ਪੰਜਾਬ ਵਿੱਚ ਜਦੋਂ ਭਾਖੜਾ ਡੈਮ ਤੋਂ ਬਿਜਲੀ ਪ੍ਰਾਜੈਕਟ ਸਥਾਪਤ ਕਰਕੇ ਬਿਜਲੀ ਦੀ ਪੈਦਾਵਾਰ ਸ਼ੁਰੂ ਹੋਈ,ਤਾਂ ਪੰਜਾਬ ਦੇ ਨਾਲ ਪੂਰਾ ਉੱਤਰੀ ਖੇਤਰ ਰੌਸ਼ਨ ਹੋ ਗਿਆ।ਆਕਾਸ਼ਵਾਣੀ ਜਲੰਧਰ ਰੇਡੀਓ ਸਟੇਸ਼ਨ ਤੇ ਗੀਤ ਵੱਜਿਆ ਕਰਦਾ ਸੀ”ਭਾਖੜੇ ਤੋਂ ਆਉਂਦੀ ਇੱਕ ਮੁਟਿਆਰ ਨੱਚਦੀ,ਚੰਨ ਨਾਲੋਂ ਗੋਰੀ ਉੱਤੇ ਚੁੰਨੀ ਸੁੱਚੇ ਕੱਚ ਦੀ।”ਨੰਦ ਲਾਲ ਨੂਰਪੁਰੀ ਜੀ ਦੇ ਸ਼ਬਦਾਂ ਨੇ ਇਹ ਸੱਚ ਬਿਆਨ ਕੀਤਾ, ਕਿ ਹੁਣ ਦੀਵਿਆਂ ਦੀ ਥਾਂ ਤੇ ਬਿਜਲੀ ਦੇ ਲਾਟੂ ਜਗਣਗੇ,ਤੇ ਪੂਰੇ ਇਲਾਕੇ ਨੂੰ ਜਗਮਗ ਕਰ ਦੇਣਗੇ।
ਭਾਖੜਾ ਤੇ ਬਿਆਸ ਪ੍ਰਾਜੈਕਟ ਪੰਜਾਬ ਦਾ ਹੋਣ ਦੇ ਬਾਵਜੂਦ ਕਬਜ਼ਾ ਕੇਂਦਰੀ ਸਰਕਾਰ ਨੇ ਕਰ ਲਿਆ।ਬਿਜਲੀ ਤੇ ਪਾਣੀ ਗੁਆਂਢੀ ਰਾਜਾਂ ਨੂੰ ਦੇਣਾ ਚਾਲੂ ਕਰ ਦਿੱਤਾ ਗਿਆ ਚਲੋ ਠੀਕ ਹੈ ਗੁਆਂਢੀ ਵੀ ਆਪਣੇ ਭਾਈਚਾਰੇ ਵਿੱਚੋਂ ਹੀ ਹਨ।ਪਰ ਆਪਣਾ ਪੇਟ ਭਰਨ ਤੋਂ ਬਾਅਦ ਹੀ ਗੁਆਂਢੀ ਨੂੰ ਕੋਈ ਚੀਜ਼ ਦਿੱਤੀ ਜਾ ਸਕਦੀ ਹੈ।ਇੱਥੇ ਤਾਂ ਪਾਣੀ ਤੇ ਬਿਜਲੀ ਦਾ ਬੋਹਲ ਸਾਡਾ ਸੀ ਉਹਦੇ ਤੇ ਕਬਜਾ ਕੇਂਦਰ ਸਰਕਾਰ ਕਰਕੇ ਬੈਠ ਗਈ।ਸਾਡੀਆਂ ਸਰਕਾਰਾਂ ਬਣਦੀਆਂ ਰਹੀਆਂ ਟੁੱਟਦੀਆਂ ਰਹੀਆਂ,ਬਿਜਲੀ ਤੇ ਪਾਣੀ ਦਾ ਪੂਰਾ ਬਣਦਾ ਹਿੱਸਾ ਲੈਣ ਦੀ ਕਦੇ ਕਿਸੇ ਨੇ ਗੱਲ ਤੋਰੀ ਤੱਕ ਨਹੀਂ ਪੂਰੀ ਕਿਵੇਂ ਹੋਵੇਗੀ।
