ਪੰਜਾਬ ’ਚ ਹੁਣ ਕਰਫਿਊ ਦੌਰਾਨ ਖੁਰਾਕੀ ਵਸਤਾਂ ਦੇ ਭਾਅ ਨੇ ਤੇਜ਼ੀ ਫੜ ਲਈ ਹੈ ਅਤੇ ਵਪਾਰੀ ਤਬਕਾ ਹੱਥ ਰੰਗਣ ਲੱਗ ਪਿਆ ਹੈ। ਛੋਟੇ-ਵੱਡੇ ਸ਼ਹਿਰਾਂ ’ਚ ਕਾਲਾਬਾਜ਼ਾਰੀ ਤੇ ਮੁਨਾਫਾਖੋਰੀ ਦੇ ਰਾਹ ਮੋਕਲੇ ਹੋਏ ਹਨ ਅਤੇ ਆਮ ਲੋਕਾਂ ਦੀ ਜੇਬ ਨੂੰ ਔਖੀ ਘੜੀ ’ਚ ਕੁੰਡੀ ਲੱਗਣ ਲੱਗੀ ਹੈ। ਪੰਜਾਬ ਸਰਕਾਰ ਦੀ ਸਖ਼ਤੀ ਕਿਧਰੇ ਦਿਖਦੀ ਨਹੀਂ ਅਤੇ ਥੋਕ ਵਪਾਰੀ ਕਰਫਿਊ ਦਾ ਫਾਇਦਾ ਚੁੱਕ ਰਹੇ ਹਨ। ਇਸੇ ਮਾਰੋ-ਮਾਰੀ ਵਿਚ ਪਰਚੂਨ ਦੁਕਾਨਦਾਰ ਵੀ ਗਾਹਕਾਂ ਦੀ ਜੇਬ ਢਿੱਲੀ ਕਰ ਰਹੇ ਹਨ।
ਵੇਰਵਿਆਂ ਅਨੁਸਾਰ ਪੰਜਾਬ ਵਿਚ ਦਾਲਾਂ, ਗੁੜ, ਖੰਡ, ਆਟਾ, ਬਨਸਪਤੀ ਘਿਓ ਅਤੇ ਸਰ੍ਹੋਂ ਦੇ ਤੇਲ ਦੇ ਭਾਅ ਸਿਖਰਾਂ ਵੱਲ ਜਾਣ ਲੱਗ ਪਏ ਹਨ। ਥੋਕ ਵਿਚ ਖੰਡ ਦਾ ਭਾਅ 225 ਰੁਪਏ ਤੋਂ 300 ਰੁਪਏ ਪ੍ਰਤੀ ਕੁਇੰਟਲ ਤੱਕ ਵਧ ਗਿਆ ਹੈ ਜਦੋਂ ਕਿ ਦਾਲਾਂ ਵਿਚ 15 ਤੋਂ 20 ਰੁਪਏ ਪ੍ਰਤੀ ਕਿਲੋ ਦੀ ਤੇਜ਼ੀ ਆਈ ਹੈ। ਬਨਸਪਤੀ ਘਿਓ ਅਤੇ ਸਰ੍ਹੋਂ ਦੇ ਤੇਲ ਵਿਚ ਚਾਰ ਤੋਂ ਪੰਜ ਰੁਪਏ ਪ੍ਰਤੀ ਲਿਟਰ ਦਾ ਵਾਧਾ ਹੋਇਆ ਹੈ। ਆਟੇ ਦੇ ਭਾਅ ਵਿਚ ਵੀ ਪ੍ਰਤੀ ਥੈਲੀ (10 ਕਿਲੋ) 45 ਰੁਪਏ ਵਾਧਾ ਹੋਇਆ ਹੈ। ਇੰਜ ਹੀ ਰਿਹਾ ਤਾਂ ਆਉਂਦੇ ਦਿਨਾਂ ਵਿਚ ਖੁਰਾਕੀ ਵਸਤਾਂ ਗਾਹਕਾਂ ਦੀ ਪਹੁੰਚ ’ਚੋਂ ਬਾਹਰ ਹੋ ਜਾਣਗੀਆਂ। ਗਾਹਕਾਂ ਵਿਚ ਹਫ਼ੜਾ-ਦਫ਼ੜੀ ਮਚੀ ਹੋਈ ਹੈ ਅਤੇ ਸਭਨਾਂ ਨੂੰ ਵਸਤਾਂ ਮੁੱਕਣ ਦਾ ਡਰ ਹੈ।
ਤੈਰਵੀਂ ਨਜ਼ਰ ਮਾਰੀਏ ਤਾਂ ਦੇਸ਼ ਵਿਚ ਦਾਲਾਂ ਦੀ 25 ਫੀਸਦੀ ਪੈਦਾਵਾਰ ਮੱਧ ਪ੍ਰਦੇਸ਼, 17 ਫੀਸਦੀ ਮਹਾਰਾਸ਼ਟਰ ਅਤੇ 13 ਫੀਸਦੀ ਰਾਜਸਥਾਨ ਵਿਚ ਹੁੰਦੀ ਹੈ। ਦੇਸ਼ ’ਚ ਮਸਰ ਦਾਲ ਦੀ 85 ਫੀਸਦੀ ਪੂਰਤੀ ਮੱਧ ਪ੍ਰਦੇਸ਼, ਯੂਪੀ ਅਤੇ ਬਿਹਾਰ ਕਰਦਾ ਹੈ। ਪੰਜਾਬ ’ਚ ਪ੍ਰਤੀ ਵਿਅਕਤੀ ਪ੍ਰਤੀ ਦਿਨ ਖਪਤ 29.93 ਗਰਾਮ ਹੈ। ਦੇਸ਼ ’ਚੋਂ ਪੰਜਾਬ ਚੌਥੇ ਨੰਬਰ ’ਤੇ ਹੈ ਜਿਥੇ ਪ੍ਰਤੀ ਵਿਅਕਤੀ ਪ੍ਰਤੀ ਦਿਨ ਦਾਲਾਂ ਦੀ ਖਖਤ ਜ਼ਿਆਦਾ ਹੈ। ਟਰੱਕਾਂ ਦੀ ਆਵਾਜਾਈ ਰੁਕਣ ਕਰਕੇ ਦੂਸਰੇ ਸੂਬਿਆਂ ’ਚੋਂ ਦਾਲਾਂ ਨਹੀਂ ਆ ਰਹੀਆਂ ਹਨ।
