ਕਾਂਗਰਸ ਦੀ ਮਜ਼ਬੂਤੀ ਲਈ ਨਿੱਜੀ ਹਿੱਤ ਛੱਡਣ ਆਗੂ: ਸੋਨੀਆ

CWC Meeting at AICC Rahul and Sonia Gandhi Present.

ਨਵੀਂ ਦਿੱਲੀ, (ਸਮਾਜ ਵੀਕਲੀ):  ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਸਪੱਸ਼ਟ ਸੁਨੇਹਾ ਦਿੰਦਿਆਂ ਕਿਹਾ ਕਿ ਪਾਰਟੀ ਨੂੰ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨਾਲ ਹੀ ਪਾਰਟੀ ਦੀ ਮਜ਼ਬੂਤੀ ਲਈ ਅਨੁਸ਼ਾਸਨ ਅਤੇ ਨਿੱਜੀ ਤੇ ਸਾਂਝੀਆਂ ਕੋਸ਼ਿਸ਼ਾਂ ਦੀ ਲੋੜ ’ਤੇ ਵੀ ਜ਼ੋਰ ਦਿੱਤਾ।

ਅਗਲੇ ਸਾਲ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਉਲੀਕਣ ਵਾਸਤੇ ਸੱਦੀ ਪਾਰਟੀ ਆਗੂਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ ਕਿ ਪਾਰਟੀ ਦੇ ਸੂਬਾਈ ਆਗੂਆਂ ਵਿਚਾਲੇ ਵੀ ਪਾਰਟੀ ਦੀਆਂ ਨੀਤੀਆਂ ਨੂੰ ਲੈ ਕੇ ਸਪੱਸ਼ਟਤਾ ਤੇ ਤਾਲਮੇਲ ਦੀ ਘਾਟ ਹੈ। ਉਨ੍ਹਾਂ ਇਸ ਗੱਲ ’ਤੇ ਵੀ ਚਿੰਤਾ ਜ਼ਾਹਿਰ ਕੀਤੀ ਕਿ ਪਾਰਟੀ ਦਾ ਸੁਨੇਹਾ ਹੇਠਲੇ ਕਾਡਰ ਤੱਕ ਨਹੀਂ ਪਹੁੰਚ ਰਿਹਾ। ਮੀਟਿੰਗ ’ਚ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਨਾਲ ਕਾਂਗਰਸ ਦੇ ਜਨਰਲ ਸਕੱਤਰ ਤੇ ਸੂਬਿਆਂ ਦੇ ਪ੍ਰਧਾਨ ਵੀ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਪਾਰਟੀ ਭਾਜਪਾ ਦੇ ਝੂਠੇ ਪ੍ਰਚਾਰ ਦਾ ਮੁਕਾਬਲਾ ਕਰਨ  ਲਈ ਆਪਣੇ ਵਰਕਰਾਂ ਨੂੰ ਸਿਖਲਾਈ ਦੇਣ ਵੱਲ ਧਿਆਨ ਦੇ ਰਹੀ ਹੈ ਅਤੇ ਇਸ ’ਤੇ ਜਲਦੀ ਹੀ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।