ਆਪਣੀ ਸੂਬਾ ਸਰਕਾਰ ਸਾਰਾ ਮਾਲ ਗੁਆਂਢੀਆਂ ਨੂੰ ਪਰੋਸ ਕੇ ਖ਼ੁਦ ਥਰਮਲ ਪਲਾਂਟ ਲਾਉਣੇ ਚਾਲੂ ਕਰ ਦਿੱਤੇ, ਜਿਸ ਵਿੱਚੋਂ ਕਮਾਈ ਵਿਉਪਾਰੀਆਂ ਨੂੰ ਹੋਣੀ ਸੀ, ਉਨ੍ਹਾਂ ਦਾ ਸਾਜ਼ੋ ਸਾਮਾਨ ਤੇ ਕੋਇਲਾ ਮੁੱਲ ਆਪਣੇ ਹਿਸਾਬ ਦਾ ਲਾਉਣਾ ਚਾਲੂ ਕੀਤਾ।ਚਲੋ ਪੰਜਾਬ ਰਾਜ ਬਿਜਲੀ ਬੋਰਡ ਵੱਲੋਂ ਰੋਪੜ ਤੇ ਬਠਿੰਡਾ ਵਿੱਚ ਥਰਮਲ ਪਲਾਂਟ ਲਗਾਏ ਗਏ ਜਿਸ ਤੋਂ ਆਪਾਂ ਜ਼ਰੂਰਤ ਜਿੰਨੀ ਬਿਜਲੀ ਪੈਦਾ ਕਰਦੇ ਸੀ ਤੇ ਮੁੱਲ ਵੀ ਸਹੀ ਹੁੰਦਾ ਸੀ।
ਪਰ ਸਦਕੇ ਜਾਈਏ ਸ਼੍ਰੋਮਣੀ ਅਕਾਲੀ ਦਲ ਦੇ ਉਸ ਨੇ ਥਰਮਲ ਪਲਾਂਟ ਵੀ ਪ੍ਰਾਈਵੇਟ ਅਦਾਰਿਆਂ ਨੂੰ ਲਗਾਉਣ ਦਾ ਖੁੱਲ੍ਹਾ ਸੱਦਾ ਦੇ ਦਿੱਤਾ,ਤੇ ਖੁੱਲ੍ਹਾ ਮੁੱਲ ਲਗਾਓ ਮਾਲ ਵੇਚੋ ਨਾ ਵੇਚੋ ਤੁਹਾਨੂੰ ਪੈਸੇ ਮਿਲਣਗੇ।ਸ਼ਰ੍ਹੇਆਮ ਪੰਜਾਬ ਨੂੰ ਲੁੱਟਣ ਦਾ ਜੁਗਾੜ ਕਰ ਦਿੱਤਾ।ਭਾਖੜਾ ਨੰਗਲ ਡੈਮ ਦੇ ਪਣ ਬਿਜਲੀ ਪ੍ਰਾਜੈਕਟ ਆਪਾਂ ਨੂੰ ਕਿੰਨੀ ਤੇ ਕਿਸ ਹਿਸਾਬ ਨਾਲ ਬਿਜਲੀ ਦਿੰਦੇ ਹਨ,ਤੇ ਦੇਣੀ ਹੈ ਸਾਡੀ ਰਾਜ ਸਰਕਾਰ ਚੁੱਪ ਧਾਰੀ ਬੈਠੀ ਹੈ।
ਪੰਜਾਬ ਰਾਜ ਬਿਜਲੀ ਬੋਰਡ ਸਮੇਂ ਪਣ ਬਿਜਲੀ ਪ੍ਰਾਜੈਕਟ ਨਹਿਰਾਂ ਉਤੇ ਵੀ ਸਥਾਪਤ ਕੀਤੇ ਗਏ ਨਾਭੇ ਨੇੜੇ ਰੋਹਟੀ ਦਾ ਪੁਲ ਧੂਰੀ ਲਾਗੇ ਬੱਬਨਪੁਰ ਨਹਿਰ ਉੱਤੇ ਪਣ ਬਿਜਲੀ ਪ੍ਰਾਜੈਕਟ ਬਹੁਤ ਵਧੀਆ ਕਿਸਮ ਦੀ ਮਸ਼ੀਨਰੀ ਵਾਲੇ ਸਨ,ਹੋਰ ਵੀ ਅਨੇਕਾਂ ਥਾਵਾਂ ਤੇ ਲੋਡ਼ ਅਨੁਸਾਰ ਸਥਾਪਤ ਕੀਤੇ ਗਏ।ਕਦੋਂ ਸਥਾਪਤ ਕੀਤੇ ਤੇ ਕਦੋਂ ਚਾਲੂ ਕੀਤੇ ਤੇ ਕਦੋਂ ਬੰਦ ਕੀਤੇ ਸਾਡੇ ਸਾਹਮਣੇ ਇਸ ਦੀ ਕੋਈ ਤਸਵੀਰ ਨਹੀਂ।ਦੋ ਦਹਾਕਿਆਂ ਤੋਂ ਕੋਈ ਵੀ ਪੰਜਾਬ ਦੀ ਰਾਜਨੀਤਕ ਪਾਰਟੀ ਕੁਰਸੀ ਤੇ ਬਿਰਾਜਮਾਨ ਹੋਵੇ ਥਰਮਲ ਪਲਾਂਟ ਦੇ ਰਾਗ ਅਲਾਪਦੀ ਰਹਿੰਦੀ ਹੈ।
