ਲੋਕਾਂ ’ਤੇ ਮਹਿੰਗਾਈ ਦਾ ਬੋਝ ਹੋਰ ਵਧਣ ਦੇ ਆਸਾਰ

ਆਬਕਾਰੀ ਡਿਊਟੀ ’ਚ ਵਾਧੇ ਨਾਲ ਪੈਟਰੋਲ, ਡੀਜ਼ਲ ਮਹਿੰਗੇ

  • ਵਾਧੇ ਨਾਲ ਪਰਚੂਨ ਤੇਲ ਕੀਮਤਾਂ ’ਤੇ ਨਹੀਂ ਪਵੇਗਾ ਕੋਈ ਅਸਰ

  • ਸਰਕਾਰ ਇਕੱਠਾ ਕਰੇਗੀ 39,000 ਕਰੋੜ ਰੁਪਏ ਵਾਧੂ ਮਾਲੀਆ

  • ਤੇਲ ’ਤੇ ਆਬਕਾਰੀ ਡਿਊਟੀ ਵਧਾਉਣ ’ਤੇ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਵਲੋਂ ਸਰਕਾਰ ’ਤੇ ਹਮਲੇ

 

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸ਼ਨਿੱਚਰਵਾਰ ਨੂੰ ਪੈਟਰੋਲ ਅਤੇ ਡੀਜ਼ਲ ’ਤੇ ਤਿੰਨ ਰੁਪਏ ਪ੍ਰਤੀ ਲਿਟਰ ਆਬਕਾਰੀ ਡਿਊਟੀ ਦਾ ਸਿੱਧਾ ਵਾਧਾ ਕੀਤਾ ਹੈ, ਜਿਸ ਨਾਲ ਕਰੀਬ 39,000 ਕਰੋੜ ਰੁਪਏ ਦਾ ਵਾਧੂ ਮਾਲੀਆ ਇਕੱਠਾ ਹੋਵੇਗਾ। ਕੇਂਦਰ ਸਰਕਾਰ ਵਲੋਂ ਇਸ ਵਾਰ ਵੀ ਕੌਮਾਂਤਰੀ ਤੇਲ ਕੀਮਤਾਂ ਵਿੱਚ ਆਈ ਮੰਦੀ ਦਾ ਲਾਹਾ ਲੋਕਾਂ ਨੂੰ ਨਾ ਦੇ ਕੇ ਆਪਣੀ 2014-15 ਵਾਲੀ ਕਾਰਵਾਈ ਨੂੰ ਦੁਹਰਾਇਆ ਗਿਆ ਹੈ। ਅਧਿਕਾਰੀਆਂ ਦਾ ਦੱਸਣਾ ਹੈ ਕਿ ਇਸ ਟੈਕਸ ਦਾ ਪੈਟਰੋਲ ਅਤੇ ਡੀਜ਼ਲ ਦੀਆਂ ਪਰਚੂਨ ਕੀਮਤਾਂ ’ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਸੂਬਾ ਸਰਕਾਰਾਂ ਦੀ ਮਾਲਕੀ ਵਾਲੀਆਂ ਤੇਲ ਕੰਪਨੀਆਂ ਕੌਮਾਂਤਰੀ ਤੇਲ ਕੀਮਤਾਂ ਵਿੱਚ ਤਾਜ਼ਾ ਮੰਦੀ ਅਨੁਸਾਰ ਆਪਣੇ ਟੈਕਸ ਘਟਾਉਣਗੀਆਂ। ਕੌਮਾਂਤਰੀ ਮਾਰਕੀਟ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਨੇੜ ਭਵਿੱਖ ਵਿੱਚ ਹੋਰ ਵੀ ਘਟਣ ਦੀ ਸੰਭਾਵਨਾ ਹੈ। ਅਸਿੱਧੇ ਕਰਾਂ ਅਤੇ ਕਸਟਮਜ਼ ਦੇ ਕੇਂਦਰੀ ਬੋਰਡ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪੈਟਰੋਲ ’ਤੇ ਵਿਸ਼ੇਸ਼ ਆਬਕਾਰੀ ਡਿਊਟੀ ਦੋ ਰੁਪਏ ਤੋਂ ਵਧਾ ਕੇ ਅੱਠ ਰੁਪਏ ਪ੍ਰਤੀ ਲਿਟਰ ਕਰ ਦਿੱਤੀ ਗਈ ਹੈ ਜਦਕਿ ਡੀਜ਼ਲ ’ਤੇ ਦੋ ਰੁਪਏ ਤੋਂ ਵਧਾ ਕੇ ਚਾਰ ਰੁਪਏ ਪ੍ਰੀਤ ਲਿਟਰ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰੋਡ ਸੈੱਸ ਵੀ ਪੈਟਰੋਲ ਅਤੇ ਡੀਜ਼ਲ ’ਤੇ ਇੱਕ ਰੁਪਏ ਪ੍ਰਤੀ ਲਿਟਰ ਦੇ ਹਿਸਾਬ ਨਾਲ ਵਧਾ ਕੇ 10 ਰੁਪਏ ਪ੍ਰਤੀ ਲਿਟਰ ਕਰ ਦਿੱਤਾ ਗਿਆ ਹੈ। ਇਸ ਨਾਲ ਪੈਟਰੋਲ ’ਤੇ ਆਬਕਾਰੀ ਡਿਊਟੀ ਵਧ ਕੇ 22.98 ਰੁਪਏ ਪ੍ਰਤੀ ਲਿਟਰ ਹੋ ਗਈ ਹੈ ਅਤੇ ਡੀਜ਼ਲ ’ਤੇ 18.83 ਰੁਪਏ ਪ੍ਰਤੀ ਲਿਟਰ ਹੋ ਗਈ ਹੈ। ਦੱਸਣਯੋਗ ਕਿ 2014 ਵਿੱਚ ਜਦੋਂ ਮੋਦੀ ਸਰਕਾਰ ਬਣੀ ਸੀ ਉਦੋਂ ਪੈਟਰੋਲ ’ਤੇ ਟੈਕਸ 9.48 ਰੁਪਏ ਪ੍ਰਤੀ ਲਿਟਰ ਸੀ ਅਤੇ ਡੀਜ਼ਲ ’ਤੇ ਟੈਕਸ 3.56 ਰੁਪਏ ਪ੍ਰਤੀ ਲਿਟਰ ਸੀ।
ਅਧਿਕਾਰੀਆਂ ਦਾ ਦੱਸਣਾ ਹੈ ਕਿ ਆਬਕਾਰੀ ਡਿਊਟੀ ਵਿੱਚ ਵਾਧੇ ਨਾਲ ਸਰਕਾਰ ਦੇ ਮਾਲੀਏ ਵਿੱਚ 39,000 ਕਰੋੜ ਰੁਪਏ ਦਾ ਸਾਲਾਨਾ ਵਾਧਾ ਹੋਵੇਗਾ। ਇਸ ਵਿੱਤੀ ਵਰ੍ਹੇ ਦੇ ਬਾਕੀ ਬਚੇ ਤਿੰਨ ਹਫ਼ਤਿਆਂ ਦੌਰਾਨ ਦੋ ਹਜ਼ਾਰ ਕਰੋੜ ਰੁਪਏ ਤੋਂ ਕੁਝ ਘੱਟ ਦਾ ਫ਼ਾਇਦਾ ਹੋਵੇਗਾ।

Previous articleNIA court: Enough proof against Yasin Malik, others in terror case
Next articleਕਰੋਨਾਵਾਇਰਸ ਕੌਮੀ ਆਫ਼ਤ ਐਲਾਨਿਆ