(ਸਮਾਜ ਵੀਕਲੀ)
ਮੇਰੇ ਛੋਟੇ ਹੁੰਦਿਆਂ ਪੰਜਾਬ ਦੇ ਤਤਕਾਲੀਨ ਮੁੱਖ ਮੰਤਰੀ ਸ ਪ੍ਰਤਾਪ ਸਿੰਘ ਕੈਰੋਂ ‘ਤੇ ਭਿ੍ਰਸਟਾਚਾਰ ਦਾ ਇਕ ਦੋਸ਼ ਬੜਾ ਹੀ ਚਰਚਾ ਦਾ ਵਿਸ਼ਾ ਬਣਿਆਂ ਸੀ ਜਿਸ ਦੀ ਸ਼ਿਕਾਇਤ ਵੇਲੇ ਦੇ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ ਨੂੰ ਜਦ ਕੀਤੀ ਗਈ ਤਾਂ ਉਹਨਾ ਇਹ ਕਹਿੰਦੱਆਂ ਗੱਲ ਖਤਮ ਕਰ ਦਿੱਤੀ ਸੀ ਕਿ “ਦੇਸ਼ ਦਾ ਪੈਸਾ ਦੇਸ਼ ਵਿੱਚ ਹੀ ਰਿਹਾ, ਕੈਰੋਂ ਨੇ ਕਿਤੇ ਬਾਹਰ ਤਾਂ ਨਹੀਂ ਭੇਜਿਆ, ਸੋ ਕੋਈ ਵੱਡੀ ਗੱਲ ਨਹੀਂ ਤੇ ਇਸ ਗੱਲ ਨੂੰ ਤੂਲ ਦੇਣ ਦੀ ਕੋਈ ਲੋੜ ਨਹੀਂ ।” ਜਵਾਹਰ ਲਾਲ ਨਹਿਰੂ ਦੇ ਇਹਨਾਂ ਸ਼ਬਦਾਂ ਨਾਲ ਪ੍ਰਤਾਪ ਸਿੰਘ ਕੈਰੋ ਨੂੰ ਤਾਂ ਜ਼ਰੂਰ ਵੱਡੀ ਰਾਹਤ ਮਿਲੀ ਪਰ ਨਹਿਰੂ ਦੇ ਉਕਤ ਸ਼ਬਦਾਂ ਨੇ ਸਿਆਸਤ ਵਿੱਚ ਭਿ੍ਰਸ਼ਟਾਚਾਰ ਦਾ ਸ਼੍ਰੀ ਗਨੇਸ਼ ਕਰ ਦਿੱਤਾ । ਨਹਿਰੂ ਦੁਆਰਾ ਇਕ ਭ੍ਰਿਸ਼ਟਾਚਾਰੀ ਦੀ ਪੁਸ਼ਤਪਨਾਹੀ ਤੋਂ ਬਾਅਦ ਤਾਂ ਬਸ ਪੰਜਾਬ ਵਿੱਚ ਜੋ ਘਪਲਾਤੰਤਰ ਦਾ ਦੌਰ ਚੱਲਿਆ, ਉਹ ਅੱਜ ਤੱਕ ਸਭ ਹੱਦਾਂ ਬੰਨੇ ਤੋੜ ਕੇ ਬਦਸਤੂਰ ਜਾਰੀ ਹੈ ।
ਇਸ ਵੇਲੇ ਪੰਜਾਬ ਚ ਭਿ੍ਰਸਟਾਚਾਰ ਦੀਆ ਜੜਾਂ ਬਹੁਤ ਡੂੰਘੀਆ ਜਾ ਚੁੱਕੀਆਂ ਹਨ । ਇਹ ਗੋਰਖ ਧੰਦਾ ਪੁਲਿਸ ਤੇ ਸਿਆਸੀ ਸਰਪ੍ਰਸਤੀ ਹੇਠ ਮਾਫੀਏ ਦਾ ਰੂਪ ਧਾਰਨ ਕਰ ਚੁੱਕਾ ਹੈ ਜਿਸ ਦਾ ਬਾਕਾਇਦਾ ਨੈਟਵਰਕ ਹੈ । ਏਹੀ ਕਾਰਨ ਹੈ ਜਦ ਵੀ ਕਿਲੇ ਘਪਲੇ ਦਾ ਪਰਦਾਫਾਸ਼ ਹੁੰਦਾ ਹੈ ਤਾਂ ਮੀਡੀਏ ਚ ਚਾਰ ਕੁ ਦਿਨ ਰੌਲਾ ਰੱਪਾ ਪੈਣ ਤੋਂ ਬਾਅਦ ਬਿਨਾ ਕਿਸੇ ਕਾਰਵਾਈ ਦੇ ਮਾਮਲਾ ਠੰਂਢੇ ਬਸਤੇ ਚ ਪਹੁੰਚਾ ਦਿੱਤਾ ਜਾਂਦਾ ਹੈ । ਜੇਕਰ ਮਾਮਲਾ ਜ਼ਿਆਦਾ ਹੀ ਤੂਲ ਫੜ ਜਾਵੇ ਤਾਂ ਫਿਰ ਸਰਕਾਰ ਵੱਲੋਂ ਕਾਨੂੰਨ ਮੁਤਾਬਕ ਕਾਰਵਾਈ ਕਰਨ ਦੇ ਭਰੋਸੇ ਤਾਂ ਦਿੱਤੇ ਜਾਂਦੇ ਹਨ ਪਰ ਪੜਤਾਲੀਆ ਕਮੇਟੀ ਜਾਂ ਕਮਿਸ਼ਨ ਬਣਾ ਕੇ ਪਰਨਾਲਾ ਉਥੇ ਦਾ ਉਥੇ ਹੀ ਰਹਿਣ ਦਿੱਤੀ ਜਾਂਦਾ ਹੈ । ਇੱਨੇ ਚ ਕੋਈ ਨਵਾਂ ਮਸਲਾ ਨਿਕਲ ਆਉਂਦਾ ਹੈ ਜਾ ਫੇਰ ਪੈਦਾ ਕਰ ਦਿੱਤਾ ਜਾਂਦਾ ਹੈ ਤੇ ਲੋਕਾਂ ਦਾ ਧਿਆਨ ਪਹਿਲੇ ਮੁੱਦੇ ਤੋਂ ਹਟਕੇ ਨਵੇਂ ‘ਤੇ ਲੱਗ ਜਾਂਦਾ ਹੈ । ਜੇਕਰ ਦੇਖਿਆ ਜਾਵੇ ਤਾਂ ਪੰਜਾਬ ਵਿੱਚ ਅੱਜ ਤੱਕ ਏਹੀ ਕੁੱਜ ਹੁੰਦਾ ਆਇਆ ਹੈ । ਹਥਲੀ ਚਰਚਾ ਵਿੱਚ ਮੈਂ ਪੰਜਾਬ ਚ ਹੋਏ ਕੁੱਜ ਬੜੇ ਅਹਿਮ ਘਪਲਿਆਂ ਦੀਆਂ ਹੇਠਾਂ ਕੁਝ ਕੁ ਉਦਾਹਰਣਾਂ ਦਾ ਜ਼ਿਕਰ ਕਰ ਰਿਹਾ ਹਾਂ ਤਾਂ ਕਿ ਪੰਜਾਬੀਆਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਦੇ ਖ਼ੂਨ ਪਸੀਨੇ ਦੀ ਕਮਾਈ ਉੱਤੇ ਕਿਵੇਂ ਦਿਨ ਦੀਵੀ ਹੀ ਡਾਕਾ ਵੱਜਦਾ ਆ ਰਿਹਾ ਹੈ ।
2003 ਪੰਜਾਬ ਸਿੰਜਾਈ ਵਿਭਾਗ ਦਾ 78.80 ਕਰੋੜ ਰੁਪਏ ਦਾ ਘਪਲਾ ਹੋਇਆ । ਨਹਿਰੀ ਵਿਭਾਗ ਦੇ ਕੁੱਜ ਅਧਿਕਾਰੀ ਮੁਢਲੀ ਜਾਂਚ ਤੋਂ ਬਾਦ ਦੋਸ਼ੀ ਪਾਏ ਗਏ ਤੇ ਨਿਆਇਕ ਹਿਰਾਸਤ ਵਿੱਚ ਵੀ ਲਏ ਗਏ ਪਰ ਉਸ ਤੋਂ ਬਾਦ ਕਾਰਵਾਈ ਕੀ ਹੋਈ, ਇਸ ਬਾਰੇ ਅਜ ਤੱਕ ਕਿਸੇ ਨੂੰ ਕੋਈ ਜਾਣਕਾਰੀ ਨਹੀਂ ।
ਜਨਵਰੀ 2008 ਚ 810.17 ਏਕੜ ਸਰਕਾਰੀ ਜ਼ਮੀਨ ਉੱਤੇ ਪੰਜਾਬ ਦੇ ਆਈ ਏ ਐਸ ਤੇ ਹੋਰ ਉਚ ਅਧਿਕਾਰੀਆਂ ਨੇ ਆਪਸੀ ਮਿਲੀ ਭੁਗਤ ਨਾਲ ਨਾਜਾਇਜ਼ ਕਬਜ਼ੇ ਕੀਤੇ, ਪਰ ਕਾਰਵਾਈ —— ?
ਅੰਮ੍ਰਿਤਸਰ ਇੰਮਪਰੂਵਮੈਂਟ ਦੀ 32.10 ਏਕੜ ਜ਼ਮੀਨ ਦਾ ਘਪਲਾ ਮੌਜੂਦਾ ਮੁਖ ਮੰਤਰੀ ਅਮਰਿੰਦਰ ਸਿੰਘ ਦੇ ਪਿਛਲੇ ਰਾਜ ਕਾਲ ਵੇਲੇ ਸਾਹਮਣੇ ਆਇਆ । ਬਾਦ ਚ ਦਸ ਸਾਲ ਅਕਾਲੀ ਵੀ ਰਾਜ ਕਰ ਗਏ । ਉਸ ਵਿੱਚ ਚੌਧਰੀ ਜਗਜੀਤ ਸਿੰਘ ਦਾ ਨਾਮ ਵੀ ਕਾਫ਼ੀ ਚਰਚਿਤ ਰਿਹਾ । ਪਰ ਅਜੇ ਤੱਕ ਕੋਈ ਨਤੀਜਾ ਨਹੀਂ ।
ਜਲੰਧਰ ਦੀ ਮੈਡੀਕਲ ਵਿਗਿਆਨ ਸੰਸਥਾ ਨੂੰ ਕੌਡੀਆ ਦੇ ਭਾਅ ਨਿੱਜੀ ਹੱਥਾ ਚ ਸੌਂਪਣ ਦੀ ਮਾਮਲਾ ਬੜਾ ਭਖਿਆ ਪਰ ਅੱਜ ਤੱਕ ਪਤਾ ਨਹੀਂ ਲੱਗ ਸਕਿਆਂ ਕਿ ਮਾਮਲਾ ਕਿਹੜੇ ਬਸਤੇ ਚ ਪਾ ਕੇ ਕਿੱਥੇ ਰੱਖਿਆ, ਕੋਈ ਉਘ ਸੁੱਘ ਵੀ ਨਹੀਂ ਨਿਕਲੀ ।
ਜਲੰਧਰ ਦੀ ਲਾਡੋਵਾਲੀ ਰੋਡ ‘ਤੇ 1250 ਏਕੜ ਦਾ ਕਰੋੜਾਂ ਰੁਪਏ ਲਾਗਤ ਵਾਲਾ ਗੰਨਾ ਖੋਜ ਫ਼ਾਰਮ ਮੁਫ਼ਤ ਦੇ ਭਾਅ ਨਿੱਜੀ ਹੱਥਾਂ ਚ ਦਿੱਤਾ ਗਿਆ, ਬੜਾ ਰੌਲਾ ਪਿਆ, ਪਰ —— ?
ਲੁਧਿਆਣਾ ਦਾ ਸਿਟੀ ਸੈਂਟਰ ਘੋਟਾਲਾ ਤਾਂ ਅਜੇ ਕੋਈ ਬਹੁਤੀ ਪੁਰਾਣੀ ਗੱਲ ਨਹੀਂ ।
ਪੰਜਾਬ ਸੈਰ ਸਪਾਟਾ ਵਿਕਾਸ ਨਿਗਮ ਦੇ ਨੀਲੋ, ਸੰਘੋਲ, ਕਪੂਰਥਲਾ, ਮੋਗਾ, ਪਛਾਨਕੋਟ, ਮਾਧੋਪੁਰ, ਜਲੰਧਰ, ਅੰਮਿ੍ਰਤਸਰ ਤੇ ਹੁਸ਼ਿਆਰਪੁਰ ਵਾਲੇ ਕੰਪਲੈਕਸ ਮੁਫਤੋ ਮੁਫ਼ਤੀ ਹੀ ਆਪਣੇ ਹਿਤੈਸ਼ੀਆਂ ਨੂੰ ਦੇ ਦਿੱਤੇ ਗਏ । ਇਹਨਾਂ ਵਿੱਚੋਂ ਕਈਆਂ ਨੇ ਮਾਲਿਕ ਬਣਦਿਆਂ ਸਾਰ ਹੀ ਅੱਗੇ ਵੇਚਕੇ ਕਰੋੜਾਂ ਦਾ ਮੁਨਾਫਾ ਵੀ ਕੰਮਾ ਲਿਆ ।
ਬਠਿੰਡਾ ਖੇਤੀ ਖੋਜ ਕੇਂਦਰ ਦੀ 29 ਏਕੜ ਜ਼ਮੀਨ ਅਕਾਲੀਆਂ ਨੇ ਆਪਣੇ ਰਾਜ ਵੇਲੇ ਕ੍ਰਿਕਟ ਸਟੇਡੀਅਮ ਦੇ ਹਵਾਲੇ ਕਰ ਦਿੱਤੀ ।
RTI ਦੀ ਇਕ ਰਿਪੋਰਟ ਮੁਤਾਬਕ ਪੰਜਾਬ ਚ ਚਾਲੀ ਹਜ਼ਾਰ ਏਕੜ ਸ਼ਾਮਲਾਟੀ ਜ਼ਮੀਨ ‘ਤੇ ਨਾਜਾਇਜ਼ ਕਬਜ਼ੇ ਹਨ ਜਿਹਨਾ ਨੂੰ ਵੋਟ ਵਟੋਰੂ ਨੀਤੀ ਤਹਿਤ ਕਬਜ਼ਾ ਕਰਨ ਵਾਲ਼ਿਆਂ ਦੇ ਨਾਮ ਤੇ ਨਿਯਮਤ ਕੀਤਾ ਜਾ ਰਿਹਾ ਹੈ । ਇਸ ਤਰਾਂ ਕਰਕੇ ਸਰਕਾਰ ਲੋਕਾਂ ਨੂੰ ਨਾਜਾਇਜ਼ ਕਬਜ਼ੇ ਕਰਨ ਵਾਸਤੇ ਉਤਸ਼ਾਹਤ ਕਰ ਰਹੀ ਹੈ ।
ਮੋਹਾਲੀ ਚ ਸੱਤਰ ਏਕੜ ਅਤਿ ਮਹਿੰਗੀ ਸਰਕਾਰੀ ਜ਼ਮੀਨ ਇਕ ਨਿੱਜੀ ਕੰਪਨੀ ਨੂੰ ਇਕ ਰੁਪਇਆ ਪ੍ਰਤੀ ਏਕੜ ਦੇ ਹਿਸਾਬ ਲੀਜ਼ ਤੇ ਦੇ ਦਿੱਤੀ ਗਈ ।
2000 ਚ 52 ਕਰੋੜ ਰੁਪਏ ਦਾ ਪੈਨਸ਼ਨ ਘਪਲਾ, ਫੇਰ ਬੁਢੇਪਾ ਪੈਨਸ਼ਨ ਸ਼ਕੀਮ ਚ ਦੂਜੀ ਵਾਰ ਘਪਲੇਬਾਜੀ ਪਰ ਕਾਰਵਾਈ ਕਿਸੇ ਤੇ ਕੋਈ ਨਹੀਂ । ਪੰਜਾਬ ਸਕੂਲ ਸਿੱਖਿਆ ਬੋਰਡ ਦੀਆ ਪੁਸਤਕਂ ਤੇ ਨਰਮੇ ਦੀ ਕੀਟਨਾਸ਼ਕ ਦਵਾਈ ਦਾ ਘੁਟਾਲਾ ਅਜੇ ਬਹੁਤੀ ਪੁਰਾਣਾ ਨਹੀਂ ਪਰ ਫਿਰ ਵੀ ਕਾਫ਼ੀ ਲੋਕਾਂ ਨੂੰ ਕਾਫੀ ਹੱਦ ਤੱਕ ਭੁੱਲ ਚੁੱਕਾ ਹੈ ।
ਆਟਾ ਦਾਲ ਸਕੀਮ ਦਾ ਤੀਹ ਕਰੋੜ ਰੁਪਏ ਦਾ ਘਪਲਾ ਕਿਧਰੇ ਗਿਆ ਤੇ ਅਕਾਲੀਆਂ ਤੇ ਕੀ ਕਾਰਵਾਈ ਹੋਈ !
2009 ਚ ਪੰਜਾਬ ਸੈਪਟਿਕ ਟੈਂਕ ਘੁਟਾਲਾ ਹੋਇਆ, ਹਾਈ ਕੋਰਟ ਦੇ ਹੁਕਮਾਂ ‘ਤੇ ਕੇਸ ਵੀ ਦਰਜ ਹੋਇਆ ਪਰ ——- !!!