ਕਦੇ ਕਦੇ ਸੋਲਰ ਪਲਾਂਟਾਂ ਦਾ ਵੀ ਰਾਗ ਸੁਣਨ ਨੂੰ ਮਿਲਦਾ ਹੈ।ਪਣ ਬਿਜਲੀ ਪ੍ਰਾਜੈਕਟ ਸੋਲਰ ਪਲਾਂਟ ਤੇ ਪੌਣ ਚੱਕੀਆਂ ਕਿੰਨਾ ਸਸਤਾ ਬਿਜਲੀ ਪੈਦਾ ਕਰਨ ਦਾ ਸਾਰਥਕ ਸਾਧਨ ਹੈ ।ਇੱਕ ਵਾਰ ਲਗਾਉਣ ਦੀ ਜ਼ਰੂਰਤ ਹੈ, ਜੋ ਸਾਲਾਂ ਤਕ ਮੁਫ਼ਤ ਵਿਚ ਬਿਜਲੀ ਮਿਲ ਸਕਦੀ ਹੈ।ਜਦੋਂ ਤਕ ਪੰਜਾਬ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਦੇ ਅਧਿਕਾਰ ਥੱਲੇ ਸਾਰਾ ਪ੍ਰਬੰਧ ਸੀ।ਚੇਅਰਮੈਨ ਇੰਜੀਨੀਅਰ ਵਿਭਾਗ ਵਿੱਚੋਂ ਹੁੰਦੇ ਸਨ ਤਾਂ ਬਿਜਲੀ ਪੈਦਾ ਵੀ ਜ਼ੋਰ ਸ਼ੋਰ ਨਾਲ ਹੁੰਦੀ ਰਹੀ ਤੇ ਵੰਡ ਤਾਂ ਸੋਹਣੀ ਹੋਣੀ ਹੀ ਸੀ।
ਪਰ ਸਾਡੀਆਂ ਰਾਜਨੀਤਕ ਪਾਰਟੀਆਂ ਨੇ ਪੰਜਾਬ ਰਾਜ ਬਿਜਲੀ ਬੋਰਡ ਖ਼ਾਸ ਕੁਰਸੀ ਲਈ ਵਰਤ ਲਿਆ,ਜੋ ਐੱਮਐੱਲਏ ਜਾਂ ਐੱਮਪੀ ਆਪਣੇ ਇਲਾਕੇ ਦੀ ਚੋਣ ਵਿੱਚੋਂ ਹਾਰ ਜਾਂਦਾ ਸੀ ਉਸ ਨੂੰ ਪੰਜਾਬ ਰਾਜ ਬਿਜਲੀ ਬੋਰਡ ਦਾ ਪ੍ਰਧਾਨ ਸਥਾਪਤ ਕਰ ਦਿੱਤਾ ਜਾਂਦਾ ਸੀ।ਅਜਿਹੇ ਅਣਜਾਣ ਬਿਜਲੀ ਬੋਰਡ ਦੇ ਪ੍ਰਧਾਨਾਂ ਕਾਰਨ ਬਿਜਲੀ ਦਾ ਪ੍ਰਬੰਧ ਮੂਧੇ ਮੂੰਹ ਗਿਰ ਗਿਆ।ਚੰਗਾ ਕੀਤਾ ਪੂਰੇ ਭਾਰਤ ਲਈ ਪਾਵਰ ਕਾਰਪੋਰੇਸ਼ਨ ਸਥਾਪਤ ਕਰ ਦਿੱਤੀ ਗਈ।ਪਰ ਰਾਜ ਸਰਕਾਰ ਨੇ ਅੱਜ ਕੱਲ੍ਹ ਵਿਚ ਹੀ ਬਿਜਲੀ ਬੋਰਡ ਦੇ ਚੇਅਰਮੈਨ ਦੀ ਕੁਰਸੀ ਨੂੰ ਦੇਰ ਤਕ ਛੱਡਿਆ ਹੀ ਨਹੀਂ,ਜਿਸ ਨਾਲ ਬਿਜਲੀ ਦੀ ਪੈਦਾਵਾਰ ਤਾਂ ਦੂਸਰੇ ਪਾਸੇ ਰਹੀ ਬਿਜਲੀ ਪੈਦਾ ਕਰ ਕੇ ਜ਼ਰੂਰਤਮੰਦਾਂ ਤੱਕ ਪਹੁੰਚਾਉਣ ਦਾ ਸਾਧਨ ਬੁਰੀ ਤਰ੍ਹਾਂ ਵਿਗੜ ਚੁੱਕਿਆ ਹੈ।
