ਚੰਡੀਗੜ੍ਹ (ਸਮਾਜਵੀਕਲੀ) : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ’ਚ ਦੋ ਹੋਰ ਕਰੋਨਾ ਪੀੜਤਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 101 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਮੁਤਾਬਕ ਇਹ ਦੋਵੇਂ ਮੌਤਾਂ ਲੁਧਿਆਣਾ ’ਚ ਹੋਈਆਂ ਹਨ।
ਸੂਬੇ ਵਿੱਚ ਲੰਘੇ 24 ਘੰਟਿਆਂ ਦੌਰਾਨ 177 ਨਵੇਂ ਮਾਮਲੇ ਆਊਣ ਨਾਲ ਕੇਸਾਂ ਦੀ ਗਿਣਤੀ 4235 ਹੋ ਗਈ ਹੈ। ਸਭ ਤੋਂ ਵੱਧ ਕੇਸ ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਵਿੱਚ ਸਾਹਮਣੇ ਆ ਰਹੇ ਹਨ। ਜਲੰਧਰ ’ਚ 46, ਲੁਧਿਆਣਾ ’ਚ 34 ਤੇ ਅੰਮ੍ਰਿਤਸਰ ਵਿੱਚ 28 ਸੱਜਰੇ ਮਾਮਲੇ ਸਾਹਮਣੇ ਆਏ ਹਨ। ਸੰਗਰੂਰ ਸੂਬੇ ਦੇ ਚੌਥਾ ਅਜਿਹਾ ਜ਼ਿਲ੍ਹਾ ਹੈ ਜਿੱਥੇ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਪਿਛਲੇ ਦਿਨਾਂ ਦੌਰਾਨ ਜ਼ਿਆਦਾ ਵਧੀ ਹੈ। ਲੰਘੇ 24 ਘੰਟਿਆਂ ਦੌਰਾਨ ਵੀ ਇਸ ਜ਼ਿਲ੍ਹੇ ’ਚ 15 ਨਵੇਂ ਮਾਮਲੇ ਸਾਹਮਣੇ ਆਏ ਹਨ।
ਫਾਜ਼ਿਲਕਾ ’ਚ 13, ਪਠਾਨਕੋਟ ਵਿੱਚ 7, ਫਿਰੋਜ਼ਪੁਰ ਵਿੱਚ 7, ਪਟਿਆਲਾ ਵਿੱਚ 5, ਬਠਿੰਡਾ ਵਿੱਚ 4, ਫਰੀਦਕੋਟ ਅਤੇ ਮੁਕਤਸਰ ਵਿੱਚ 3-3, ਮੁਹਾਲੀ, ਨਵਾਂਸ਼ਹਿਰ, ਤਰਨ ਤਾਰਨ, ਗੁਰਦਾਸਪੁਰ, ਫਤਹਿਗੜ੍ਹ ਸਾਹਿਬ 2-2, ਕਪੂਰਥਲਾ ਅਤੇ ਮੋਗਾ ਵਿੱਚ 1-1 ਨਵਾਂ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਵਿੱਚ 2825 ਵਿਅਕਤੀ ਠੀਕ ਹੋਏ ਹਨ ਤੇ 1309 ਵਿਅਕਤੀ ਇਲਾਜ ਅਧੀਨ ਹਨ।