ਉਨ੍ਹਾਂ ਕਿਹਾ, ‘ਜਮਹੂਰੀਅਤ, ਸੰਵਿਧਾਨ ਅਤੇ ਕਾਂਗਰਸ ਦੀ ਵਿਚਾਰਧਾਰਾ ਦੀ ਰਾਖੀ ਲਈ ਪੂਰੀ ਤਿਆਰੀ ਕੀਤੀ ਜਾਵੇਗੀ ਤੇ ਝੂਠੇ ਪ੍ਰਚਾਰ ਨਾਲ ਨਜਿੱਠਿਆ ਜਾਵੇਗਾ। ਸਾਨੂੰ ਭਾਜਪਾ/ਆਰਐੱਸਐੱਸ ਦੀ ਵਿਚਾਰਧਾਰਾ ਦੀ ਵੰਡਪਾਊ ਮੁਹਿੰਮ ਨਾਲ ਲੜਨਾ ਚਾਹੀਦਾ ਹੈ। ਜੇਕਰ ਅਸੀਂ ਇਹ ਜੰਗ ਜਿੱਤਣਾ ਚਾਹੁੰਦੇ ਹਾਂ ਤਾਂ ਸਾਨੂੰ ਇਹ ਪ੍ਰਤੀਬੱਧ ਹੋ ਕੇ ਕਰਨਾ ਪਵੇਗਾ ਤੇ ਲੋਕਾਂ ਸਾਹਮਣੇ ਉਨ੍ਹਾਂ ਦਾ ਝੂਠ ਬੇਪਰਦ ਕਰਨਾ ਪਵੇਗਾ।’ ਇੱਥੇ ਦੱਸਣਾ ਬਣਦਾ ਹੈ ਕਿ ਉੱਤਰ ਪ੍ਰਦੇਸ਼, ਪੰਜਾਬ, ਗੋਆ, ਉੱਤਰਾਖੰਡ ਤੇ ਮਨੀਪੁਰ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 1 ਨਵੰਬਰ ਨੂੰ ਪਾਰਟੀ ਆਪਣੀ ਨਵੀਂ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰੇਗੀ। ਉਨ੍ਹਾਂ ਕਿਹਾ, ‘ਮੈਂ ਪਾਰਟੀ ਅੰਦਰ ਅਨੁਸ਼ਾਸਨ ਤੇ ਏਕੇ ਦੀ ਲੋੜ ਬਾਰੇ ਮੁੜ ਚੇਤੇ ਕਰਵਾਉਣਾ ਚਾਹੁੰਦੀ ਹਾਂ। ਹਰ ਕਿਸੇ ਲਈ ਪਾਰਟੀ ਦਾ ਜਥਬੰਦਕ ਢਾਂਚਾ ਮਜ਼ਬੂਤ ਕਰਨਾ ਜ਼ਰੂਰੀ ਹੈ। ਇਹ ਨਿੱਜੀ ਹਿੱਤਾਂ ਤੋਂ ਉੱਪਰ ਹੋਣਾ ਚਾਹੀਦਾ ਹੈ। ਇਸ ਲਈ ਨਿੱਜੀ ਤੇ ਸਾਂਝੀਆਂ ਕੋਸ਼ਿਸ਼ਾਂ ਦੀ ਲੋੜ ਹੈ।’ ਪਾਰਟੀ ਵਰਕਰਾਂ ਦੇ ਸਿਖਲਾਈ ਪ੍ਰੋਗਰਾਮ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਨਵੇਂ ਮੈਂਬਰ ਕਿਸੇ ਵੀ ਸਿਆਸੀ ਮੁਹਿੰਮ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨ ਲੜਕੇ ਤੇ ਲੜਕੀਆਂ ਆਪਣੀ ਆਵਾਜ਼ ਉਠਾਉਣਾ ਚਾਹੁੰਦੇ ਹਨ ਤੇ ਕਾਂਗਰਸ ਦਾ ਇਹ ਫਰਜ਼ ਬਣਦਾ ਹੈ ਕਿ ਉਹ ਨੌਜਵਾਨਾਂ ਨੂੰ ਇਹ ਮੰਚ ਪ੍ਰਦਾਨ ਕਰੇ। ਉਨ੍ਹਾਂ ਪਾਰਟੀ ਦੇ ਆਗੂਆਂ ਨੂੰ ਘਰ-ਘਰ ਜਾ ਕੇ ਲੋਕਾਂ ਨੂੰ ਕਾਂਗਰਸ ਨਾਲ ਜੁੜਨ ਲਈ ਪ੍ਰੇਰਿਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਰੋਜ਼ਾਨਾ ਵੱਖ ਵੱਖ ਮੁੱਦਿਆਂ ’ਤੇ ਅਹਿਮ ਬਿਆਨ ਜਾਰੀ ਕਰਦੀ ਹੈ ਪਰ ਦੇਖਣ ’ਚ ਆਇਆ ਹੈ ਕਿ ਇਹ ਬਲਾਕ ਤੇ ਜ਼ਿਲ੍ਹਾ ਪੱਧਰ ਦੇ ਪਾਰਟੀ ਕਾਰਕੁਨਾਂ ਤੱਕ ਨਹੀਂ ਪਹੁੰਚਦੇ। ਉਨ੍ਹਾਂ ਕਿਹਾ ਕਿ ਨੀਤੀਗਤ ਮੁੱਦਿਆਂ ’ਤੇ ਸਪੱਸ਼ਟਤਾ ਤੇ ਤਾਲਮੇਲ ਦੀ ਘਾਟ ਦਿਖਾਈ ਦਿੰਦੀ ਹੈ ਅਤੇ ਇਸ ਸੂਬਾਈ ਨੇਤਾਵਾਂ ਵਿਚਾਲੇ ਵੀ ਹੈ।

ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਨ੍ਹਾਂ ਕਿਹਾ, ‘ਮੋਦੀ ਸਰਕਾਰ ਨੇ ਸਾਡੀਆਂ ਸੰਸਥਾਵਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਉਹ ਜਵਾਬਦੇਹੀ ਤੋਂ ਬਚ ਸਕੇ। ਉਸ ਨੇ ਸੰਵਿਧਾਨ ਦੀਆਂ ਬੁਨਿਆਦੀ ਕਦਰਾਂ ਕੀਮਤਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਉਹ ਖੁਦ ਲਈ ਹੇਠਲੇ ਪੱਧਰ ਦੇ ਪੈਮਾਨੇ ਰੱਖ ਸਕੇ। ਉਸ ਨੇ ਸਾਡੀ ਜਮਹੂਰੀਅਤ ਦੀਆਂ ਬੁਨਿਆਦੀ ਗੱਲਾਂ ਨੂੰ ਸਵਾਲਾਂ ਦੇ ਘੇਰੇ ’ਚ ਖੜ੍ਹਾ ਕੀਤਾ ਹੈ।’

ਕਾਂਗਰਸ ਪ੍ਰਧਾਨ ਨੇ ਕਿਹਾ, ‘ਸਾਨੂੰ ਸਰਕਾਰ ਦੇ ਜ਼ੁਲਮ ਦੇ ਸ਼ਿਕਾਰ ਪੀੜਤਾਂ ਲਈ ਆਪਣੀ ਲੜਾਈ ਦੁੱਗਣੀ ਤਾਕਤ ਨਾਲ ਲੜਨੀ ਚਾਹੀਦੀ ਹੈ ਫਿਰ ਭਾਵੇਂ ਉਹ ਸਾਡੇ ਕਿਸਾਨ ਤੇ ਖੇਤ ਮਜ਼ਦੂਰ ਹੋਣ, ਬੇਰੁਜ਼ਗਾਰ ਨੌਜਵਾਨ ਹੋਣ, ਛੋਟੇ ਤੇ ਦਰਮਿਆਨੇ ਕਾਰੋਬਾਰੀ ਹੋਣ ਜਾਂ ਫਿਰ ਵਾਂਝੇ ਰਹਿ ਗਏ ਭਰਾ-ਭੈਣ ਹੋਣ।’ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਬਾਰੇ ਉਨ੍ਹਾਂ ਕਿਹਾ, ‘ਆਉਣ ਵਾਲੇ ਮਹੀਨਿਆਂ ’ਚ ਪੰਜ ਰਾਜਾਂ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਨ੍ਹਾਂ ਰਾਜਾਂ ’ਚ ਕਾਂਗਰਸ ਪਾਰਟੀ ਦੇ ਕਾਰਕੁਨ ਤੇ ਨੇਤਾ ਕਮਰ ਕੱਸ ਰਹੇ ਹਨ। ਸਾਡੀ ਚੋਣ ਮੁਹਿੰਮ ਸਾਰੇ ਤਬਕਿਆਂ ਨਾਲ ਚਰਚਾ ਤੋਂ ਬਾਅਦ ਸਾਹਮਣੇ ਆਈਆਂ ਠੋਸ ਨੀਤੀਆਂ ਤੇ ਪ੍ਰੋਗਰਾਮਾਂ ਦੇ ਆਧਾਰ ’ਤੇ ਹੋਣੀ ਚਾਹੀਦੀ ਹੈ।’

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ: ਆਮਦਨ ਕਰ ਛਾਪਿਆਂ ਵਿਚ ਕਰੋੜਾਂ ਦਾ ਨਾਜਾਇਜ਼ ਲੈਣ-ਦੇਣ ਬੇਪਰਦ
Next articleਭਾਰਤ-ਪਾਕਿ ਮੈਚ: ਨਾਅਰੇਬਾਜ਼ੀ ਦੇ ਦੋਸ਼ ਹੇਠ ਛੇ ਗ੍ਰਿਫ਼ਤਾਰ