ਚੰਡੀਗੜ੍ਹ : ਵਿਜੀਲੈਂਸ ਬਿਊਰੋ ‘ਚ ਤਾਇਨਾਤ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਫ਼ਸਰ ਤੇ ਇਕ ਔਰਤ ਨਾਲ ਬਲਾਤਕਾਰ ਕਰਨ , ਝੂਠੇ ਕੇਸ ‘ਚ ਫਸਾਉਣ ਅਤੇ ਧਮਕਾਉਣ ਲਈ ਆਪਣੀ ਸਰਕਾਰੀ ਹਸਤੀ ਦੀ ਦੁਰਵਰਤੋਂ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ।
ਸਟੇਟ ਸਪੈਸ਼ਲ ਅਪਰੇਸ਼ਨ ਸੈੱਲ (ਐਸ ਐਸ ਓ ਸੀ) ਦੇ ਪੁਲਿਸ ਥਾਣੇ ਵਿਚ ਪੰਜਾਬ ਵਿਜੀਲੈਂਸ ਦੇ ਏ ਆਈ ਜੀ ਆਸ਼ੀਸ਼ ਕਪੂਰ ‘ਤੇ ਬਲਾਤਕਾਰ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਹੈ। ਪਹਿਲਾਂ ਹੀ 1 ਮਈ ਨੂੰ ਦਰਜ ਹੋਈ ਐਫ ਆਈ ਆਰ ਵਿਚ ਬਲਾਤਕਾਰ ਦੀ ਧਾਰਾ ਜੋੜੀ ਗਈ ਹੈ। ਕਪੂਰ ਖ਼ਿਲਾਫ਼ ਇਹ ਕੇਸ ਆਈ ਜੀ ਪੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਜਾਂਚ ਰਿਪੋਰਟ ਸੌਂਪਣ ਮਗਰੋਂ ਦਰਜ ਕੀਤਾ ਗਿਆ ਹੈ।
ਬਲਾਤਕਾਰ ਦੇ ਦੋਸ਼ ਦਾ ਸ਼ਿਕਾਰ ਔਰਤ ਨੇ ਦੋਸ਼ ਲਾਇਆ ਕਿ ਸਾਲ 2016 ਵਿਚ ਜਦੋਂ ਉਹ ਇਕ ਕੇਸ ਦੇ ਸਬੰਧ ਵਿਚ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਸੀ ਤਾਂ ਉਹ ਆਸ਼ੀਸ਼ ਕਪੂਰ ਦੇ ਸੰਪਰਕ ਵਿਚ ਆਈ ਸੀ। ਕਪੂਰ ਉਦੋਂ ਅੰਮ੍ਰਿਤਸਰ ਜੇਲ੍ਹ ਦਾ ਸੁਪਰਡੈਂਟ ਸੀ। ਉਸਨੇ ਦੋਸ਼ ਲਾਇਆ ਕਿ ਕਪੂਰ ਨੇ ਕਈ ਵਾਰ ਉਸ ਨਾਲ ਬਲਾਤਕਾਰ ਕੀਤਾ। ਉਸਨੇ ਇਹ ਵੀ ਦੋਸ਼ ਲਾਇਆ ਕਿ ਜਦੋਂ ਉਹਨਾਂ ਵਿਚਾਲੇ ਮਤਭੇਦ ਪੈਦਾ ਹੋ ਗਏ ਤਾਂ ਕਪੂਰ ਨੇ ਉੁਸਨੂੰ ਤੇ ਉਸਦੀ ਮਾਂ ਨੂੰ ਇਕ ਝੂਠੇ ਕੇਸ ਵਿਚ ਫਸਾ ਦਿੱਤਾ ਤੇ ਇਸ ਮਗਰੋਂ ਉਹ ਪਟਿਆਲਾ ਜੇਲ੍ਹ ਵਿਚ ਰੱਖੀ ਗਈ। ਹਰਿਆਣਾ ਦੀ ਇਸ ਔਰਤ ਨੇ ਇਸ ਸਾਲ ਜੁਲਾਈ ਮਹੀਨੇ ਵਿਚ ਜੁਡੀਸ਼ੀਅਲ ਮੈਜਿਸਟਰੇਟ ਮੁਹਾਲੀ ਅੱਗੇ ਧਾਰਾ 164 ਸੀ ਪੀ ਸੀ ਤਹਿਤ ਦਰਜ ਕਰਵਾਏ ਆਪਣੇ ਬਿਆਨਾਂ ਵਿਚ ਦੋਸ਼ ਲਾਇਆ ਕਿ ਜਦੋਂ ਉਹ ਅੰਮ੍ਰਿਤਸਰ ਜੇਲ੍ਹ ਵਿਚ ਬੰਦ ਸੀ ਤਾਂ ਕਪੂਰ ਤੇ ਹੋਰ ਪੁਲਿਸ ਅਧਿਕਾਰੀਆਂ ਵੱਲੋਂ ਉਸ ਨਾਲ ਬਲਾਤਕਾਰ ਕੀਤਾ ਗਿਆ, ਛੇੜਛਾੜ ਕੀਤੀ ਤੇ ਧੋਖਾ ਕੀਤਾ ਗਿਆ।
