ਚੰਡੀਗੜ੍ਹ (ਸਮਾਜ ਵੀਕਲੀ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਵਿਚ ਕੋਵਿਡ ਬੰਦਿਸ਼ਾਂ ਨੂੰ ਕੁਝ ਛੋਟਾਂ ਨਾਲ 15 ਜੂਨ ਤੱਕ ਵਧਾ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਕੋਵਿਡ-19 ਕੇਸਾਂ ਵਿੱਚ ਕਟੌਤੀ ਇਸੇ ਤਰ੍ਹਾਂ ਜਾਰੀ ਰਹੀ ਤਾਂ ਆਉਂਦੇ ਦਿਨਾਂ ਵਿਚ ਹੋਰ ਛੋਟਾਂ ਦੇਣ ਬਾਰੇ ਫੈਸਲਾ ਕੀਤਾ ਜਾ ਸਕਦਾ ਹੈ। ਇਸ ਦੌਰਾਨ ਕਰੋਨਾ ਮਹਾਮਾਰੀ ਦੀ ਸੰਭਾਵੀ ਤੀਜੀ ਲਹਿਰ ਦੇ ਟਾਕਰੇ ਲਈ ਤਿਆਰੀਆਂ ਸਬੰਧੀ ਵਿਆਪਕ ਕਾਰਜ ਯੋਜਨਾ ਨੂੰ ਵੀ ਅਮਲੀ ਰੂਪ ਦਿੱਤਾ ਗਿਆ। ਮੁੱਖ ਮੰਤਰੀ ਨੇ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਕੋਵਿਡ ਮਹਾਮਾਰੀ ਖਿਲਾਫ਼ ਲੜ ਰਹੇ ਮੈਡੀਕਲ ਕਾਲਜ ਫੈਕਲਟੀਜ਼ ਦੀਆਂ ਰੱਦ ਕੀਤੀਆਂ ਛੁੱਟੀਆਂ ਦੇ ਬਦਲੇ ਕਮਾਈ ਛੁੱਟੀ ਦਾ ਪੂਰਾ ਲਾਭ ਦੇਣ ਦਾ ਐਲਾਨ ਕੀਤਾ ਹੈ। ਅੱਜ ਐਲਾਨੀਆਂ ਨਵੀਆਂ ਛੋਟਾਂ ਤਹਿਤ ਪੰਜਾਬ ਵਿਚ ਹੁਣ ਸ਼ਾਮ ਛੇ ਵਜੇ ਤੱਕ ਦੁਕਾਨਾਂ ਖੋਲ੍ਹਣ ਤੇ ਪ੍ਰਾਈਵੇਟ ਦਫ਼ਤਰ 50 ਫੀਸਦੀ ਸਮਰੱਥਾ ਨਾਲ ਚਲਾਉਣ ਦੀ ਖੁੱਲ੍ਹ ਹੋਵੇਗੀ।
ਇਵੇਂ ਹੀ ਰਾਤ ਦਾ ਕਰਫਿਊ ਸ਼ਨਿੱਚਰਵਾਰ ਸਮੇਤ ਹਫਤੇ ਦੇ ਦਿਨਾਂ ਵਿੱਚ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਲਾਗੂ ਰਹੇਗਾ। ਐਤਵਾਰ ਨੂੰ ਨਿਯਮਤ ਹਫਤਾਵਾਰੀ ਕਰਫਿਊ ਪਹਿਲਾਂ ਵਾਂਗ ਜਾਰੀ ਰਹੇਗਾ। ਮੁੱਖ ਮੰਤਰੀ ਨੇ ਕੋਵਿਡ-19 ਦੇ ਸਰਗਰਮ ਕੇਸਾਂ ਦੀ ਗਿਣਤੀ ਘਟਣ ਦੇ ਮੱਦੇਨਜ਼ਰ ਵਿਆਹ ਅਤੇ ਸਸਕਾਰ ਸਮੇਤ ਇਕੱਠਾਂ ਵਿੱਚ 20 ਵਿਅਕਤੀਆਂ ਦੀ ਸ਼ਮੂਲੀਅਤ ਦੀ ਇਜਾਜ਼ਤ ਦੇ ਦਿੱਤੀ ਹੈ। ਸੂਬੇ ਵਿੱਚ ਆਉਣ ਵਾਲਿਆਂ ਲਈ ਦਾਖ਼ਲੇ ਦੀਆਂ ਰੋਕਾਂ (ਨੈਗੇਟਿਵ ਕੋਵਿਡ ਟੈਸਟ/ਟੀਕਾਕਰਨ) ਨੂੰ ਖਤਮ ਕਰ ਦਿੱਤਾ ਗਿਆ ਹੈ।