ਵਿਉਪਾਰੀ ਵਰਗ ਦੇ ਧੱਕੇ ਚੜ੍ਹ ਕੇ ਸਾਡੀਆਂ ਰਾਜ ਸਰਕਾਰਾਂ ਨੇ ਥਰਮਲ ਪਲਾਂਟਾਂ ਦਾ ਜੋ ਜਾਲ ਬੁਣਨਾ ਚਾਲੂ ਕੀਤਾ ਉਸ ਨੇ ਪੰਜਾਬ ਦੇ ਬਿਜਲੀ ਪ੍ਰਬੰਧ ਨੂੰ ਬੁਰੀ ਤਰ੍ਹਾਂ ਵਿਗਾੜ ਦਿੱਤਾ ਤੇ ਬਿਜਲੀ ਦੀ ਕੀਮਤ ਇੱਕ ਯੂਨਿਟ ਜੋ ਆਨੇ ਜਾਂ ਦੁਆਨੀ ਦੀ ਹੁੰਦੀ ਸੀ ਉਹ ਦੱਸ ਰੁਪਏ ਤੱਕ ਪਹੁੰਚਾ ਦਿੱਤੀ।ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਖ਼ਾਸ ਤਰੀਕਾ ਭਲੀ ਭਾਂਤ ਆਉਂਦਾ ਹੈ ਜੋ ਬਜ਼ੁਰਗਾਂ ਤੋਂ ਆਮ ਸੁਣਨ ਨੂੰ ਮਿਲਦਾ ਹੈ।ਵਿਚਾਰੇ ਕੁੱਤੇ ਦੇ ਸਾਹਮਣੇ ਰੋਟੀ ਹੱਥ ਵਿੱਚ ਫੜ ਕੇ ਉੱਚੀ ਕਰਕੇ ਚੱਲ ਪੈਂਦੇ ਹਨ। ਉਹ ਵਿਚਾਰਾ ਭੁੱਖ ਦਾ ਮਾਰਾ ਪਿੱਛੇ ਪਿੱਛੇ ਭੱਜਦਾ ਰਹਿੰਦਾ ਹੈ ਕੁਝ ਨਹੀਂ ਮਿਲਦਾ।
ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਸਨ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਇੰਜਨੀਅਰਾਂ ਨਾਲ ਬੈਠੇ ਕੁਝ ਗੱਲਾਂ ਬਾਤਾਂ ਕਰ ਰਹੇ ਸਨ।ਤਾਂ ਅਚਾਨਕ ਪੁੱਛਿਆ ਜੇ ਆਪਾਂ ਖੇਤੀ ਦੇ ਟਿਊਬਵੈੱਲਾਂ ਦੇ ਬਿਲ ਪੂਰੀ ਤਰ੍ਹਾਂ ਮੁਆਫ਼ ਕਰ ਦੇਈਏ ਤਾਂ ਮਾਮਲਾ ਠੀਕ ਰਹਿ ਸਕਦਾ ਹੈ। ਇਕ ਇੰਜੀਨੀਅਰ ਨੇ ਹਾਂ ਕਰ ਦਿੱਤੀ ਬੈਠੇ ਬੈਠੇ ਬਿਨਾਂ ਕਿਸੇ ਸਲਾਹ ਮਸ਼ਵਰੇ ਦੇ ਸਬਸਿਡੀ ਚਾਲੂ ਕਰ ਦਿੱਤੀ।ਪੰਜਾਬ ਰਾਜ ਬਿਜਲੀ ਬੋਰਡ ਦਾ ਸਿਰ ਮੁੰਨ ਕੇ ਬੁਰੀ ਤਰ੍ਹਾਂ ਰੱਖ ਦਿੱਤਾ ਅੱਜ ਤਕ ਕੋਈ ਵਾਲ ਉੱਗਿਆ ਤੱਕ ਨਹੀ।ਕਿਸੇ ਵੀ ਪਾਰਟੀ ਦੀ ਸਰਕਾਰ ਬਣ ਜਾਵੇ ਸਬਸਿਡੀ ਦੀ ਕੀਮਤ ਬਿਜਲੀ ਮਹਿਕਮੇ ਨੂੰ ਉਤਾਰਦੇ ਨਹੀਂ ਤਾਂ ਬਿਜਲੀ ਦਾ ਪ੍ਰਸਾਰ ਕਿਵੇਂ ਹੋਵੇਗਾ।