ਆਈ ਜੀ ਪੀ ਕੁੰਵਰ ਵਿਜੇ ਪ੍ਰਤਾਪ ਸਿੰਘ ਜਦੋਂ ਪਟਿਆਲਾ ਜੇਲ੍ਹ ਦੇ ਤਤਕਾਲੀ ਸੁਪਰਡੈਂਟ ਰਾਜਨ ਕਪੂਰ, ਜਿਸ ਖ਼ਿਲਾਫ਼ ਜਬਰੀ ਫਿਰੌਤੀ ਲੈਣ ਦੇ ਦੋਸ਼ ਲੱਗੇ ਸਨ ਤੇ ਜਿਸਨੂੰ ਬਾਅਦ ਵਿਚ ਮੰਤਰੀ ਵੱਲੋਂ ਬਰਖ਼ਾਸਤ ਕਰ ਦਿੱਤਾ ਗਿਆ, ਦੇ ਕੇਸ ਦੀ ਜਾਂਚ ਦੇ ਸਬੰਧ ਵਿਚ ਗਏ ਸਨ ਤਾਂ ਉਦੋਂ ਇਸ ਔਰਤ ਨੇ ਆਸ਼ੀਸ਼ ਕਪੂਰ ਖ਼ਿਲਾਫ਼ ਕੁੰਵਰ ਵਿਜੇ ਪ੍ਰਤਾਪ ਸਿੰਘ ਕੋਲ ਸ਼ਿਕਾਇਤ ਕੀਤੀ ਸੀ।
ਆਸ਼ੀਸ਼ ਕਪੂਰ ਦੇ ਖ਼ਿਲਾਫ਼ ਧਾਰਾ 376 ਉਪ ਧਾਰਾ ਏ, ਬੀ ਅਤੇ ਡੀ (ਇਕ ਜਨਤਕ ਅਧਿਕਾਰੀ ਜੋ ਆਪਣੇ ਅਹੁਦੇ ਦੀ ਦੁਰਵਰਤੋਂ ਕਰੇ ਅਤੇ ਆਪਣੀ ਹਿਰਾਸਤ ਹੇਠ ਮਹਿਲਾ ਨਾਲ ਬਲਾਤਕਾਰ ਕਰੇ), 376 (ਸੀ) ਜੇਲ੍ਹ , ਰਿਮਾਂਡ ਹੋਮ ਜਾਂ ਹਿਰਾਸਤ ਵਾਲੀ ਹੋਰ ਥਾਂ ਦਾ ਸੁਪਰਡੈਂਟ ਜਾਂ ਮੈਨੇਜਰ ਆਪਣੀ ਹਿਰਾਸਤ ਅਧੀਨ ਔਰਤ ਨਾਲ ਜਬਰੀ ਸਬੰਧ ਬਣਾਵੇ, 354 (ਔਰਤ ਦੀ ਇੱਜ਼ਤ ਨਾਲ ਖਿਲਵਾੜ ਲਈ ਉਸ ‘ਤੇ ਹਮਲਾ ਕਰਨਾ), 419 (ਰੂਪ ਬਦਲ ਕੇ ਧੋਖਾ ਕਰਨਾ), 506 (ਧਮਕਾਉਣਾ) ਆਈ ਪੀ ਸੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਤੇ 13 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਸ ਦੌਰਾਨ ਆਸ਼ੀਸ਼ ਕਪੂਰ ਨੇ ਪ੍ਰਧਾਨ ਮੰਤਰੀ, ਪੰਜਾਬ ਦੇ ਮੁੱਖ ਮੰਤਰੀ, ਮੁੱਖ ਸਕੱਤਰ ਅਤੇ ਡੀ ਜੀ ਪੀ ਤੇ ਹੋਰ ਸੀਨੀਅਰ ਅਫ਼ਸਰਾਂ ਨੂੰ ਪੱਤਰ ਲਿਖ ਕੇ ਆਖਿਆ ਹੈ ਕਿ ਉਸ ਖ਼ਿਲਾਫ਼ ਇਕ ਅਪਰਾਧੀ ਦੀਆਂ ਗੱਲਾਂ ‘ਤੇ ਇਤਬਾਰ ਕਿਉਂ ਕੀਤਾ ਜਾ ਰਿਹਾ ਹੈ ? ਉਸਨੇ ਕਿਹਾ ਕਿ ਮਹਿਲਾ ਦਾ ਪਿਛੋਕੜ ਅਪਰਾਧੀ ਹੈ ਤੇ ਉਸ ਖ਼ਿਲਾਫ਼ ਕਈ ਕੇਸ ਦਰਜ ਹਨ ਤੇ ਕਈਆਂ ਵਿਚ ਉਹਨੂੰ ਦੋਸ਼ੀ ਵੀ ਠਹਿਰਾਇਆ ਜਾ ਚੁੱਕਾ ਹੈ।
ਉਸਨੇ ਇਹ ਵੀ ਮੰਗ ਕੀਤੀ ਹੈ ਕਿ ਉਸ ਖ਼ਿਲਾਫ਼ ਜਾਂਚ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਵਾਪਸ ਲਈ ਜਾਵੇ ਕਿਉਂਕਿ ਕੁੰਵਰ ਨੇ ਪਹਿਲਾਂ ਹੀ ਉਸਨੂੰ ਫਸਾਉਣ ਦਾ ਮਨ ਬਣਾ ਲਿਆ ਹੈ। ਆਈ ਜੀ ਪੁਲਿਸ ਕੰਵਰ ਵਿਜੇ ਪ੍ਰਤਾਪ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਤਫ਼ਤੀਸ਼ ਜਾਰੀ ਹੈ ਅਤੇ ਇਸ ਤੋਂ ਬਾਦ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ .