ਚੰਡੀਗੜ੍ਹ (ਸਮਾਜਵੀਕਲੀ): ਪੰਜਾਬ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾਵਾਇਰਸ ਨੇ ਤਰਨਤਾਰਨ ਅਤੇ ਅੰਮ੍ਰਿਤਸਰ ਵਿੱਚ ਦੋ ਵਿਅਕਤੀਆਂ ਦੀ ਜਾਨ ਲੈ ਲਈ। ਸੂਬੇ ਦੇ ਸਿਹਤ ਵਿਭਾਗ ਨੇ ਤਰਨਤਾਰਨ ’ਚ ਹੋਈ ਮੌਤ ਦਾ ਤਾਂ ਖੁਲਾਸਾ ਕੀਤਾ ਹੈ ਪਰ ਅੰਮ੍ਰਿਤਸਰ ਵਿੱਚ ਇੱਕ 60 ਸਾਲਾ ਵਿਅਕਤੀ ਦੀ ਮੌਤ ਦਾ ਐਲਾਨ ਨਹੀਂ ਕੀਤਾ। ਇਨ੍ਹਾਂ ਦੋ ਵਿਅਕਤੀਆਂ ਦੀ ਮੌਤ ਨਾਲ ਕੁੱਲ ਮੌਤਾਂ ਦੀ ਗਿਣਤੀ 49 ਹੋ ਗਈ ਹੈ। ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ 46 ਮਾਮਲੇ ਸਾਹਮਣੇ ਆਏ ਹਨ।
ਇਨ੍ਹਾਂ ’ਚੋਂ ਲੁਧਿਆਣਾ ’ਚ 16, ਜਲੰਧਰ ਵਿੱਚ 8, ਮੁਹਾਲੀ ਵਿੱਚ 4, ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ 3-3, ਕਪੂਰਥਲਾ, ਤਰਨਤਾਰਨ ਵਿੱਚ 2-2, ਪਟਿਆਲਾ, ਫਤਹਿਗੜ੍ਹ ਸਾਹਿਬ, ਬਠਿੰਡਾ, ਮੁਕਤਸਰ, ਮੋਗਾ, ਸੰਗਰੂਰ, ਪਠਾਨਕੋਟ ਅਤੇ ਫਰੀਦਕੋਟ ਵਿੱਚ 1-1 ਮਾਮਲਾ ਦੱਸਿਆ ਹੈ। ਇਸ ਤਰ੍ਹਾਂ ਸੂਬੇ ਵਿੱਚ ਕੁੱਲ ਪ੍ਰਭਾਵਿਤ ਵਿਅਕਤੀਆਂ ਦੀ ਗਿਣਤੀ 2461 ਤੱਕ ਪਹੁੰਚ ਗਈ ਹੈ।
ਪੰਜਾਬ ਦੇ ਸਿਹਤ ਵਿਭਾਗ ਵੱਲੋਂ ਕਰੋਨਾ ਦੇ ਹੁਣ ਤੱਕ 1 ਲੱਖ 13 ਹਜ਼ਾਰ 542 ਸੈਂਪਲ ਲਏ ਹਨ। ਇਸ ਤਰ੍ਹਾਂ ਕਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ ਵੀ 2069 ਤੱਕ ਅੱਪੜ ਗਈ ਹੈ ਤੇ ਅੱਜ 26 ਮਰੀਜ਼ ਠੀਕ ਹੋਏ ਹਨ। ਅੰਮ੍ਰਿਤਸਰ ਵਿੱਚ 408, ਜਲੰਧਰ ਵਿੱਚ 270, ਲੁਧਿਆਣਾ ਵਿੱਚ 222, ਤਰਨਤਾਰਨ ਵਿੱਚ 159, ਗੁਰਦਾਸਪੁਰ ਵਿੱਚ 148, ਹੁਸ਼ਿਆਰਪੁਰ ਵਿੱਚ 134, ਨਵਾਂਸ਼ਹਿਰ ਵਿੱਚ 106, ਪਟਿਆਲਾ ਵਿੱਚ 126, ਮੁਹਾਲੀ ਵਿੱਚ 124 ਅਤੇ ਸੰਗਰੂਰ ਵਿੱਚ 104 ਮਾਮਲੇ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿੱਚੋਂ ਬਹੁਤੇ ਸਿਹਤਯਾਬ ਵੀ ਹੋ ਚੁੱਕੇ ਹਨ।