ਆਪਣੀ ਜਨਤਾ ਵੀ ਬਹੁਤ ਭੁਲੱਕੜ ਹੈ ਬਠਿੰਡਾ ਵਿਖੇ ਥਰਮਲ ਪਲਾਂਟ ਸਥਾਪਤ ਕੀਤਾ ਗਿਆ ਉਸ ਨਾਲ ਕਿੰਨੀਆਂ ਗੰਭੀਰ ਰੂਪੀ ਬਿਮਾਰੀਆਂ ਫੈਲੀਆਂ।ਕੈਂਸਰ ਦੀ ਰੇਲ ਗੱਡੀ ਥਰਮਲ ਪਲਾਂਟ ਵੱਲੋਂ ਪੈਦਾ ਕੀਤੇ ਪ੍ਰਦੂਸ਼ਣ ਦੀ ਦੇਣ ਹੈ।ਬਠਿੰਡਾ ਮਾਨਸਾ ਕੈਂਸਰ ਦੀ ਪੂਰੀ ਲਪੇਟ ਵਿਚ ਹੈ ਆਪਾਂ ਫੇਰ ਰਾਜਨੀਤਕ ਪਾਰਟੀਆਂ ਦੇ ਧੱਕੇ ਚੜ੍ਹ ਕੇ ਥਰਮਲ ਪਲਾਂਟ ਚਾਲੂ ਕਰਨ ਦੀ ਗੱਲ ਕਰ ਰਹੇ ਹਾਂ।ਹਵਾ ਤੇ ਪਾਣੀ ਚ ਪ੍ਰਦੂਸ਼ਣ ਪੈਦਾ ਕਰਨ ਲਈ ਕੋਇਲਾ ਪਹਿਲੇ ਵਰਗ ਵਿੱਚ ਆਉਂਦਾ ਹੈ।
ਠੰਢ ਦੇ ਵਿੱਚ ਆਪਾਂ ਨੂੰ ਅਖ਼ਬਾਰ ਵਿੱਚ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਅੰਦਰ ਕੋਇਲੇ ਦੀ ਅੰਗੀਠੀ ਅੰਦਰ ਰੱਖ ਕੇ ਭਖਾ ਲਈ ਸਾਰਾ ਟੱਬਰ ਮਰ ਗਿਆ। ਉਹ ਤਾਂ ਸਿਰਫ਼ ਟੱਬਰ ਜ਼ਹਿਰੀਲੀ ਗੈਸ ਨਾਲ ਮਰਿਆ ਹੈ ਪਰ ਥਰਮਲ ਪਲਾਂਟ ਚੋਂ ਨਿਕਲੀ ਹੋਈ ਸੁਆਹ ਤੇ ਜ਼ਹਿਰੀਲਾ ਪਾਣੀ ਕੀ ਕਰੇਂਗਾ ਕਦੇ ਸੋਚਿਆ ਹੈ। ਪਹਿਲਾਂ ਤਾਂ ਆਪਾਂ ਨੂੰ ਸਬਸਿਡੀਆਂ ਦੀ ਮਾਰ ਨੇ ਫੇਲ੍ਹ ਕਰਕੇ ਰੱਖ ਦਿੱਤਾ ਹੈ ਹੁਣ ਆਪਾਂ ਥਰਮਲ ਪਲਾਂਟ ਦੁਬਾਰਾ ਚਾਲੂ ਕਰਵਾਉਣ ਦੀ ਮੰਗ ਰੱਖ ਰਹੇ ਹਾਂ ਕਦੇ ਸੋਚ ਕੇ ਵੇਖੋ।ਥਰਮਲ ਪਲਾਂਟ ਨੂੰ ਚਲਾਉਣ ਲਈ ਬੁਆਇਲਰ ਚਾਲੂ ਕੀਤੇ ਜਾਂਦੇ ਹਨ ਜਿਸ ਤੋਂ ਪਾਣੀ ਦੀ ਭਾਫ਼ ਬਣਾ ਕੇ ਟਰਬਾਈਨਾਂ ਘੁੰਮਾਈਆਂ ਜਾਂਦੀਆਂ ਹਨ।
