ਆਜ਼ਾਦੀ ਤੋਂ ਬਾਅਦ ਪੰਜਾਬ ਦੇ ਜੁਅਰਤ, ਸੂਝਵਾਨ ਅਤੇ ਕਾਬਲ ਮੁੱਖ ਮੰਤਰੀ ਰਹੇ ਸ੍ਰੀ.ਪ੍ਰਤਾਪ ਸਿੰਘ ਕੈਰੋਂ ਦਾ ਜਨਮ 1 ਅਕਤੂਬਰ 1901 ਨੂੰ ਪਿੰਡ ਕੈਰੋਂ, ਤਹਿਸੀਲ ਪੱਟੀ, ਹੁਣ ਜ਼ਿਲ੍ਹਾ ਤਰਨਤਾਰਨ ਵਿੱਚ ਸ. ਨਿਹਾਲ ਸਿੰਘ ਢਿੱਲੋਂ ਅਤੇ ਸਰਦਾਰਨੀ ਹਰਿ ਕੌਰ ਦੇ ਗ੍ਰਹਿ ਹੋਇਆ। ਕੈਰੋਂ ਨੂੰ ਰਾਜਨੀਤੀ ਅਤੇ ਸਮਾਜ ਸੇਵਾ ਦੀ ਗੁੜ੍ਹਤੀ ਪਰਿਵਾਰ ਵਿੱਚੋਂ ਹੀ ਮਿਲੀ ਕਿਉਂਕਿ ਉਨ੍ਹਾਂ ਦੇ ਪਿਤਾ ਸਿੰਘ ਸਭਾ ਲਹਿਰ ਦੇ ਸਰਗਰਮ ਆਗੂ ਸਨ ਤੇ ਮਾਤਾ ਜੀ ਸਮਾਜ ਸੁਧਾਰਕ।
ਉਹਨਾਂ ਨੇ ਮੁੱਢਲੀ ਸਿੱਖਿਆ ਸਰਕਾਰੀ ਸਕੂਲ, ਸਰਹਾਲੀ ਤੋਂ ਅਤੇ ਮੈਟ੍ਰਿਕ ਤੇ ਗਿਆਨੀ ਦੀ ਡਿਗਰੀ ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਹਾਸਲ ਕੀਤੀ। ਜਦੋਂ ਸ੍ਰੀ ਕੈਰੋਂ ਦੀ ਉਮਰ 19 ਸਾਲ ਦੀ ਹੋਈ ਤਾਂ ਮਾਤਾ ਪਿਤਾ ਨੇ ਉਨ੍ਹਾਂ ਦਾ ਵਿਆਹ ਸਰਦਾਰਨੀ ਰਾਮ ਕੌਰ ਨਾਲ ਕਰ ਦਿੱਤਾ। ਵਿਆਹ ਤੋਂ ਬਾਅਦ ਉਹ ਉੱਚ ਸਿੱਖਿਆ ਲਈ ਅਮਰੀਕਾ ਚਲੇ ਗਏ, ਜਿੱਥੇ ਉਹਨਾਂ ਅਰਥ ਸ਼ਾਸਤਰ ਤੇ ਰਾਜਨੀਤੀ ਸ਼ਾਸਤਰ ਵਿੱਚ ਐਮ.ਏ. ਕੀਤੀ। ਇਹ ਉਹ ਦਿਨ ਸਨ ਜਦੋਂ ਦੇਸ਼ ਦੀ ਆਜ਼ਾਦੀ ਲਈ ਹਰ ਪਾਸੇ ਸਰਗਰਮੀ ਨਜਰ ਆ ਰਹੀ ਸੀ।
ਦੇਸ਼ ਭਗਤੀ ਦੇ ਜਜਬੇ ਨੂੰ ਉਨ੍ਹਾਂ ਦੇ ਜੀਵਨ ਵਿਚ ਅਬ੍ਰਾਹਮ ਲਿੰਕਨ ਅਤੇ ਕਾਮਰੇਡ ਲੈਨਿਨ ਰਾਂਹੀ ਮਨੁੱਖਤਾ ਲਈ ਕੀਤੇ ਕਾਰਜਾਂ ਨੇ ਹੋਰ ਵੀ ਉਤਸ਼ਾਹਤ ਕੀਤਾ। ਇਸੇ ਜਜ਼ਬੇ ਅਤੇ ਪ੍ਰਭਾਵ ਅਧੀਨ ਉਹ ਅਮਰੀਕਾ ਵਿੱਚ ਰਹਿੰਦੇ ਹੋਏ ਗਦਰ ਪਾਰਟੀ ਦੇ ਸਰਗਰਮ ਮੈਂਬਰ ਬਣ ਗਏ ਅਤੇ ਦੇਸ਼ ਦੀ ਆਜ਼ਾਦੀ ਲਈ ਆਪਣਾ ਯੋਗਦਾਨ ਵਿਦੇਸ਼ ਦੀ ਧਰਤੀ ਤੋਂ ਦੇਣਾ ਸ਼ੁਰੂ ਕਰ ਦਿੱਤਾ।
1929 ਵਿੱਚ ਪ੍ਰਤਾਪ ਸਿੰਘ ਕੈਰੋਂ ਭਾਰਤ ਪਰਤ ਆਏ ਅਤੇ ਅਕਾਲੀ ਦਲ ਦੇ ਮੈਂਬਰ ਬਣ ਕੇ ਆਜ਼ਾਦੀ ਦੇ ਸੰਘਰਸ਼ ਨਾਲ ਸਿੱਧੇ ਰੂਪ ਵਿੱਚ ਜੁੜ ਗਏ ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਅੰਗਰੇਜ਼ ਹਕੂਮਤ ਨੇ ਜੇਲ੍ਹਾਂ ਵਿੱਚ ਭੇਜਿਆ। ਉਨ੍ਹਾਂ ਨੇ ਆਜ਼ਾਦੀ ਦੀ ਲੰਬੀ ਲੜਾਈ ਭਾਵੇਂ ਅਕਾਲੀ ਦਲ ਦੇ ਝੰਡੇ ਹੇਠ ਲੜੀ ਪਰ 1937 ਵਿੱਚ ਪਹਿਲੀ ਵਾਰ ਕਾਂਗਰਸ ਦੀ ਟਿਕਟ ‘ਤੇ ਵਿਧਾਨ ਸਭਾ ਦੀ ਚੋਣ ਜਿੱਤੀ। ਇਸ ਚੋਣ ਤੋਂ ਬਾਅਦ ਪਹਿਲਾਂ ਉਨ੍ਹਾਂ ਨੂੰ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦਾ ਜਰਨਲ ਸਕੱਤਰ ਅਤੇ ਬਾਅਦ ਵਿੱਚ ਪ੍ਰਧਾਨ ਬਣਾਇਆ ਗਿਆ। ਆਜ਼ਾਦ ਭਾਰਤ ਵਿੱਚ ਪੰਜਾਬ ਦੀ ਮੁੱਢਲੀ ਸਰਕਾਰ ਵਿੱਚ ਆਪ ਵਜੀਰ ਬਣੇ ਅਤੇ ਵੱਖ-ਵੱਖ ਮਹਿਕਮੇ ਸੰਭਾਲੇ।
ਪੰਜਾਬ ਦੀ ਸਰਕਾਰ ਨੂੰ ਸਥਿਰਤਾ ਦੇਣ ਲਈ ਉਨ੍ਹਾਂ ਨੂੰ ਸਾਂਝੇ ਪੰਜਾਬ ਦਾ ਮੁੱਖ ਮੰਤਰੀ ਜਨਵਰੀ 1956 ਵਿੱਚ ਬਣਾਇਆ ਗਿਆ। ਕੈਰੋਂ ਨੂੰ ਲਗਾਤਾਰ ਤਿੰਨ ਵਾਰ ਪੰਜਾਬ ਦੇ ਮੁੱਖ ਮੰਤਰੀ ਬਣਨ ਦਾ ਮੌਕਾ ਮਿਲਿਆ। ਕੈਰੋਂ ਨੇ ਪਛੜ੍ਹੇ ਵਰਗਾਂ ਅਤੇ ਦਲਿਤ ਸਮਾਜ ਦੀ ਭਲਾਈ ਲਈ ਵਿਸ਼ੇਸ਼ ਤੌਰ ‘ਤੇ ਧਿਆਨ ਦਿੱਤਾ ਅਤੇ ਸੂਬੇ ਦੇ ਬਹੁ-ਪੱਖੀ ਵਿਕਾਸ ਲਈ ਵੱਖ-ਵੱਖ ਖੇਤਰਾਂ ਜਿਵੇਂ ਸਿੱਖਿਆ,ਰੋਜ਼ਗਾਰ, ਬਿਜਲੀ ਪੈਦਾ ਕਰਨਾ, ਸਿਹਤ ਸੇਵਾਵਾਂ, ਖੇਤੀਬਾੜੀ, ਵੱਡੀਆਂ ਤੇ ਲਘੂ ਸਨਅਤਾਂ, ਸੜਕਾਂ ਆਦਿ ਦੇ ਵਿਕਾਸ ਲਈ ਬਹੁਤ ਯੋਜਨਾਵਾਂ ਸ਼ੁਰੂ ਕੀਤੀਆਂ। ਨੰਗਲ ਦਾ ਭਾਖੜਾ ਡੈਮ, ਖਾਦ ਫੈਕਟਰੀ, ਚੰਡੀਗੜ੍ਹ ਦਾ ਪੀ. ਜੀ.ਆਈ., ਵੇਰਕਾ ਪਲਾਂਟ ਅੰਮਿ੍ਤਸਰ, ਲੁਧਿਆਣੇ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਸਿੱਖਿਆ ਦੇ ਖੇਤਰ ਵਿਚ ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਯੂਨੀਵਰਸਿਟੀ ਕੁਰਕਸ਼ੇਤਰ ਦੀ ਸਥਾਪਨਾ ਉਨ੍ਹਾਂ ਦੇ ਯਤਨਾਂ ਸਦਕਾ ਹੋਈ।
ਉਨ੍ਹਾਂ ਦੇ ਯਤਨਾਂ ਨਾਲ ਪੰਜਾਬ ਐਸ.ਸੀ. ਰਾਖਵਾਂਕਰਨ ਕਰਨ ਵਾਲਾ ਅਤੇ ਪੰਚਾਇਤੀ ਰਾਜ ਮੁਕੰਮਲ ਢੰਗ ਨਾਲ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣਿਆ। ਪੰਜਾਬ ਦੇ ਕਈ ਸ਼ਹਿਰਾਂ ਵਿਚ ਲਾਏ ਜਾਣ ਵਾਸਤੇ ਸਨਅਤੀ ਯੂਨਿਟਾਂ ਨੂੰ ਵਿਸ਼ੇਸ ਰਿਆਇਤਾਂ ਦਿੱਤੀਆਂ ਤਾਂ ਜੋ ਇਨ੍ਹਾਂ ਸਨਅਤਾਂ ਦਾ ਵਿਕਾਸ ਹੋ ਸਕੇ ਤੇ ਪੰਜਾਬ ਦੇ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਾਪਤ ਹੋ ਸਕਣ। ਕੈਰੋਂ ਦੀ ਪ੍ਰਸ਼ਾਸਨ ਉੱਤੇ ਪਕੜ ਇੰਨੀ ਮਜ਼ਬੂਤ ਸੀ ਕਿ ਵੱਡੇ ਤੋਂ ਵੱਡੇ ਪ੍ਰਸ਼ਾਸਨਿਕ ਅਧਿਕਾਰੀ ਆਪ ਦੀ ਸਿਆਣਪ ਭਰਪੂਰ ਅਤੇ ਤੁਰੰਤ ਲਏ ਫੈਸਲਿਆਂ ਤੋਂ ਬਹੁਤ ਪ੍ਰਭਾਵਿਤ ਹੁੰਦੇ ਸਨ।
1962 ਦੀਆਂ ਚੋਣਾਂ ਅਕਾਲੀ ਦਲ ਦੀ ਅਗਵਾਈ ਹੇਠ ਬਾਕੀ ਸਾਰੀਆਂ ਪਾਰਟੀਆਂ ਨੇ ਸਾਂਝਾ ਮੁਹਾਜ ਬਣਾ ਕੇ, ਕਾਂਗਰਸ ਦੇ ਖਿਲਾਫ਼ ਲੜੀਆਂ। ਹਲਕਾ ਸਰਹਾਲੀ ਤੋਂ ਸ.ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਤੇ ਉਸ ਦੇ ਖ਼ਿਲਾਫ਼, ਅਕਾਲੀ ਦਲ ਵਲੋਂ ਜ. ਮੋਹਨ ਸਿੰਘ ਤੁੜ ਚੋਣ ਲੜ ਰਿਹਾ ਸੀ ਜਿਸ ‘ਤੇ ਕੈਰੋਂ ਨੇ 52 ਮੁਕੱਦਮੇ ਬਣਾ ਕੇ ਉਸ ਨੂੰ ਸਹਾਰਨਪੁਰ ਜੇਲ੍ਹ ਵਿਚ ਬੰਦ ਕੀਤਾ ਹੋਇਆ ਸੀ। ਹਲਕੇ ਪੱਟੀ ਤੋਂ ਕੈਰੋਂ ਦਾ ਜੀਜਾ ਸ. ਹਰਦੀਪ ਸਿੰਘ ਤੇ ਉਸ ਦੇ ਮੁਕਾਬਲੇ ਦਲ ਵੱਲੋਂ ਸ. ਹਜ਼ਾਰਾ ਸਿੰਘ ਗਿੱਲ, ਜੋ ਕਿ ਮੋਰਚੇ ਸਮੇਂ ਦਾ ਹੀ ਜੇਲ੍ਹ ਵਿਚ ਬੰਦ ਸੀ, ਲੜ ਰਹੇ ਸਨ। ਤਰਨ ਤਰਨ ਤਹਿਸੀਲ ਦੇ ਦਫ਼ਤਰ ਵਿੱਚ ਗਿਣਤੀ ਹੋ ਰਹੀ ਸੀ। ਅਖੀਰ ਹਨੇਰਾ ਪਏ ਤੇ ਐਲਾਨ ਹੋ ਗਿਆ ਕਿ ਜਥੇਦਾਰ ਮੋਹਨ ਸਿੰਘ ਤੁੜ 384 ਵੋਟਾਂ ਦੇ ਵਾਧੇ ਨਾਲ਼ ਜਿੱਤ ਗਏ ਤੇ ਕੈਰੋਂ ਹਾਰ ਗਏ। ਸਰਹਾਲੀ ਤੇ ਪੱਟੀ ਦੋਵੇਂ ਸੀਟਾਂ ਹੀ ਕਾਂਗਰਸ ਹਾਰ ਗਈ ਸੀ।
ਸਰਹਾਲੀ ਦੇ ਜੇਤੂ, ਜਥੇਦਾਰ ਮੋਹਨ ਸਿੰਘ ਤੁੜ, ਨੂੰ ਤਾਂ ਇਸ ਤਰ੍ਹਾਂ ਜਿੱਤਣ ਹੀ ਨਾ ਦਿਤਾ ਤੇ ਪੱਟੀ ਦੇ ਜੇਤੂ ਸ. ਹਜ਼ਾਰਾ ਸਿੰਘ ਗਿੱਲ ਨੂੰ ਜੇਲ੍ਹ ਵਿਚੋਂ ਨਾ ਨਿਕਲਣ ਦਿੱਤਾ। ਕੈਂਰੋਂ ਅਜਿਹੀ ਜੁਰਅਤ ਦੇ ਮਾਲਕ ਸਨ। 6 ਫਰਵਰੀ 1965 ਨੂੰ ਦਿੱਲੀ ਨੇੜੇ ਚੰਡੀਗੜ੍ਹ ਆਉਂਦੇ ਸਮੇਂ ਆਪ ਜੀ ਦੀ ਗੱਡੀ ਉੱਤੇ ਗੋਲੀਆਂ ਨਾਲ ਹਮਲਾ ਹੋ ਗਿਆ ਤੇ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੀ ਮੌਤ ਨਾਲ ਸਮੁੱਚਾ ਦੇਸ਼ ਹੈਰਾਨ ਅਤੇ ਗਮਗੀਨ ਹੋ ਗਿਆ। ਸ. ਕੈਰੋਂ ਪੰਜਾਬ ਦੇ ਇਕ ਉੱਚ ਪੜ੍ਹੇ ਲਿਖੇ ਸੂਝਵਾਨ ਅਤੇ ਕਾਬਲ ਮੁੱਖ ਮੰਤਰੀ ਰਹੇ।
ਹਰਜਿੰਦਰ ਛਾਬੜਾ – ਪਤਰਕਾਰ 9592282333