ਪਟਿਆਲਾ (ਸਮਾਜ ਵੀਕਲੀ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਕਿਸਾਨ ਅੰਦੋਲਨ ਕਾਰਨ ਅਗਲੇ ਦੋ-ਚਾਰ ਦਿਨਾਂ ਤੱਕ ਪੰਜਾਬ ਬਿਜਲੀ ਤੋਂ ਵਾਂਝਾ ਹੋ ਜਾਏਗਾ। ਇਥੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਉਦਘਾਟਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਕੋਲੇ ਦੀ ਤੋਟ ਕਾਰਨ ਪੰਜਾਬ ਵਿੱਚ ਹੁਣ ਸਿਰਫ਼ ਇੱਕ ਥਰਮਲ ਪਲਾਂਟ ਹੀ ਚੱਲ ਰਹਿ ਹੈ ਤੇ ਜਦੋਂ ਉਹ ਬੰਦ ਹੋ ਗਿਆ ਤਾਂ ਸੂਬੇ ’ਚ ਬਿਜਲੀ ਗੁੱਲ ਹੋ ਜਾਏਗੀ।
ਉਨ੍ਹਾਂ ਸਪਸ਼ਟ ਕੀਤਾ ਕਿ ਰਾਜ ਕੋਲ ਨੈਸ਼ਨਲ ਗਰਿੱਡਡ ਪਾਸੋਂ ਵੀ ਬਿਜਲੀ ਖਰੀਦਣ ਲਈ ਪੈਸਾ ਨਹੀਂ ਹੈ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਨਾਲ ਪੰਜਾਬ ਦਾ ਹੀ ਨੁਕਸਾਨ ਹੋ ਰਿਹਾ ਹੈ, ਜਦੋਂ ਕਿ ਪੰਜਾਬ ਦੀ ਲੜਾਈ ਕੇਂਦਰ ਸਰਕਾਰ ਨਾਲ ਹੈ। ਕਿਸਾਨ ਜਥੇਬੰਦੀਆਂ ਨੂੰ ਪੰਜਾਬ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਮੁੜ ਪੰਜਾਬ ਦੇ ਹਿੱਤਾਂ ਬਾਰੇ ਸੋਚਣ ਦੀ ਅਪੀਲ ਵੀ ਕੀਤੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਪਟਿਆਲਾ ਵਿਖੇ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਅਕਾਦਮਿਕ ਕੈਂਪਸ ਦਾ ਨੀਂਹ ਪੱਥਰ ਰੱਖਿਆ। 500 ਕਰੋੜ ਰੁਪਏ ਨਾਲ ਬਣਨ ਵਾਲੀ ਇਸ ਖੇਡ ਸਸਥਾ ਦੀ ਸ਼ੁਰੂਆਤ ਸਾਲ ਪਹਿਲਾਂ ਪਟਿਆਲਾ ਵਿਖੇ ਹੋ ਗਈ ਸੀ। ਮੁੱਖ ਮੰਤਰੀ ਨੇ ਯੂਨੀਵਰਸਿਟੀ ਦੇ ਪਹਿਲੇ ਫੇਜ ਦੀ ਉਸਾਰੀ ਵਾਸਤੇ 150 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਆਖਿਆ ਕਿ ਇਸ ਯੂਨੀਵਰਸਿਟੀ ਨੂੰ ਖੇਡਾਂ ਦੇ ਲਿਹਾਜ਼ ਤੋਂ ਵਿਲੱਖਣ ਯੂਨੀਵਰਸਿਟੀ ਵਜੋਂ ਸਥਾਪਤ ਕਰਨ ਦਾ ਪੰਜਾਬ ਸਰਕਾਰ ਦਾ ਇਰਾਦਾ ਹੈ।