ਬੁਆਇਲਰ ਨੂੰ ਚਾਲੂ ਕਰਨ ਤੇ ਬੰਦ ਕਰਨ ਤੇ ਮਹਿੰਗੇ ਤੇਲ ਦਾ ਖ਼ਰਚ ਹੁੰਦਾ ਹੈ ਕੋਇਲੇ ਦੀ ਭੱਠੀ ਬਹੁਤ ਦੇਰ ਬਾਅਦ ਭਖਦੀ ਹੈ।ਬੁਆਇਲਰ ਬਹੁਤ ਜਲਦੀ ਗੰਦਾ ਹੋ ਜਾਂਦਾ ਹੈ, ਉਸ ਨੂੰ ਸਾਫ ਕਰਨਾ ਤੇ ਦੁਬਾਰਾ ਚਲਾਉਣਾ ਪ੍ਰਦੂਸ਼ਣ ਬਹੁਤ ਜ਼ਿਆਦਾ ਪੈਦਾ ਕਰਦਾ ਹੈ।ਕੋਇਲੇ ਦੀ ਰਾਖ ਜਿਸ ਨੂੰ ਆਪਾਂ ਸੁਆਹ ਕਹਿੰਦੇ ਹਾਂ ਇਹ ਕਿੱਥੇ ਸੰਭਾਲੀ ਜਾਂਦੀ ਹੈ ਸਾਰੀ ਸਾਡੇ ਵਾਤਾਵਰਨ ਤੇ ਖੇਤਾਂ ਵਿਚ ਘੁੰਮਦੀ ਹੈ।ਸਾਡੇ ਸਿਰ ਤੇ ਸਾਡੀ ਸੁਆਹ ਪੈਂਦੀ ਹੈ। ਕਾਰਪੋਰੇਸ਼ਨ ਪੂਰੇ ਭਾਰਤ ਦੀ ਹੈ ਇਸ ਨੂੰ ਉਨ੍ਹਾਂ ਥਾਂਵਾਂ ਤੇ ਥਰਮਲ ਪਲਾਂਟ ਲਗਾਉਣੇ ਚਾਹੀਦੇ ਹਨ ਜਿੱਥੇ ਕੋਈ ਆਬਾਦੀ ਨਹੀਂ ਸੰਘਣੀ ਆਬਾਦੀ ਵਿਚ ਥਰਮਲ ਪਲਾਂਟ ਲਗਾਉਣਾ ਬੇਹੱਦ ਖਤਰਨਾਕ ਹੈ।
ਸਾਡੀਆਂ ਨਹਿਰਾਂ ਕਿੰਨੀਆਂ ਹਨ ਘਰਾਟ ਵੱਡੇ ਵੱਡੇ ਪੱਥਰ ਨਹਿਰ ਦੇ ਪਾਣੀ ਨਾਲ ਚੱਲਦੇ ਸਨ ਜਿਸ ਨਾਲ ਆਟਾ ਪੀਸਿਆ ਜਾਂਦਾ ਸੀ। ਜਦਕਿ ਬਿਜਲੀ ਪੈਦਾ ਕਰਨ ਵਾਲੀਆਂ ਟਰਬਾਈਨਾਂ ਘਮਾਉਣੀਆਂ ਬਹੁਤ ਆਸਾਨ ਹਨ ਮੇਲੇ ਵਿੱਚੋਂ ਮਿਲਦੀਆਂ ਭੰਬੀਰੀਆਂ ਯਾਦ ਕਰੋ ਇੱਕ ਫੂਕ ਮਾਰੀ ਕਿੰਨੀ ਦੇਰ ਘੁੰਮਦੀ ਰਹਿੰਦੀ ਹੈ। ਭਾਖੜਾ ਨਹਿਰ ਪੂਰਾ ਸਾਲ ਉੱਚੇ ਬਹਾਓ ਨਾਲ ਚਲਦੀ ਰਹਿੰਦੀ ਹੈ ਇਸ ਦੇ ਹਰ ਪੁਲ ਦੇ ਨੇੜੇ ਪਣ ਬਿਜਲੀ ਪ੍ਰਾਜੈਕਟ ਲਗਾਏ ਜਾ ਸਕਦੇ ਹਨ।
