ਲੰਬੀ- ਸਾਬਕਾ ਸੰਸਦ ਮੈਂਬਰ ਗੁਰਦਾਸ ਸਿੰਘ ਬਾਦਲ ਦੀ ਪਤਨੀ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਮਾਤਾ ਹਰਮਿੰਦਰ ਕੌਰ ਬਾਦਲ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ ਪਿਛਲੇ ਸਮੇਂ ਤੋਂ ਸਿਰ ਦੇ ਕੈਂਸਰ ਤੋਂ ਪੀੜਤ ਸਨ ਅਤੇ ਉਨ੍ਹਾਂ ਦਾ ਇਲਾਜ ਪੀਜੀਆਈ ਚੰਡੀਗੜ੍ਹ ’ਚ ਚੱਲਦਾ ਸੀ। ਇਸ ਤੋਂ ਪਹਿਲਾਂ 24 ਮਈ 2011 ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਵੀ ਕੈਂਸਰ ਕਾਰਨ ਅਕਾਲ ਚਲਾਣਾ ਕਰ ਗਏ ਸਨ। ਬੀਬੀ ਹਰਮਿੰਦਰ ਕੌਰ ਬਾਦਲ ਧਾਰਮਿਕ ਬਿਰਤੀ ਅਤੇ ਨਿੱਘੇ ਸੁਭਾਅ ਦੇ ਮਾਲਕ ਸਨ। ਉਨ੍ਹਾਂ ਦਾ ਸਸਕਾਰ ਅੱਜ ਸ਼ਾਮ ਪਿੰਡ ਬਾਦਲ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਇਸ ਦੌਰਾਨ ਮਨਪ੍ਰੀਤ ਬਾਦਲ ਭਾਵੁਕ ਦਿਖਾਈ ਦਿੱਤੇ। ਸਿਆਸੀ ਮੱਤਭੇਦਾਂ ਦੇ ਬਾਵਜੂਦ ਸਾਬਕਾ ਮੁੱਖ ਮੰਤਰੀ ਨੇ ਆਪਣੇ ਛੋਟੇ ਭਰਾ ਨਾਲ ਦੁੱਖ ਵੰਡਾਇਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਨਪ੍ਰੀਤ ਨਾਲ ਮਿਲ ਕੇ ਚਾਚੀ ਦੀ ਮੌਤ ਦੇ ਦੁੱਖ ਨੂੰ ਵੰਡਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਮਨਪ੍ਰੀਤ ਸਿੰਘ ਬਾਦਲ ਅਤੇ ਪੋਤਰੇ ਅਰਜੁਨ ਸਿੰਘ ਬਾਦਲ ਨੂੰ ਗਲੇ ਨਾਲ ਲਾ ਕੇ ਢਾਰਸ ਦਿੱਤਾ। ਬਾਅਦ ਵਿੱਚ ਸੁਖਬੀਰ ਤੇ ਮਨਪ੍ਰੀਤ ਨੇ ਬੀਬੀ ਹਰਮਿੰਦਰ ਕੌਰ ਦੀ ਅਰਥੀ ਨੂੰ ਮੋਢਾ ਦਿੱਤਾ ਅਤੇ ਅਰਥੀ ਵਾਹਨ ’ਚ ਇਕੱਠੇ ਬੈਠ ਕੇ ਸ਼ਮਸ਼ਾਨਘਾਟ ਤੱਕ ਗਏ। ਸਸਕਾਰ ਦੌਰਾਨ ਸੁਖਬੀਰ ਬਾਦਲ, ਚਾਚਾ ਗੁਰਦਾਸ ਸਿੰਘ ਬਾਦਲ ਕੋਲ ਭਾਵੁਕ ਖੜ੍ਹੇ ਰਹੇ। ਸੈਂਕੜੇ ਸਿਆਸੀ, ਪ੍ਰਸ਼ਾਸਨਿਕ ਅਤੇ ਆਮ ਲੋਕਾਂ ਦੀ ਹਾਜ਼ਰੀ ਵਿੱਚ ਧਾਰਮਿਕ ਰਸਮਾਂ ਨਾਲ ਹਰਮਿੰਦਰ ਕੌਰ ਨੂੰ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਡਿਪਟੀ ਸਪੀਕਰ ਅਜੈਬ ਸਿੰਘ ਭੱਟੀ, ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ, ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ, ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਮਰਹੂਮ ਸ਼ਰਧਾ ਦੇ ਫੁੱਲ ਭੇਟ ਕੀਤੇ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਤਲਵੰਡੀ ਸਾਬੋ ਤੋਂ ਆਪ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ ਸ਼ਰਧਾਂ ਦੇ ਫੁੱਲ ਭੇਟ ਕੀਤੇ। ਇਸ ਮੌਕੇ ਮਹੇਸ਼ਇੰਦਰ ਸਿੰਘ ਬਾਦਲ, ਪਰਮਜੀਤ ਸਿੰਘ ‘ਲਾਲੀ ਬਾਦਲ’, ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਗੁਰਬਖਸ਼ੀਸ਼ ਸਿੰਘ ਮਿੱਡੂਖੇੜਾ, ਅਵਤਾਰ ਸਿੰਘ ਬਨਵਾਲਾ, ਜੈਜੀਤ ਸਿੰਘ ਜੌਹਲ, ਸੁਖਰਾਜ ਸਿੰਘ ਨੱਤ, ਗੁਰਮੀਤ ਖੁੱਡੀਆਂ ਤੇ ਹੋਰ ਮੌਜੂਦ ਸਨ।
INDIA ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਮਾਤਾ ਦਾ ਦੇਹਾਂਤ