‘ਪੰਜਾਬੀ ਟ੍ਰਿਬਿਊਨ’ ਵੱਲੋਂ ਜੋ ਜਾਇਜ਼ਾ ਲਿਆ ਗਿਆ ਹੈ, ਉਹ ਗਾਹਕਾਂ ਦੀ ਹੁੰਦੀ ਬਾਜ਼ਾਰੂ ਲੁੱਟ ਅਤੇ ਸਰਕਾਰਾਂ ਦੀਆਂ ਬੰਦ ਅੱਖਾਂ ਦੀ ਗਵਾਹੀ ਭਰਦਾ ਹੈ। ਬਟਾਲਾ ਦੇ ਖੋਸਲਾ ਕਰਿਆਨਾ ਸਟੋਰ ਦੇ ਮਾਲਕ ਸੰਜੀਵ ਖੋਸਲਾ ਨੇ ਸਪੱਸ਼ਟ ਆਖਿਆ ਕਿ ਥੋਕ ਕਾਰੋਬਾਰੀਆਂ ਨੇ ਭਾਅ ਚੁੱਕ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਥੋਕ ਵਿਚ ਹੁਣ ਚੀਨੀ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਵਧ ਗਿਆ ਹੈ। 5150 ਰੁਪਏ ਪ੍ਰਤੀ ਕੁਇੰਟਲ ਵਾਲੀ ਦਾਲ ਹੁਣ 6500 ਰੁਪਏ ਮਿਲਣ ਲੱਗੀ ਹੈ। ਇਸੇ ਤਰ੍ਹਾਂ ਆਟੇ ਦੀ ਦਸ ਕਿਲੋ ਵਾਲੀ ਥੈਲੀ ਦਾ ਭਾਅ 235 ਤੋਂ 280 ਰੁਪਏ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ 25 ਫੀਸਦੀ ਭਾਅ ਵਧ ਗਏ ਹਨ। ਮੋਗਾ ਦੀ ‘ਕਸਤੂਰੀ ਲਾਲ ਵਿਜੇ ਕੁਮਾਰ ਫਰਮ’ ਦੇ ਰਣਬੀਰ ਅਰੋੜਾ ਨੇ ਇਸ ’ਤੇ ਮੋਹਰ ਲਾਈ ਕਿ ਥੋਕ ਕਾਰੋਬਾਰ ’ਚ ਜੋ ਭੰਡਾਰ ਪਏ ਹਨ, ਉਨ੍ਹਾਂ ਦੇ ਭਾਅ ਇੱਕਦਮ ਵਧੇ ਹਨ। ਉਨ੍ਹਾਂ ਦੱਸਿਆ ਕਿ ਦਾਲਾਂ ਵਿਚ 10 ਤੋਂ 15 ਰੁਪਏ ਪ੍ਰਤੀ ਕਿਲੋ ਅਤੇ ਖੰਡ 225 ਰੁਪਏ ਪ੍ਰਤੀ ਕੁਇੰਟਲ ਵਧ ਗਈ ਹੈ। ਉਨ੍ਹਾਂ ਆਖਿਆ ਕਿ ਜੇਕਰ ਕਰਫਿਊ ’ਚ 14 ਅਪਰੈਲ ਤੋਂ ਬਾਅਦ ਹੋਰ ਵਾਧਾ ਹੁੰਦਾ ਹੈ ਤਾਂ ਖੁਰਾਕੀ ਵਸਤਾਂ ਦੇ ਭਾਅ ਪਹੁੰਚ ਤੋਂ ਬਾਹਰ ਹੋ ਜਾਣਗੇ। ਇਹੋ ਗੱਲ ਗਿੱਦੜਬਾਹਾ ਦੇ ‘ਸ੍ਰੀ ਲਾਲ ਜੀ ਸੇਲਜ਼ ਕਾਰਪੋਰੇਸ਼ਨ’ ਦੇ ਓਜਸ ਕਟਾਰੀਆ ਨੇ ਆਖੀ। ਉਨ੍ਹਾਂ ਕਿਹਾ ਕਿ ਪਿੱਛੋਂ ਸਪਲਾਈ ਬੰਦ ਹੋ ਗਈ ਹੈ ਜਿਸ ਕਰਕੇ ਬਨਸਪਤੀ ਘਿਓ ਪੰਜ ਰੁਪਏ ਲਿਟਰ ਵਧ ਗਿਆ ਹੈ।
HOME ਪੰਜਾਬ ’ਚ ਖੁਰਾਕੀ ਵਸਤਾਂ ਦੇ ਭਾਅ ਅਸਮਾਨੀਂ ਚੜ੍ਹੇ