ਭੋਗਪੁਰ : ਦਾਣਾ ਮੰਡੀ ਭੋਗਪੁਰ ਤੇ ਨਾਲ ਲੱਗਦੇ ਫੋਕਲ ਪੁਆਇੰਟਾਂ ‘ਚ ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ ਵੱਲੋ ਝੋਨੇ ਦੀ ਲਿਫਟਿੰਗ ਪਿਛਲੇ ਦੋ ਦਿਨਾਂ ਤੋਂ ਨਿਰਵਿਘਨ ਜਾਰੀ ਹੈ।
ਵਰਨਣਯੋਗ ਹੈ ਕਿ ਭੋਗਪੁਰ ‘ਚ ਪੈਂਦੇ 5 ਸ਼ੈਲਰਾਂ ‘ਚੋਂ 3 ਸ਼ੈਲਰ ਪਨਗ੍ਰੇਨ, 1-1 ਸ਼ੈਲਰ ਮਾਰਕਫੈਡ ਤੇ ਪਨਸਪ ਨੂੰ ਅਲਾਟ ਕੀਤੇ ਗਏ ਹਨ, ਜਿਹਨਾਂ ‘ਚ ਝੋਨੇ ਦੀ ਢੋਆ-ਢੁਆਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਪਨਗ੍ਰੇਨ ਦੇ ਇੰਸਪੈਕਟਰ ਰਜਨੀਸ਼ ਰਾਮਪਾਲ ਕਿਹਾ ਕਿ ਪਨਗ੍ਰੇਨ ਵੱਲੋਂ ਪਿਛਲੇ 2 ਦਿਨਾਂ ਤੋ ਰੋਜ਼ਾਨਾ 25 ਟਰੱਕ ਢੋਆ-ਢੁਆਈ ਦੇ ਕੰਮ ‘ਚ ਲਗਾਏ ਗਏ ਹਨ ਤੇ ਹੁਣ ਤਕ 12 ਹਜ਼ਾਰ ਕੁਇੰਟਲ ਝੋਨੇ ਦੀ ਲਿਫਟਿੰਗ ਕਰ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਆਉਂਦੇ ਦਿਨਾਂ ‘ਚ ਲਿਫਟਿੰਗ ਦੀ ਰਫਤਾਰ ਭੋਗਪੁਰ ਮੰਡੀ ਤੇ ਨਾਲ ਲੱਗਦੇ ਫੋਕਲ ਪੁਆਇੰਟ ਲਾਹਧੜਾ, ਕੁਰਾਲਾ ਅਤੇ ਕੰਧਾਲਾ ‘ਚ ਵਧ ਜਾਵੇਗੀ ਤੇ ਜਲਦ ਹੀ ਝੋਨੇ ਦੀ ਕੀਤੀ ਖਰੀਦ ਦੀ ਅਦਾਇਗੀ ਆੜ੍ਹਤੀਆਂ ਦੇ ਖਾਤਿਆਂ ‘ਚ ਪਾ ਦਿੱਤੀ ਜਾਵੇਗੀ । ਰਜਨੀਸ਼ ਰਾਮਪਾਲ ਨੇ ਦਸਿਆ ਕਿ ਵੱਖ-ਵੱਖ ਏਜੰਸੀਆਂ ਰਾਹੀਂ ਹੁਣ ਤਕ ਕੁੱਲ 67 ਹਜਾਰ ਕੁਇੰਟਲ ਦੇ ਕਰੀਬ ਝੋਨੇ ਦੀ ਖਰੀਦ ਕੀਤੀ ਗਈ।
ਰਜਨੀਸ਼ ਰਾਮਪਾਲ ਨੇ ਦਸਿਆ ਕਿ ਬੀਤੇ ਵਰ੍ਹੇ 10 ਲੱਖ ਬੋਰੀ ਝੋਨੇ ਦੀ ਸਰਕਾਰ ਵੱਲੋਂ ਵੱਖ-ਵੱਖ ਏਜੰਸੀਆਂ ਰਾਹੀਂ ਖਰੀਦੀ ਗਈ ਸੀ, ਜਿਸ ਤਹਿਤ ਇਸ ਸਾਲ ਲਈ ਸਰਕਾਰ ਵੱਲੋਂ 10 ਲੱਖ ਬੋਰੀ ਲਈ ਬਾਰਦਾਨਾ ਭੇਜ ਦਿੱਤਾ ਗਿਆ ਹੈ ਤਾਂ ਜੋ ਚਾਲੂ ਸੀਜ਼ਨ ਵਿਚ ਝੋਨੇ ਦੀ ਭਰਾਈ ਲਈ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਮਾਰਕੀਟ ਕਮੇਟੀ ਭੋਗਪੁਰ ਦੇ ਸਹਿਯੋਗ ਨਾਲ ਮੰਡੀ ਵਿਚ ਕਿਸਾਨਾਂ ਦੇ ਪੀਣ ਯੋਗ ਪਾਣੀ ਤੇ ਹੋਰ ਸਹੂਲਤਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਮੰਡੀ ਵਿਚ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਦਾ ਨਾ ਸਾਹਮਣਾ ਕਰਨਾ ਪਵੇ।