ਖਰਚਾ ਇੱਕ ਵਾਰ ਮਸ਼ੀਨਾਂ ਲਗਾਉਣ ਤੇ ਆਉਂਦਾ ਹੈ ਜੋ ਸਾਲਾਂ ਤੱਕ ਖਰਾਬ ਨਹੀਂ ਹੁੰਦੀਆਂ।ਅੱਜਕੱਲ੍ਹ ਆਪਣੇ ਕਿਸਾਨ ਮਜ਼ਦੂਰ ਤੇ ਪੂਰਾ ਪੰਜਾਬ ਕੇਂਦਰ ਸਰਕਾਰ ਨਾਲ ਖੇਤੀ ਮਾਮਲਿਆਂ ਨੂੰ ਲੈ ਕੇ ਵੱਡੀ ਜੰਗ ਲੜ ਰਿਹਾ ਹੈ।ਮੋਢੇ ਨਾਲ ਮੋਢਾ ਜੋਡ਼ ਕੇ ਸਾਡਾ ਇਹ ਮੇਲ ਜਲਦੀ ਹੀ ਇਨਕਲਾਬ ਲੈ ਕੇ ਆਵੇਗਾ ਜੋ ਕੰਧ ਤੇ ਉੱਕਰਿਆ ਹੋਇਆ ਸਾਹਮਣੇ ਵਿਖਾਈ ਦੇ ਰਿਹਾ ਹੈ।ਅੱਜ ਆਪਾਂ ਇਕੱਠੇ ਹੋਏ ਬੈਠੇ ਹਾਂ ਪੰਜਾਬ ਸਰਕਾਰ ਤੋਂ ਵੀ ਇਹ ਮੰਗ ਕਰੋ ਕਿ ਪਣ ਬਿਜਲੀ ਪ੍ਰੋਜੈਕਟ ਸੋਲਰ ਪਲਾਂਟ ਤੇ ਪੌਣ ਚੱਕੀਆਂ ਲਗਾਓ ਜਿਸ ਨਾਲ ਕੋਈ ਪ੍ਰਦੂਸ਼ਣ ਨਹੀਂ ਹੋਵੇਗਾ ਤੇ ਸਸਤੀ ਬਿਜਲੀ ਮਿਲੇਗੀ।
ਜਦੋਂ ਵੋਟਾਂ ਨੇੜੇ ਆਉਂਦੀਆਂ ਨੇ ਉਦੋਂ ਪਾਣੀਆਂ ਦੀ ਵੰਡ ਦਾ ਰਾਗ ਅਲਾਪਣ ਲੱਗ ਜਾਂਦੇ ਹਨ ਉਦੋਂ ਪਣ ਬਿਜਲੀ ਪ੍ਰਾਜੈਕਟਾਂ ਦਾ ਕੁਝ ਪਤਾ ਨਹੀਂ ਹੁੰਦਾ।ਅੱਜ ਸਾਡੇ ਮੇਲ ਜੋਲ ਨੂੰ ਵੇਖ ਕੇ ਕੇਂਦਰ ਸਰਕਾਰ ਹਿੱਲ ਰਹੀ ਹੈ ਪੰਜਾਬ ਸਰਕਾਰ ਕਿੱਥੇ ਭੱਜ ਕੇ ਜਾਵੇਗੀ ਵੋਟਾਂ ਨੇੜੇ ਆ ਰਹੀਆਂ ਹਨ ਆਪਣੀਆਂ ਮੰਗਾਂ ਇੱਕ ਖ਼ਾਸ ਪਰਨੋਟ ਲੈ ਕੇ ਇਨ੍ਹਾਂ ਦੇ ਸਾਹਮਣੇ ਜਾਓ ਤੇ ਪੱਕੀ ਮੋਹਰ ਲਗਾਉ।
ਸੱਜਣੋਂ ਮਿੱਤਰੋ ਬੇਲੀਓ ਭੈਣੋ ਤੇ ਭਰਾਵੋ ਇੱਕ ਖ਼ਾਸ ਗੱਲ ਵਿਚਾਰੀਏ- ਪੂਰੀ ਦੁਨੀਆਂ ਵਿੱਚ ਪਰਮਾਣੂ ਤੇ ਥਰਮਲ ਪਲਾਂਟ ਕਿੰਨੇ ਕੁ ਵੱਖ ਵੱਖ ਦੇਸ਼ਾਂ ਨੇ ਸਥਾਪਤ ਕੀਤੇ ਹਨ? ਸਿਰਫ਼ ਖ਼ਾਸ ਜ਼ਰੂਰਤ ਲਈ ਲਗਾਉਂਦੇ ਹਨ।ਜਿੱਥੇ ਕੋਈ ਹੋਰ ਪ੍ਰਬੰਧ ਨਾ ਹੋ ਸਕੇ।ਮੈਂ ਮਰਚੈਂਟ ਨੇਵੀ ਵਿਚ ਨੌਕਰੀ ਦੇ ਦੌਰਾਨ ਦੇਖਿਆ ਹੈ ਕੈਨੇਡਾ ਮਾਂਟਰੀਅਲ ਤੋਂ ਨਾਗਰਾ ਫਾਲ ਤਕ ਅਮਰੀਕਾ ਤੇ ਕੈਨੇਡਾ ਦੀ ਸਰਕਾਰ ਨੇ ਮਿਲ ਕੇ ਲਾਕ ਬਣਾਏ ਹੋਏ ਹਨ।ਕੁੱਲ ਅਠਾਰਾਂ ਲਾਕ ਹਨ ਜੋ ਕਿ ਬਹੁਤ ਲੰਮੀ ਦੂਰੀ ਤਕ ਪਾਣੀ ਨੂੰ ਰੋਕ ਲਿਆ ਜਾਂਦਾ ਹੈ।
