਕਾਂਗਰਸ ਸਰਕਾਰ ਨੇ ਲੋਕ ਹਿੱਤਾਂ ਲਈ ਕੁਝ ਨਹੀਂ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਹੱਥ ਵਿਚ ਲੈ ਕੇ ਝੂਠੀ ਸਹੁੰ ਚੁੱਕ ਕੇ ਮਰਿਆਦਾ ਦੀ ਤੌਹੀਨ ਅਤੇ ਬੇਅਦਬੀ ਕੀਤੀ ਹੈ, ਜਿਸ ਦੀ ਸਜ਼ਾ ਉਨ੍ਹਾਂ ਨੂੰ ਲੋਕ ਜ਼ਰੂਰ ਦੇਣਗੇ। ਅਕਾਲੀ ਦਲ ਦੇ ਪ੍ਰਧਾਨ ਨੇ ਕਾਂਗਰਸ ’ਤੇ ਸਿੱਖ ਸੰਸਥਾਵਾਂ ਨੂੰ ਖੋਰਾ ਲਾਉਣ ਤੇ ਕਬਜ਼ਾ ਕਰਨ ਦਾ ਦੋਸ਼ ਵੀ ਲਾਇਆ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਵੱਲ ਵਾਪਸੀ ਕਰਨ ਦੀ ਦਿੱਤੀ ਨਸੀਹਤ ਬਾਰੇ ਸੁਖਬੀਰ ਬਾਦਲ ਨੇ ਆਖਿਆ ਕਿ ਉਹ ਦਿੱਤੇ ਆਦੇਸ਼ ਨੂੰ ਮੰਨਣਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਾ ਜਥੇਬੰਦੀ ਹੈ। ਜਥੇਬੰਦੀ ਆਪਣੇ ਫਰਜ਼ ਨਿਭਾਵੇਗੀ ਅਤੇ ਖ਼ਾਮੀਆਂ ਨੂੰ ਦੂਰ ਵੀ ਕਰੇਗੀ।

Previous articleਵੈਕਸੀਨ ਵਿਕਸਤ ਕਰਨ ਲਈ ਭਾਰਤ ਨਾਲ ਵਿਚਾਰ-ਵਟਾਂਦਰਾ ਕਰਨਗੇ ਅਧਿਕਾਰੀ: ਚੀਨ
Next articleਇਰਾਕ ਤੇ ਅਫ਼ਗਾਨਿਸਤਾਨ ’ਚੋਂ ਫ਼ੌਜ ਕੱਢੇਗਾ ਅਮਰੀਕਾ