ਇਸ ਤੋਂ ਇਲਾਵਾ ਭਰਤੀ ਪ੍ਰੀਖਿਆਵਾਂ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ ਅਤੇ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਲਈ ਖੇਡ ਸਿਖਲਾਈ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਕਰੋਨਾ ਹਾਲਾਤ ਦੀ ਵਰਚੁਅਲ ਸਮੀਖਿਆ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਹਾ ਕਿ ਸਥਾਨਕ ਹਾਲਾਤ ਮੁਤਾਬਕ ਵੀਕਐੱਂਡ ਸਮੇਤ ਹੋਰਨਾਂ ਦਿਨਾਂ ਦੌਰਾਨ ਗੈਰ-ਜ਼ਰੂਰੀ ਦੁਕਾਨਾਂ ਖੋਲ੍ਹਣੀਆਂ ਨਿਰਧਾਰਿਤ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕੋਵਿਡ ਹਾਲਾਤ ਵਿਚ ਸੁਧਾਰ ਹੋਣ ਦੀ ਸੂਰਤ ਵਿਚ ਇਕ ਹਫਤੇ ਬਾਅਦ ਜਿਮ ਅਤੇ ਰੈਸਟੋਰੈਂਟ 50 ਫੀਸਦੀ ਸਮਰੱਥਾ ਨਾਲ ਖੋਲ੍ਹੇ ਜਾ ਸਕਣਗੇ। ਜਿਮ ਅਤੇ ਰੈਸਟੋਰੈਂਟ ਖੋਲ੍ਹਣ ਤੋਂ ਪਹਿਲਾਂ ਮਾਲਕਾਂ ਤੇ ਕਾਮਿਆਂ ਨੂੰ ਟੀਕਾਕਰਨ ਕਰਾਉਣਾ ਹੋਵੇਗਾ।
ਮੁੱਖ ਮੰਤਰੀ ਨੇ ਅੱਜ ਬੱਚਿਆਂ ਦੇ ਇਲਾਜ ਲਈ ਪ੍ਰੋਟੋਕਾਲ ਆਦਿ ਤਿਆਰ ਕਰਨ ਲਈ ਬੱਚਿਆਂ ਦੇ ਮਾਹਿਰਾਂ ਦੇ ਗਰੁੱਪ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਸਰਕਾਰੀ ਮੈਡੀਕਲ ਕਾਲਜਾਂ ਵਿਚ ਘੱਟੋ-ਘੱਟ ਤਿੰਨ ਦਿਨ ਲਈ ਆਕਸੀਜਨ ਲਈ ਭੰਡਾਰ ਸਮਰੱਥਾ ਪੈਦਾ ਕਰਨ ਅਤੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਪਾਈਪਡ ਆਕਸੀਜਨ ਉਪਲੱਬਧ ਕਰਵਾਉਣ ਦੇ ਆਦੇਸ਼ ਦਿੱਤੇ। ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਨਹਿਰੀ ਪਾਣੀ ਉਤੇ ਆਧਾਰਿਤ ਜਲ ਸਪਲਾਈ ਪ੍ਰਾਜੈਕਟ ਲਈ ਵਿਸ਼ਵ ਬੈਂਕ ਦੇ ਕਰਜ਼ੇ ਦੇ ਇਵਜ਼ ਵਿਚ ਅੱਜ 500 ਆਕਸੀਜਨ ਕੰਸਨਟਰੇਟਰ ਪ੍ਰਾਪਤ ਹੋ ਚੁੱਕੇ ਹਨ ਜਦਕਿ 2500 ਹੋਰ ਆ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly