ਪੰਜਾਬ ਦੇ ਕਿਸਾਨਾਂ ਨੇ ਪਰਾਲੀ ਮੁੱਦੇ ’ਤੇ ਪੰਜ ਥਾਈਂ ਰੇਲਾਂ ਰੋਕੀਆਂ

ਗੰਨੇ ਦੀ 600 ਕਰੋੜ ਰੁਪਏ ਦੀ ਬਕਾਇਆ ਰਕਮ, ਮੰਨੀਆਂ ਮੰਗਾਂ ਲਾਗੂ ਕਰਾਉਣ, ਪਰਾਲੀ ਦੀ ਸੰਭਾਲ ਲਈ ਛੇ ਹਜ਼ਾਰ ਰੁਪਏ ਪ੍ਰਤੀ ਏਕੜ ਮਦਦ ਤੇ ਕਿਸਾਨਾਂ ਖ਼ਿਲਾਫ਼ ਦਰਜ ਕੇਸ ਰੱਦ ਕਰਾਉਣ ਦੀ ਮੰਗ ਲਈ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਸੂਬੇ ਵਿਚ ਪੰਜ ਥਾਵਾਂ ’ਤੇ ਰੇਲਾਂ ਰੋਕੀਆਂ ਗਈਆਂ ਤੇ ਕੁਝ ਥਾਵਾਂ ’ਤੇ ਐੱਸਡੀਐੱਮ ਦਫ਼ਤਰਾਂ ਬਾਹਰ ਰੋਸ ਵਿਖਾਵੇ ਵੀ ਕੀਤੇ ਗਏ। ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਜਥੇਬੰਦੀ ਦੇ ਕਾਰਕੁਨਾਂ ਨੇ ਤਰਨ ਤਾਰਨ, ਬਟਾਲਾ, ਲੋਹੀਆਂ ਖਾਸ, ਫਿਰੋਜ਼ਪੁਰ ਦੇ ਬੂਟੇਵਾਲਾ ਅਤੇ ਗੁਰੂ ਹਰਿਸਹਾਏ ਵਿਖੇ ਚੌਕ ਟਹਿਲ ਸਿੰਘ ਵਾਲਾ ਵਿਚ ਰੇਲਾਂ ਰੋਕੀਆਂ ਗਈਆਂ। ਇਸ ਤੋਂ ਇਲਾਵਾ ਜਗਰਾਉਂ ਤੇ ਮੋਰਿੰਡਾ ਆਦਿ ਥਾਵਾਂ ’ਤੇ ਐੱਸਡੀਐੱਮ ਦਫ਼ਤਰਾਂ ਬਾਹਰ ਧਰਨੇ ਦਿੱਤੇ ਗਏ। ਧਰਨਿਆਂ ਦੌਰਾਨ ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਆਪਣੀਆਂ ਹੱਕੀ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ। ਕਿਸਾਨ ਆਗੂਆਂ ਨੇ ਆਖਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ, ਕਿਸਾਨ ਵਿਰੋਧੀ ਸਰਕਾਰਾਂ ਹਨ, ਜੋ ਕਿਸਾਨਾਂ ਦੇ ਹਿੱਤਾਂ ਨੂੰ ਪੂਰਾ ਕਰਨ ਤੋਂ ਭੱਜ ਰਹੀਆਂ ਹਨ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਖੰਡ ਮਿੱਲਾਂ ਵੱਲ ਬਣਦੇ ਬਕਾਏ ਦੇ ਭੁਗਤਾਨ ਕਰਾਉਣ ਤੋਂ ਭੱਜ ਰਹੀ ਹੈ। ਕੇਂਦਰ ਸਰਕਾਰ ਅਮਰੀਕੀ ਸਾਮਰਾਜ ਦੇ ਦਬਾਅ ਹੇਠ ਖੇਤੀ ਮੰਡੀ ਪ੍ਰਣਾਲੀ ਤੋੜ ਕੇ ਕਿਸਾਨਾਂ ਨੂੰ ਖੇਤੀ ਕਿੱਤੇ ਵਿਚੋਂ ਬਾਹਰ ਕਰਨ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਖੇਤੀ ਵਿਭਿੰਨਤਾ ਦੇ ਨਾਂ ’ਤੇ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਗੁਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸਰਕਾਰਾਂ ਝੋਨੇ ਦੇ ਬਦਲੇ ਮੱਕੀ, ਦਾਲਾਂ, ਤੇਲ ਬੀਜਾਂ ਆਦਿ ਦਾ ਮੰਡੀਕਰਨ ਯਕੀਨੀ ਬਣਾਵੇ ਤੇ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਫ਼ਸਲਾਂ ਦੇ ਭਾਅ ਦਿੱਤੇ ਜਾਣ ਤਾਂ ਹੀ ਪੰਜਾਬ ਦੀ ਕਿਸਾਨੀ ਦੀ ਸਮੱਸਿਆ ਹੱਲ ਹੋਵੇਗੀ। ਉਨ੍ਹਾਂ ਐਲਾਨ ਕੀਤਾ ਕਿ ਕਿਸਾਨ ਜੁਰਮਾਨੇ ਅਤੇ ਪਰਚਿਆਂ ਦੀ ਬਿਨਾ ਪ੍ਰਵਾਹ ਕੀਤੇ ਪਰਾਲੀ ਨੂੰ ਅੱਗ ਲਾਉਣਗੇ ਤੇ ਅਜਿਹਾ ਮਜਬੂਰੀ ਵੱਸ ਕਰਨਾ ਪਵੇਗਾ। ਇਸ ਦੌਰਾਨ ਕਿਸਾਨਾਂ ਨੇ ਮੰਗ ਕੀਤੀ ਕਿ ਝੋਨੇ ਦੀ ਖ਼ਰੀਦ ਵੇਲੇ ਨਮੀ ਦੀ ਮਾਤਰਾ 17 ਫ਼ੀਸਦ ਦੀ ਥਾਂ 25 ਫ਼ੀਸਦ ਕੀਤੀ ਜਾਵੇ, ਡੀਏਪੀ ਖਾਦ ਵਿਚ 140 ਰੁਪਏ ਦਾ ਕੀਤਾ ਵਾਧਾ ਰੱਦ ਕੀਤਾ ਜਾਵੇ, ਡੀਜ਼ਲ ’ਤੇ ਕਿਸਾਨਾਂ ਨੂੰ 50 ਫ਼ੀਸਦੀ ਸਬਸਿਡੀ ਦਿੱਤੀ ਜਾਵੇ, ਜ਼ਮੀਨਾਂ ਦੇ ਆਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦਿੱਤੇ ਜਾਣ, ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕੀਤਾ ਜਾਵੇ, ਬਿਜਲੀ ਦਰਾਂ ਵਿਚ ਵਾਧਾ ਰੱਦ ਕੀਤਾ ਜਾਵੇ, ਕਿਸਾਨਾਂ ਤੇ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ। ਇਸ ਮੌਕੇ ਕਿਸਾਨ ਆਗੂਆਂ ਵੱਲੋਂ ਵੱਖ ਵੱਖ ਥਾਵਾਂ ’ਤੇ ਲਾਏ ਧਰਨਿਆਂ ਨੂੰ ਸਵਿੰਦਰ ਸਿੰਘ ਚੁਤਾਲਾ, ਗੁਰਲਾਲ ਸਿੰਘ, ਜਸਬੀਰ ਸਿੰਘ, ਹਰਪ੍ਰੀਤ ਸਿੰਘ ਸਿੱਧਵਾਂ, ਗੁਰਬਚਨ ਸਿੰਘ ਚੱਬਾ ਤੇ ਹੋਰਾਂ ਨੇ ਸੰਬੋਧਨ ਕੀਤਾ। ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਮੰਗਾਂ ਦਾ ਹੱਲ ਨਾ ਹੁੰਦਾ ਦੇਖ ਬਟਾਲਾ ਰੇਲ ਮਾਰਗ ਦਾ ਧਰਨਾ ਜਾਰੀ ਰੱਖਿਆ ਗਿਆ ਹੈ, ਜਦੋਂਕਿ ਬਾਕੀ ਥਾਵਾਂ ’ਤੇ ਰੇਲ ਮਾਰਗਾਂ ਉਤੇ ਦਿੱਤੇ ਧਰਨੇ 4 ਵਜੇ ਖਤਮ ਕਰ ਦਿੱਤੇ ਗਏ ਹਨ। ਅੱਜ ਸਵੇਰ ਤੋਂ ਹੀ ਸ਼ਹਿਰ ਵਿਚ ਰੇਲਵੇ ਸਟੇਸ਼ਨ, ਰੇਲ ਫਾਟਕਾਂ ਤੇ ਰੇਲ ਪਟੜੀਆਂ ਦੇ ਨੇੜੇ ਵੱਡੀ ਗਿਣਤੀ ਵਿਚ ਪੁਲੀਸ ਤਾਇਨਾਤ ਕੀਤੀ ਗਈ ਸੀ ਤਾਂ ਜੋ ਕਿਸਾਨਾਂ ਨੂੰ ਰੇਲ ਮਾਰਗ ’ਤੇ ਧਰਨਾ ਦੇਣ ਤੋਂ ਰੋਕਿਆ ਜਾ ਸਕੇ।

Previous articleਸਾਂਝੇ ਅਧਿਆਪਕ ਮੋਰਚੇ ਨੇ ਕੈਬਨਿਟ ਮੰਤਰੀਆਂ ਦੇ ਪੁਤਲੇ ਫੂਕੇ
Next articleਬਸਪਾ ਆਗੂ ਦੇ ਪੁੱਤਰ ਨੇ ਅਦਾਲਤ ’ਚ ਆਤਮ ਸਮਰਪਣ ਕੀਤਾ