ਪੰਜਾਬ ਦੇ ਕਿਸਾਨਾਂ ਦੇ ਕਾਫਲੇ ਦਿੱਲੀ ਮੋਰਚਿਆਂ ’ਚ ਪਹੁੰਚੇ

ਨਵੀਂ ਦਿੱਲੀ (ਸਮਾਜ ਵੀਕਲੀ) : ਕਣਕ ਦੀ ਵਾਢੀ ਦਾ ਕੰਮ ਨਿਬੜਨ ਤੋਂ ਬਾਅਦ ਕਿਸਾਨ ਦਿੱਲੀ ਵਿਚ ਲੱਗੇ ਮੋਰਚਿਆਂ ’ਤੇ ਪਰਤਣ ਲੱਗੇ ਹਨ। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਕਿਸਾਨਾਂ ਦੇ ਵੱਡੇ ਕਾਫਲੇ ਦਿੱਲੀ ਦੇ ਸਿੰਘੂ ਤੇ ਟਿਕਰੀ ਬਾਰਡਰਾਂ ’ਤੇ ਪਹੁੰਚ ਗਏ ਹਨ ਤੇ ਕਈ ਕਾਫਲੇ ਅਜੇ ਪਹੁੰਚ ਰਹੇ ਹਨ। ਪੱਛਮੀ ਬੰਗਾਲ ਦੀ ਮੁਟਿਆਰ ਨਾਲ ਕਥਿਤ ਬਦਸਲੂਕੀ ਹੋਣ ਤੇ ਉਸ ਦੀ ਬੇਵਕਤੀ ਮੌਤ ’ਤੇ ਅੱਜ ਵੀ ਸਿੰਘੂ ਬਾਰਡਰ ਦੀ ਮੁੱਖ ਸਟੇਜ ਤੋਂ ਕਿਸਾਨਾਂ ਵੱਲੋਂ ਦੋ ਮਿੰਟ ਮੌਨ ਧਾਰ ਕੇ ਮ੍ਰਿਤਕਾ ਨੂੰ ਮੋਰਚੇ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ।

ਇਸ ਘਟਨਾ ’ਤੇ ਕਿਸਾਨਾਂ ਵੱਲੋਂ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ। ਕਿਸਾਨਾਂ ਨੇ ਖੜ੍ਹੇ ਹੋ ਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਕਿਹਾ, ‘ਪੰਜਾਬ ਦੇ ਦੋਆਬਾ, ਮਾਝਾ ਤੇ ਮਾਲਵਾ ਖੇਤਰਾਂ ਦੇ ਕਿਸਾਨ ਇਸ ਅੰਦੋਲਨ ਦੀ ਸਫ਼ਲਤਾ ਲਈ ਵਚਨਬੱਧ ਹਨ। ਭਾਜਪਾ ਸਰਕਾਰ ਇਹ ਝੂਠ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨੀ ਅੰਦੋਲਨ ਕਮਜ਼ੋਰ ਹੋ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਕਿਸਾਨ ਲਗਾਤਾਰ ਪੂਰੇ ਜੋਸ਼ ਨਾਲ ਮੋਰਚਿਆਂ ’ਤੇ ਪਰਤ ਰਹੇ ਹਨ।

ਇਹ ਮੋਦੀ ਸਰਕਾਰ ਦਾ ਨਿੰਦਣਯੋਗ ਰਵੱਈਆ ਹੈ ਜੋ ਵਾਰ-ਵਾਰ ਕਿਸਾਨਾਂ ਦੇ ਸਬਰ ਦੀ ਪਰਖ ਕਰ ਰਿਹਾ ਹੈ ਪਰ ਅੰਦੋਲਨ ਮਜ਼ਬੂਤ ਸਥਿਤੀ ਵਿਚ ਰਹੇਗਾ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਜਿਸ ਤਰੀਕੇ ਨਾਲ ਤਿੰਨੋਂ ਖੇਤੀ ਕਾਨੂੰਨ ਦੇਸ਼ ਵਿੱਚ ਖੇਤੀਬਾੜੀ ਸੈਕਟਰ ਦੇ ਨਿੱਜੀਕਰਨ ਨੂੰ ਉਤਸ਼ਾਹਿਤ ਕਰਨਗੇ, ਉਸ ਨਾਲ ਕਿਸਾਨ ਬਰਬਾਦ ਹੋ ਜਾਣਗੇ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਹੱਦਾਂ ’ਤੇ ਬੈਠ ਕੇ ਤੇ ਦੇਸ਼ ਦੇ ਕਈ ਹਿੱਸਿਆਂ ਦਾ ਦੌਰਾ ਕਰ ਕੇ ਦੇਸ਼ ਵਾਸੀਆਂ ਨੂੰ ਆਪਣਾ ਦਰਦ ਦੱਸ ਰਹੇ ਹਨ ਅਤੇ ਇਹ ਸਿਰਫ਼ ਸਰਕਾਰ ਤੇ ਉਨ੍ਹਾਂ ਦੀ ਮੀਡੀਆ ਪ੍ਰਣਾਲੀ ਹੈ ਜੋ ਕਿਸਾਨੀ ਅੰਦੋਲਨ ਨੂੰ ਦਬਾਵ ਹੇਠ ਖ਼ਤਮ ਕਰਨਾ ਚਾਹੁੰਦੀ ਹੈ।

ਕਿਸਾਨਾਂ ਨੇ ਸਪੱਸ਼ਟ ਕੀਤਾ ਕਿ ਕਿਸਾਨ ਆਪਣੀਆਂ ਮੰਗਾਂ ਮਨਾ ਕੇ ਹੀ ਅੰਦੋਲਨ ਨੂੰ ਖ਼ਤਮ ਕਰਨਗੇ। ਆਗੂਆਂ ਨੇ ਕਿਹਾ ਕਿ ਸਰਕਾਰ ਕਰੋਨਾ ਦੀ ਆੜ ਵਿੱਚ ਉਨ੍ਹਾਂ ਦੇ ਦਰਦ ਨੂੰ ਛੁਪਾ ਨਹੀਂ ਸਕਦੀ। ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਇਸ ਸਥਿਤੀ ਦਾ ਇੱਕੋ-ਇੱਕ ਹੱਲ ਇਹ ਹੈ ਕਿ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਅਤੇ ਐੱਮਐੱਸਪੀ ਸਬੰਧੀ ਕਾਨੂੰਨ ਲਾਗੂ ਕੀਤਾ ਜਾਵੇ। ਹਰਿਆਣਾ ਦੇ ਕਿਸਾਨਾਂ ਨੇ ਪੰਜਾਬ ਤੋਂ ਆੲੇ ਕਿਸਾਨਾਂ ਦੇ ਕਾਫ਼ਲੇ ਦਾ ਸ਼ੰਭੂ ਬਾਰਡਰ ’ਤੇ ਸਵਾਗਤ ਕੀਤਾ ਤੇ ਲੰਗਰ ਦੀ ਸੇਵਾ ਕੀਤੀ।

Previous articlePak records 15% increase in exports to Afghanistan
Next articleਏਐਮਯੂ ਵਿੱਚ 34 ਅਧਿਆਪਕਾਂ ਦੀ ਕਰੋਨਾ ਨੇ ਲਈ ਜਾਨ