ਜਿਸ ਨਾਲ ਸਮੁੰਦਰੀ ਜਹਾਜ਼ ਭਾਰਤ ਦੀ ਉਦਾਹਰਣ ਸਹਿਤ ਦੱਸਦਾ ਹਾਂ, ਸਮੁੰਦਰ ਵਿਚੋਂ ਸਮੁੰਦਰੀ ਜਹਾਜ਼ ਨੂੰ ਗੰਗਾ ਰਾਹੀਂ ਐਵਰੈਸਟ ਚੋਟੀ ਤੇ ਚੜ੍ਹਾਇਆ ਜਾ ਸਕਦਾ ਹੈ ਜੇ ਉਸ ਤਰ੍ਹਾਂ ਲਾਕ ਬਣਾਏ ਜਾਣ।ਜਦ ਅਮਰੀਕਾ ਅਤੇ ਕੈਨੇਡਾ ਪਹਾੜਾਂ ਦੀ ਬਰਫ਼ ਤੋਂ ਬਣੇ ਪਾਣੀ ਨਾਲ ਆਪਣੇ ਸਾਰੇ ਕਾਰਜ ਸੰਵਾਰ ਸਕਦੇ ਹਨ ਫਿਰ ਆਪਣਾ ਦੇਸ਼ ਅਜਿਹਾ ਕਿਉਂ ਨਹੀਂ ਕਰ ਸਕਦਾ।ਪਵਨ ਗੁਰੂ ਪਾਣੀ ਪਿਤਾ ਬਾਬਾ ਨਾਨਕ ਜੀ ਨੇ ਦੱਸਿਆ ਹੈ ਜਦੋਂ ਤਕ ਆਪਾਂ ਇਨ੍ਹਾਂ ਨੂੰ ਸਹੀ ਰੂਪ ਵਿੱਚ ਨਹੀਂ ਮੰਨਦੇ।ਕੀ ਫ਼ਾਇਦਾ ਹੈ ਗੰਗਾ ਨੂੰ ਮਾਤਾ ਸਮਝ ਕੇ ਪੂਜਣ ਦਾ ਤੇ ਨਹਾਉਣ ਦਾ ਪਹਾੜੀ ਪਾਣੀ ਤੋਂ ਬਹੁਤ ਸਾਰੇ ਕੰਮ ਲਏ ਜਾ ਸਕਣਗੇ।
ਸਾਡੀ ਅੱਜ ਦੀ ਨੌਜਵਾਨ ਪੜ੍ਹੀ ਲਿਖੀ ਪੀੜ੍ਹੀ ਨੂੰ ਅਨਪੜ੍ਹ ਨੇਤਾਵਾਂ ਨੂੰ ਕਾਨੂੰਨ ਤੇ ਉੱਨਤੀ ਦੇ ਪਾਠ ਪੜ੍ਹਾਉਣੇ ਪੈਣਗੇ।ਜਿਸ ਨਾਲ ਆਪਾਂ ਤਰੱਕੀ ਦੀਆਂ ਰਾਹਾਂ ਤੇ ਚੱਲਾਂਗੇ ਕਿਉਂਕਿ ਖੇਤੀ ਇਕ ਅਜਿਹਾ ਅਰਥਚਾਰਾ ਹੈ ਜੋ ਕਦੇ ਫੇਲ੍ਹ ਨਹੀਂ ਹੋ ਸਕਦਾ।ਕੁਦਰਤ ਦੀਆਂ ਦਿੱਤੀਆਂ ਉੱਨਤ ਚੀਜ਼ਾਂ ਦਾ ਸਹੀ ਰੂਪ ਵਿੱਞਚ ਵਰਤਣ ਦਾ ਉਪਰਾਲਾ ਕਰੋ।ਆਪਣੇ ਦੇਸ਼ ਵਿੱਚ ਉਹ ਗੀਤ ਗੂੰਜੇਗਾ ” ਮੇਰੇ ਦੇਸ਼ ਕੀ ਧਰਤੀ ਸੋਨਾ ਉਗਲੇ ਉਗਲੇ ਹੀਰੇ ਮੋਤੀ”
ਰਮੇਸ਼ਵਰ ਸਿੰਘ
ਸੰਪਰਕ ਨੰਬਰ -9914880392