2003 ਚ ਛੱਤਬੀੜ ਚਿੜੀਆਂ ਘਰ ਦੇ ਜਾਨਵਰਾਂ ਦੇ ਖਾਣੇ ਨਾਲ ਸੰਬੰਧਿਤ ਘਪਲਾ ਹੋਇਆ ਜਿਸ ਤਹਿਤ ਮੀਟ ਦੇ ਫਰਜੀ ਬਿਲ ਸਹਾਰਨ ਪੁਰ ਤੋਂ ਦੁਗਣੇ ਮੁੱਲ ਦੇ ਹਿਸਾਬ ਜਮਾਂ ਕਰਵਾ ਕੇ ਕਰੋੜਾਂ ਰੁਪਏ ਦੀ ਠੱਗੀ ਕੀਤੀ ਜਾਂਦੀ ਰਹੀ । ਪਰ ਨਤੀਜਾ ਢਾਕ ਕੇ ਚੀਨ ਪਾਤ ——
2010 ਚ ਆਫ ਸੀ ਆਈ ਦੀਆ ਕਣਕ ਦੀਆ ਬੋਰੀਆ ਚ ਰੇਤ ਮਿਲਾਉਣ ਦਾ ਘਪਲਾ ਸਾਹਮਣੇ ਆਇਆ । ਇਸੇ ਤਰਾ ਜਗਰਾਓਂ ਦੇ ਪਨਸਪ ਦੇ ਗੁਦਾਮਾ ਚੋ 69000 ਕਣਕ ਦੀਆ ਬੋਰੀਆ ਹੀ ਗਾਇਬ ਕਰ ਦਿਤੀਆਂ ਗਈਆ ।
ਪੰਜਾਬ ਮਿਲਾਵਟੀ ਲੁਕ ਦਾ ਸਕੈਂਡਲ ਸਾਹਮਣੇ ਆਇਆ , ਪੰਜਾਬ ਦੀਆਂ 42000 ਸੜਕਾ ਉਤੇ ਲੁਕ ਦੀ ਬਜਾਏ ਪੀ ਡਬਲਿਊ ਡੀ ਵਿਭਾਗ ਪੁਰਾਣੀਆਂ ਚਪਲਾ ਤੇ ਟਾਇਰਾਂ ਦਾ ਸਪਰੇਅ ਹੀ ਕਰਦਾ ਰਿਹਾ ।
ਉਕਤ ਤੋ ਇਲਾਵਾ ਪੰਜਾਬ ਚ ਰੇਤਾ, ਬਜਰੀ, ਟਰਾਸਪੋਟ, ਕੇਬਲ ਤੇ ਭੁ ਮਾਫੀਏ ਦੇ ਬਹੁਤ ਸਾਰੇ ਘਪਲੇ ਹਨ ਜਿਹਨਾਂ ਦਾ ਪਟਾਰਾ ਬਹੁਤ ਵੱਡਾ ਹੈ । ਟੋਲ ਟੈਕਸ ਦਾ ਵੀ ਵੱਡਾ ਸਕੈਂਡਲ ਪੰਜਾਬ ਚ ਇਸ ਵੇਲੇ ਚੱਲ ਰਿਹਾ ਹੈ ।
ਉਕਤ ਘਪਲੇ ਤਾਂ ਸਿਰਫ ਝਲਕ ਮਾਤਰ ਪੇਸ਼ ਕੀਤੇ ਗਏ ਹਨ ਜਾ ਕਹਿ ਲਓ ਬਈ ਟਰੇਲਰ ਹੀ ਹਨ, ਪੂਰੀ ਪਿਕਚਰ ਤਾ ਬਹੁਤ ਲੰਮੀ ਹੈ । ਮੈਨੂ ਪੂਰੀ ਆਸ ਹੈ ਕਿ ਤੁਸੀ ਹੁਣ ਸਹਿਜੱ ਹੀ ਅੰਦਾਜਾ ਲਗਾ ਲਓਂਗੇ ਕਿ ਪੰਜਾਬ ਤਿੰਨ ਲੱਖ ਕਰੋੜ ਰੁਪਏ ਦਾ ਕਰਜਈ ਕਿਓ ਹੋਇਆ, ਬੇਰੁਜਗਾਰੀ ਕਿਓ ਹੈ ਤੇ ਪੰਜਾਬ ਦੇ ਕਿਸਾਨ ਫਾਹਾ ਲੈ ਕੇ ਮਰਨ ਵਾਸਤੇ ਕਿਓਂ ਮਜਬੂਰ ਹਨ ।
ਪ੍ਰੋ ਸ਼ਿੰਗਾਰਾ ਸਿੰਘ ਢਿਲੋਂ
ਜਾਣਕਾਰੀ ਸੋਮਾ : ਮੇਰੀ ਪੁਸਤਕ ਰੰਗਲਾ ਪੰਜਾਬ ਕਿ ਕੰਗਲਾ ਪੰਜਾਬ ਦੇ ਕੁੱਜ ਅੰਸ਼ ।